- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖਾੜੀ ਦੇਸ਼ਾਂ ’ਚ ਜੰਗ ਦਾ ਅਸਰ, ਬਜ਼ਾਰ ਵਿੱਚੋਂ ਨਹੀਂ ਮਿਲ ਰਹੇ ਇੰਡਕਸ਼ਨ ਚੁੱਲ੍ਹੇ, ਇਨਫਰਾਰੈਡ ਕੂਕਰ ਦੀ ਗਾਇਬ ਹੋਣ ਲੱਗਾ

-ਵਪਾਰਕ ਗੈਸ ਨਾ ਮਿਲਣ ਕਾਰਨ ਕਈਆਂ ਦਾ ਕੰਮ ਪ੍ਰਭਾਵਿਤ, ਢਾਬੇ ਤੇ ਰੇਹੜੀਆਂ ਵਾਲੇ ਵੀ ਪਰੇਸ਼ਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਖਾੜੀ ਦੇਸ਼ਾਂ ’ਚ ਜਾਰੀ ਤਣਾਅ ਤੇ ਜੰਗੀ ਹਾਲਾਤ ਦਾ ਅਸਰ ਹੁਣ ਸਥਾਨਕ ਬਜ਼ਾਰਾਂ ’ਤੇ ਵੀ ਸਾਫ਼ ਨਜ਼ਰ ਆਉਣ ਲੱਗਾ ਹੈ। ਖਾਸ ਕਰਕੇ ਗੈਸ ਦੀ ਕਮੀ ਨੇ ਆਮ ਲੋਕਾਂ ਤੇ ਛੋਟੇ ਵਪਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਗੈਸ ਨਾ ਮਿਲਣ ਕਾਰਨ ਲੋਕਾਂ ਨੇ ਆਪਣਾ ਰੁਖ ਬਿਜਲੀ ਨਾਲ ਚੱਲਣ ਵਾਲੇ ਉਪਰਕਨਾਂ ਵੱਲ ਕੀਤਾ ਹੈ, ਪਰ ਹਾਲਾਤ ਇਹ ਹਨ ਕਿ ਅਜਿਹੇ ਉਪਕਰਨ ਵੀ ਹੁਣ ਬਾਜ਼ਾਰ ਵਿੱਚੋਂ ਕਿਸੇ ਰੇਟ ’ਤੇ ਨਹੀਂ ਮਿਲ ਰਹੇ। ਬਾਜ਼ਾਰ ਵਿੱਚ ਇੰਡਕਸ਼ਨ ਚੁੱਲ੍ਹਿਆਂ ਅਤੇ ਇਨਫ੍ਰਾਰੈਡ ਕੂਕਰਾਂ ਦੀ ਕਮੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ, ਜਦਕਿ ਵਪਾਰਕ ਗੈਸ ਨਾ ਮਿਲਣ ਕਾਰਨ ਛੋਟੇ ਢਾਬਿਆਂ ਅਤੇ ਰੇਹੜੀ-ਫੜੀ ਵਾਲਿਆਂ ਦਾ ਕੰਮ-ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਕਾਰਨ ਗੈਸ ਸਪਲਾਈ ਅਤੇ ਹੋਰ ਜ਼ਰੂਰੀ ਸਾਮਾਨ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸਦਾ ਸਿੱਧਾ ਅਸਰ ਭਾਰਤ ਦੇ ਸਥਾਨਕ ਬਾਜ਼ਾਰਾਂ ’ਤੇ ਪਿਆ ਹੈ। ਵਪਾਰਕ ਗੈਸ ਦੀ ਕਮੀ ਕਾਰਨ ਹੋਟਲਾਂ, ਢਾਬਿਆਂ ਅਤੇ ਛੋਟੇ ਖਾਣ-ਪੀਣ ਦੇ ਕਾਰੋਬਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਪਾਰਕ ਗੈਸ ਸਿਲੰਡਰ ਨਾ ਮਿਲਣ ਕਾਰਨ ਕਈਆਂ ਨੇ ਤਾਂ ਆਪਣਾ ਕੰਮ ਅਸਥਾਈ ਤੌਰ ’ਤੇ ਬੰਦ ਵੀ ਕਰ ਦਿੱਤਾ ਹੈ। ਇਸ ਸਥਿਤੀ ਵਿਚ ਬਿਜਲੀ ’ਤੇ ਚੱਲਣ ਵਾਲੇ ਇੰਡਕਸ਼ਨ ਚੁੱਲ੍ਹੇ ਇਕ ਵਧੀਆ ਵਿਕਲਪ ਵਜੋਂ ਸਾਹਮਣੇ ਆਏ ਸਨ, ਪਰ ਹੁਣ ਇਹ ਵੀ ਬਾਜ਼ਾਰ ਵਿੱਚੋਂ ਗਾਇਬ ਹੋਣ ਲੱਗੇ ਹਨ। ਪਹਿਲਾਂ ਜਿਹੜਾ ਇੰਡਕਸ਼ਨ ਚੁੱਲ੍ਹਾ ਲਗਭਗ 1200 ਰੁਪਏ ਵਿਚ ਆਸਾਨੀ ਨਾਲ ਮਿਲ ਜਾਂਦਾ ਸੀ, ਉਸਦੀ ਕੀਮਤ ਵੱਧ ਕੇ 1800 ਤੋਂ 2000 ਰੁਪਏ ਤਕ ਪਹੁੰਚ ਗਈ ਹੈ। ਕੀਮਤ ਵਧਣ ਦੇ ਬਾਵਜੂਦ ਵੀ ਇਹ ਉਪਲੱਬਧ ਨਹੀਂ ਹੋ ਰਹੇ, ਜਿਸ ਨਾਲ ਗਾਹਕਾਂ ’ਚ ਪਰੇਸ਼ਾਨੀ ਵਧ ਰਹੀ ਹੈ। ਸਿਰਕੀ ਬਾਜ਼ਾਰ ਦੇ ਦੁਕਾਨਦਾਰ ਹਰਮੀਤ ਸਿੰਘ ਦੇ ਮੁਤਾਬਕ ਇੰਡਕਸ਼ਨ ਚੁੱਲ੍ਹਿਆਂ ਦੀ ਮੰਗ ਅਚਾਨਕ ਬਹੁਤ ਵਧ ਗਈ ਹੈ, ਜਦਕਿ ਸਪਲਾਈ ਘੱਟ ਹੋਣ ਕਾਰਨ ਇਹ ਸੰਤੁਲਨ ਵਿਗੜ ਗਿਆ ਹੈ। ਉਨ੍ਹਾਂ ਅਨੁਸਾਰ ਪਿਛਲੇ ਕੁਝ ਹਫ਼ਤਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਹ ਉਪਕਰਨ ਖ਼ਰੀਦਣ ਆ ਰਹੇ ਹਨ, ਪਰ ਸਟਾਕ ਖਤਮ ਹੋਣ ਕਰਕੇ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਹੈ। ਜੇਕਰ ਉਹ ਅੱਗੇ ਤੋਂ ਇੰਡਕਸ਼ਨ ਚੁੱਲ੍ਹਿਆਂ ਦਾ ਆਰਡਰ ਦਿੰਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਅਜੇ ਹੋਰ ਉਡੀਕ ਕਰਨੀ ਪਵੇਗੀ। ਦੁਕਾਨਦਾਰ ਪ੍ਰੇਮ ਕੁਮਾਰ ਦਾ ਕਹਿਣਾ ਸੀ ਕਿ ਗੈਸ ਦੀ ਕਮੀ ਕਾਰਨ ਸ਼ਹਿਰੀ ਲੋਕ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਖਰੀਦ ਰਹੇ ਹਨ ਜਿਸ ਕਾਰਨ ਬਜ਼ਾਰ ਵਿੱਚੋਂ ਹੁਣ ਇੰਡਕਸ਼ਨ ਚੁੱਲ੍ਹੇ ਨਹੀਂ ਮਿਲ ਰਹੇ। ਇੰਡਕਸ਼ਨ ਚੁੱਲ੍ਹਿਆਂ ਦੀ ਕਮੀ ਕਾਰਨ ਇਨਫਰਾਰੈਡ ਕੂਕਰ ਇਕ ਵਿਕਲਪ ਵਜੋਂ ਬਜ਼ਾਰ ਵਿੱਚ ਆਇਆ ਸੀ, ਪਰ ਹੁਣ ਉਹ ਵੀ ਲਗਭਗ ਗਾਇਬ ਹੋ ਗਿਆ ਹੈ। ਇਨਫਰਡ ਕੂਕਰ ਦੀ ਮੰਗ ਵੀ ਤੇਜ਼ੀ ਨਾਲ ਵਧੀ, ਜਿਸ ਕਾਰਨ ਇਹ ਵੀ ਦੁਕਾਨਾਂ ‘ਤੇ ਉਪਲੱਬਧ ਨਹੀਂ ਹੋ ਰਿਹਾ। ਇਸ ਨਾਲ ਸਥਿਤੀ ਹੋਰ ਵੀ ਗੰਭੀਰ ਬਣ ਗਈ ਹੈ।
-ਬਾਕਸ-
ਢਾਬਿਆਂ ਤੇ ਰੇਹੜੀ ਵਾਲਿਆਂ ਨੇ ਕਿਹਾ ਕਿ ਵਪਾਰਕ ਗੈਸ ਨਾ ਮਿਲਣ ਕਾਰਨ ਉਹਨਾਂ ਨੂੰ ਆਪਣਾ ਰੁਜ਼ਗਾਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਕਈ ਲੋਕਾਂ ਨੇ ਕਿਹਾ ਕਿ ਜੇਕਰ ਜਲਦ ਹੀ ਗੈਸ ਜਾਂ ਬਦਲ ਵਾਲੇ ਉਪਕਰਨ ਉਪਲੱਬਧ ਨਾ ਹੋਏ, ਤਾਂ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਸ਼ਹਿਰ ’ਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਚਾਹ, ਪਕੌੜਿਆਂ ਦੀਆਂ ਰੇਹੜੀਆਂ ਲਾ ਕੇ ਆਪਣੇ ਪਰਿਵਾਰ ਦਾ ਗਜ਼ਾਰਾ ਚਲਾ ਰਹੇ ਹਨ, ਪਰ ਹੁਣ ਗੈਸ ਸਿਲੰਡਰ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣਾ ਕੰਮ ਬੰਦ ਕਰਨਾ ਪੈ ਰਿਹਾ ਹੈ। ਸੌ ਫੁੱਟ ਰੋਡ ’ਤੇ ਘੋੜੇ ਚੌਂਕ ਨੇੜੇ ਚਾਹ ਦੀ ਰੇਹੜੀ ਲਗਾਉਣ ਵਾਲੇ ਅਰੁਣ ਨੇ ਜਾਣਕਾਰੀ ਦਿੱਤੀ ਕਿ ਉਹ ਚਾਹ ਵੇਚ ਕੇ ਆਪਣੇ ਪਰਿਵਾਰ ਦਾ ਗਜ਼ਾਰਾ ਚਲਾ ਰਿਹਾ ਹੈ ਪਰ ਹੁਣ ਗੈਸ ਸਿਲੰਡਰ ਨਾ ਮਿਲਣ ਕਾਰਨ ਦੋ ਦਿਨ ਤੋਂ ਉਸਦਾ ਕੰਮ ਬੰਦ ਪਿਆ ਹੈ। ਮਹਿਰਾਂ ਮੰਨਣਾ ਹੈ ਕਿ ਜੇਕਰ ਖਾੜੀ ਦੇਸ਼ਾਂ ਵਿੱਚ ਤਣਾਅ ਲੰਬੇ ਸਮੇਂ ਤਕ ਜਾਰੀ ਰਹਿੰਦਾ ਹੈ, ਤਾਂ ਇਸਦਾ ਅਸਰ ਹੋਰ ਵੀ ਵਧ ਸਕਦਾ ਹੈ। ਨਾ ਸਿਰਫ਼ ਰਸੋਈ ਦੇ ਉਪਕਰਨਾਂ ਦੀ ਕਮੀ ਹੋਵੇਗੀ, ਸਗੋਂ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਥਿਤੀ ਨੂੰ ਸੰਭਾਲਣ ਲਈ ਜ਼ਰੂਰੀ ਕਦਮ ਚੁੱਕੇ ਜਾਣ। ਗੈਸ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਬਾਜ਼ਾਰ ਵਿਚ ਇੰਡਕਸ਼ਨ ਚੁੱਲ੍ਹਿਆਂ ਤੇ ਹੋਰ ਵਿਕਲਪਾਂ ਦੀ ਉਪਲੱਬਧਤਾ ਵਧਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।