- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਦੀ ਵੱਡੀ ਲਾਪਰਵਾਹੀ: ਬਿਜਲੀ ਠੀਕ ਕੀਤੇ ਬਿਨਾਂ ਹੀ ਸਮੱਸਿਆ ਹੱਲ ਹੋਣ ਦੇ ਆ ਰਹੇ ਨੇ ਮੈਸੇਜ

-ਮੀਂਹ ਤੋਂ ਬਾਅਦ ਮੰਗਲਵਾਰ ਨੂੰ ਬਿਜਲੀ ਬੰਦ ਰਹਿਣ ਕਾਰਨ ਲੋਕ ਰਹੇ ਪਰੇਸ਼ਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਪਾਵਰਕਾਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਖ਼ਪਤਕਾਰਾਂ ਦਾ ਦੋਸ਼ ਹੈ ਕਿ ਵਿਭਾਗ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਬਿਨਾਂ ਸਮੱਸਿਆ ਹੱਲ ਕੀਤੇ ਹੀ “ਫਾਲਟ ਠੀਕ ਹੋਣ” ਦਾ ਮੈਸੇਜ ਭੇਜ ਦਿੰਦਾ ਹੈ, ਜਦਕਿ ਹਕੀਕਤ ’ਚ ਲੋਕਾਂ ਦੇ ਘਰਾਂ ਵਿੱਚ ਘੰਟਿਆਂ ਤਕ ਬਿਜਲੀ ਨਹੀਂ ਆਉਂਦੀ। ਇਸ ਲਾਪਰਵਾਹੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਹਾਲਤ ਇਹ ਹਨ ਕਿ ਲੋਕਾਂ ਨੂੰ ਖ਼ੁਦ ਕੋਈ ਪ੍ਰਬੰਧ ਕਰਕੇ ਬਿਜਲੀ ਠੀਕ ਕਰਵਾਉਣੀ ਪੈ ਰਹੀ ਹੈ। ਜਦੋਂ ਵੀ ਬਿਜਲੀ ਬੰਦ ਹੋਣ ’ਤੇ ਉਪਭੋਗਤਾ 1912 ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਉਂਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਸ਼ਿਕਾਇਤ ਨੰਬਰ ਮਿਲ ਜਾਂਦਾ ਹੈ। ਪਰ ਕੁਝ ਹੀ ਸਮੇਂ ਬਾਅਦ ਮੋਬਾਈਲ ’ਤੇ ਇਹ ਮੈਸੇਜ ਵੀ ਆ ਜਾਂਦਾ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਜਦਕਿ ਮੌਕੇ ’ਤੇ ਹਾਲਤ ਜਿਉਂ ਦੀ ਤਿਉਂ ਹੁੰਦੇ ਹਨ ਅਤੇ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਹੁੰਦੀ। ਇਹ ਸਮੱਸਿਆ ਕੋਈ ਨਵੀਂ ਨਹੀਂ, ਸਗੋਂ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਖ਼ਪਤਕਾਰਾਂ ਨੇ ਕਿਹਾ ਕਿ ਵਿਭਾਗ ਸਿਰਫ਼ ਕਾਗਜ਼ਾਂ ’ਚ ਕੰਮ ਦਿਖਾਉਣ ਲਈ ਸ਼ਿਕਾਇਤਾਂ ਨੂੰ ਬੰਦ ਕਰ ਦਿੰਦਾ ਹੈ, ਜਦਕਿ ਅਸਲ ਵਿੱਚ ਫਾਲਟ ਠੀਕ ਹੀ ਨਹੀਂ ਕੀਤੇ ਜਾਂਦੇ। ਇਸ ਕਰਕੇ ਲੋਕਾਂ ਨੂੰ ਵਾਰ-ਵਾਰ ਸ਼ਿਕਾਇਤ ਕਰਨੀ ਪੈਂਦੀ ਹੈ, ਪਰ ਸਮੱਸਿਆ ਦਾ ਕੋਈ ਹੱਲ ਨਹੀਂ ਮਿਲਦਾ।
-ਬਾਕਸ-
ਸਥਿਤੀ ਉਸ ਵੇਲੇ ਹੋਰ ਵੀ ਖਰਾਬ ਹੋ ਗਈ ਜਦੋਂ ਮੰਗਲਵਾਰ ਨੂੰ ਸ਼ਹਿਰ ਵਿੱਚ ਮੀਂਹ ਪਿਆ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵਿਚ ਤਕਨੀਕੀ ਨੁਕਸ ਪੈ ਗਏ ਅਤੇ ਲੰਬੇ ਸਮੇਂ ਤਕ ਸ਼ਹਿਰ ਦੇ ਕਈ ਖੇਤਰਾਂ ਵਿਚ ਬਿਜਲੀ ਗੁਲ ਰਹੀ। ਲੋਕਾਂ ਨੇ ਜਦੋਂ 1912 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਤਾਂ ਉਨ੍ਹਾਂ ਨੂੰ ਸ਼ਿਕਾਇਤ ਨੰਬਰ ਤਾਂ ਮਿਲਿਆ, ਪਰ ਕੁਝ ਹੀ ਦੇਰ ਬਾਅਦ ਸਮੱਸਿਆ ਹੱਲ ਹੋਣ ਦਾ ਮੈਸੇਜ ਵੀ ਆ ਗਿਆ, ਜਦਕਿ ਬਿਜਲੀ ਸਪਲਾਈ ਬਹਾਲ ਨਹੀਂ ਹੋਈ ਸੀ। ਨਾਮਦੇਵ ਰੋਡ ਦੇ ਰਹਿਣ ਵਾਲੇ ਮੁਨੀਸ਼ ਕੁਮਾਰ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੇ ਇਲਾਕੇ ਵਿੱਚ ਪੂਰੀ ਰਾਤ ਬਿਜਲੀ ਨਹੀਂ ਆਈ। ਉਨ੍ਹਾਂ ਨੇ 1912 ’ਤੇ ਸ਼ਿਕਾਇਤ ਦਰਜ ਕਰਵਾਈ, ਪਰ ਕੁਝ ਸਮੇਂ ਬਾਅਦ ਹੀ ਮੈਸੇਜ ਆ ਗਿਆ ਕਿ ਤੁਹਾਡੀ ਸਮੱਸਿਆ ਦਾ ਹੱਲ ਹੋ ਗਿਆ ਹੈ। “ਅਸਲ ਹਾਲਤ ਇਹ ਸੀ ਕਿ ਰਾਤ ਭਰ ਬਿਜਲੀ ਨਹੀਂ ਆਈ ਤੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।”
ਖ਼ਪਤਕਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਪਾਵਰਕਾਮ ਦੇ ਸਥਾਨਕ ਸ਼ਿਕਾਇਤ ਨੰਬਰ ਵੀ ਬੰਦ ਮਿਲਦੇ ਹਨ। ਲੋਕਾਂ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ ਕਿ ਉਹ ਆਪਣੀ ਸ਼ਿਕਾਇਤ ਕਿਸ ਨੂੰ ਤੇ ਕਿਵੇਂ ਦਰਜ ਕਰਵਾਉਣ। ਕਈ ਵਾਰ ਫ਼ੋਨ ਮਿਲਾਉਣ ’ਤੇ ਜਾਂ ਤਾਂ ਕਾਲ ਨਹੀਂ ਲੱਗਦੀ ਜਾਂ ਫਿਰ ਕੋਈ ਜਵਾਬ ਨਹੀਂ ਮਿਲਦਾ। ਬਿਜਲੀ ਸਪਲਾਈ ’ਚ ਨੁਕਸ ਪੈਣ ਨਾਲ ਲੋਕਾਂ ਦੀ ਰੋਜ਼ਾਨਾਂ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗਰਮੀ ਦੇ ਮੌਸਮ ਵਿਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਛੋਟੇ ਕਾਰੋਬਾਰੀਆਂ ਤੇ ਦੁਕਾਨਦਾਰਾਂ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰਵਾਸੀਆਂ ਨੇ ਕਿਹਾ ਕਿ ਪਾਵਰਕਾਮ ਨੂੰ ਆਪਣੀ ਪ੍ਰਣਾਲੀ ’ਚ ਸੁਧਾਰ ਲਿਆਉਣਾ ਚਾਹੀਦਾ ਹੈ ਤੇ ਸ਼ਿਕਾਇਤਾਂ ਦਾ ਅਸਲੀ ਹੱਲ ਯਕੀਨੀ ਬਣਾਉਣਾ ਚਾਹੀਦਾ ਹੈ। ਸਿਰਫ਼ ਰਸਮੀ ਕਾਰਵਾਈ ਲਈ ਸ਼ਿਕਾਇਤਾਂ ਨੂੰ ਬੰਦ ਕਰਨਾ ਲੋਕਾਂ ਨਾਲ ਧੋਖਾ ਹੈ।
ਲੋਕਾਂ ਨੇ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਭਵਿੱਖ ’ਚ ਸ਼ਿਕਾਇਤਾਂ ਦਾ ਸਹੀ ਢੰਗ ਨਾਲ ਨਿਤਾਰਾ ਹੋਵੇ ਤੇ ਖ਼ਪਤਕਾਰਾਂ ਨੂੰ ਸਮੇਂ ’ਤੇ ਬਿਜਲੀ ਸਪਲਾਈ ਮਿਲ ਸਕੇ।