- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤਕਾਰ ਭੁੱਲਰ ਦਾ ਰੂਬਰੂ ਤੇ ਕਵੀ ਦਰਬਾਰ ਕਰਵਾਇਆ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ,
ਸੁਪਨ ਉਡਾਰੀ ਵੱਲੋਂ ਸਥਾਨਕ ਰੈੱਡ ਕਰਾਸ ਭਵਨ ਦੇ ਹਾਲ ਵਿਖੇ ਸਾਹਿਤਕਾਰ ਤੇ ਪੱਤਰਕਾਰ ਬਲਵਿੰਦਰ ਸਿੰਘ ਭੁੱਲਰ ਦਾ ਰੂਬਰੂ ਪ੍ਰੋਗਰਾਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਚੜ੍ਹਦੀਕਲਾ ਫਾਊਂਡੇਸ਼ਨ ਦੀ ਪ੍ਰਧਾਨ ਤੇ ਸਮਾਜ-ਸੇਵੀ ਮੈਡਮ ਅੰਮ੍ਰਿਤ ਗਿੱਲ ਨੇ ਸਿਰਕਤ ਕੀਤੀ ਅਤੇ ਪ੍ਰਧਾਨਗੀ ਪ੍ਰਿਸੱਧ ਲੇਖਕ ਤੇ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਕੀਤੀ। ਮੰਚ ’ਤੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੋਹਨ ਲਾਲ ਝੁੰਬਾ, ਬਲਵਿੰਦਰ ਸਿੰਘ ਭੁੱਲਰ, ਜਸਕਰਨ ਸਿੰਘ ਸਿਵੀਆਂ ਤੇ ਡਾ. ਐੱਸਕੇ ਕਟਾਰੀਆਂ ਵੀ ਸੁਸ਼ੋਭਿਤ ਸਨ, ਜਦ ਕਿ ਮੰਚ ਸੰਚਾਲਨ ਦੀ ਜਿੰਮੇਵਾਰੀ ਸ਼ਾਇਰ ਜਸਪਾਲ ਜੱਸੀ ਨੇ ਨਿਭਾਈ। ਸਮਾਗਮ ਦੇ ਮੁੱਢਲੇ ਪੜਾਅ ਵਿੱਚ ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਬਚਪਨ ਤੋਂ ਜਿੰਦਗੀ ਦੇ ਉਤਰਾਅ ਚੜਾਅ ਤੇ ਪਰਿਵਾਰਕ ਪਿਛੋਕੜ ਸਬੰਧੀ ਅਤੇ ਆਪਣੀ ਲੇਖਣ ਪ੍ਰੀਕ੍ਰਿਆ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਹ ਕਰੀਬ ਚਾਲੀ ਸਾਲਾਂ ਤੋਂ ਪੱਤਰਕਾਰੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਹਿਤ ਰਚਣ ਦੀ ਗੁੜ੍ਹਤੀ ਉਨ੍ਹਾਂ ਆਪਣੇ ਚਾਚਾ ਗੁਰਬਚਨ ਸਿੰਘ ਭੁੱਲਰ ਤੋਂ ਮਿਲੀ, ਉਨ੍ਹਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਉਹ ਲੋਕ ਪੱਖੀ ਸਾਹਿਤ ਰਚਨ ਲਈ ਯਤਨਸ਼ੀਲ ਰਹਿੰਦੇ ਹਨ। ਵੱਖ ਵੱਖ ਸਾਹਿਤਕਾਰਾਂ, ਸਰੋਤਿਆਂ ਮਾਨਖੇੜਾ, ਜਸਕਰਨ ਸਿਵੀਆਂ, ਰੂਪ ਚੰਦ ਸ਼ਰਮਾ, ਹਰਭੁਪਿੰਦਰ ਲਾਡੀ, ਸੁਰਿੰਦਰ ਸਿੰਘ ਖਾਲਸਾ, ਡਾ. ਅੰਮ੍ਰਿਤਪਾਲ ਸਿੰਘ, ਲਾਲ ਚੰਦ ਸਿੰਘ ਆਦਿ ਦੇ ਸੁਆਲਾਂ ਦੇ ਉਨ੍ਹਾਂ ਬੜੀ ਬੇਬਾਕੀ ਨਾਲ ਜਵਾਬ ਦਿੰਦਿਆਂ ਉਨ੍ਹਾਂ ਦੀ ਪੱਤਰਕਾਰਤਾ ਲਈ ਦਰਪੇਸ਼ ਸਮੱਸਿਆਵਾਂ ਅਤੇ ਸਾਹਿਤ ਦੀਆਂ ਵਿਧੀਆਂ ਤੇ ਬਰੀਕੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਮੈਡਮ ਗਿੱਲ ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਲਈ ਸਾਹਿਤ ਦਾ ਮਹੱਤਵਪੂਰਨ ਰੋਲ ਹੈ ਅਤੇ ਭੁੱਲਰ ਇਸ ਕਾਰਜ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਮਾਨਖੇੜਾ ਨੇ ਕਿਹਾ ਕਿ ਭੁੱਲਰ ਨੇ ਅੱਠ ਪੁਸਤਕਾਂ ਸਾਹਿਤ ਦੀ ਝੋਲੀ ਵਿੱਚ ਪਾ ਕੇ ਝੰਡੇ ਗੱਡੇ ਹਨ ਅਤੇ ਉਨ੍ਹਾਂ ਦਾ ਰਚਨਾ ਕਾਰਜ ਤਸੱਲੀਬਖਸ਼ ਹੈ। ਸੱਤਪਾਲ ਮਾਨ ਨੇ ਕਿਹਾ ਕਿ ਚੈਨਲ ਸੁਪਨ ਉਡਾਰੀ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹੇ ਸਮਾਗਮ ਕਰਾਉਣ ਦੀ ਪਿਰਤ ਜਾਰੀ ਰੱਖੇਗਾ। ਦੂਜੇ ਪੜਾਅ ਕਵੀ ਦਰਬਾਰ ਵਿੱਚ ਰਣਬੀਰ ਰਾਦਾ, ਅਵਤਾਰ ਸਿੰਘ ਬਾਹੀਆ, ਦਵਿੰਦਰ ਸਿੰਘ ਬਰਾੜ ਐਡਵੋਕੇਟ, ਡਾ: ਅੰਮ੍ਰਿਤਪਾਲ ਸਿੰਘ, ਰੂਪ ਚੰਦ ਸ਼ਰਮਾ, ਜਸ ਬਠਿੰਡਾ, ਅੰਮ੍ਰਿਤ ਗਿੱਲ, ਸੋਨੀ ਸੰਧੂ, ਜਸਪਾਲ ਜੱਸੀ, ਹਰਭੁਪਿੰਦਰ ਲਾਡੀ, ਇਰਵਨਦੀਪ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਗਾਇਕਾ ਮਨਜੀਤ ਕੌਰ ਨੇ ਧਾਰਮਿਕ ਗੀਤ ਅਤੇ ਹਰੀ ਕਿਸਨ ਸ਼ਰਮਾ ਨੇ ਤਰੰਨੁਮ ’ਚ ਗ਼ਜ਼ਲ ਪੇਸ਼ ਕੀਤੀ। ਇਸ ਮੌਕੇ ਮੈਗਜੀਨ ਪਰਵਾਜ਼ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ ਅਤੇ ਡਾ: ਐੱਸਕੇ ਕਟਾਰੀਆਂ ਨੇ ਬਿਮਾਰੀਆਂ ਤੋਂ ਬਚਾਅ ਦੇ ਢੰਗ ਤਰੀਕੇ ਦੱਸੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੰਗ ਕਰਮੀ ਆਰ ਐੱਸ ਪਰਵਾਨਾ, ਮਨਜੀਤ ਸਿੰਘ ਜੀਤ, ਡਾ: ਅਮਨਦੀਪ ਕੌਰ ਮਾਨ, ਅਦਾਕਾਰਾ ਰਣਜੀਤ ਕੌਰ, ਗੁਰਪ੍ਰੀਤ ਸਿੰਘ ਚਹਿਲ, ਪਰਗਟ ਸਿੰਘ ਢਿੱਲੋਂ, ਡਾ: ਸਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।