- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਜੀ ਰਜਿਸਟ੍ਰੀ ਬਣੀ ਪ੍ਰੇਸਾਨੀ ਦਾ ਸਬੱਬ, ਸਰਵਰ ਡਾਊਨ ਹੋਣ ਕਾਰਨ ਤਹਿਸੀਲ ਵਿੱਚ ਲੋਕਾਂ ਦੀ ਵਧੀ ਖੱਜਲ ਖੁਆਰੀ470

-ਰੋਜ਼ ਹੁੰਦੀਆਂ ਨੇ 150 ਤੋਂ ਵੱਧ ਰਜਿਸਟਰੀਆਂ, ਪਰ 3 ਵਜੇ ਤਕ ਸਿਰਫ਼ 24 ਰਜਿਸਟਰੀਆਂ ਹੋਈਆਂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਦੀ ਤਹਿਸੀਲ ਵਿੱਚ ਬੁੱਧਵਾਰ ਨੂੰ ਉਸ ਵੇਲੇ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ, ਜਦੋਂ ਈਜੀ ਰਜਿਸਟ੍ਰੀ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਡਿਜ਼ੀਟਲ ਸੇਵਾ ਹੀ ਲੋਕਾਂ ਲਈ ਮੁਸ਼ਕਲ ਬਣ ਗਈ ਹੈ। ਸਰਵਰ ਡਾਊਨ ਹੋਣ ਕਾਰਨ ਸਾਰਾ ਦਿਨ ਰਜਿਸਟ੍ਰੀਆਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ, ਜਿਸ ਨਾਲ ਆਮ ਲੋਕਾਂ ਨੂੰ ਘੰਟਿਆਂ ਤਕ ਉਡੀਕ ਕਰਨੀ ਪਈ। ਇਸ ਨਾਲ ਰਜਿਸਟ੍ਰੀਆਂ ਕਰਵਾਉਣ ਆਏ ਲੋਕ ਖੱਜਲ ਖੁਆਰ ਹੁੰਦੇ ਰਹੇ। ਤਹਿਸੀਲ ਕੰਪਲੈਕਸ ਵਿੱਚ ਹਰ ਰੋਜ਼ ਲਗਭਗ 150 ਰਜਿਸਟ੍ਰੀਆਂ ਹੁੰਦੀਆਂ ਹਨ, ਪਰ ਬੁੱਧਵਾਰ ਨੂੰ ਦੁਪਹਿਰ 3 ਵਜੇ ਤਕ ਕੇਵਲ 24 ਰਜਿਸਟ੍ਰੀਆਂ ਹੀ ਹੋ ਸਕੀਆਂ। ਇਸ ਤੋਂ ਸਾਫ਼ ਹੈ ਕਿ ਤਕਨੀਕੀ ਖਾਮੀਆਂ ਨੇ ਸਰਕਾਰੀ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸਵੇਰੇ ਤੋਂ ਹੀ ਲੋਕ ਆਪਣੇ ਜ਼ਰੂਰੀ ਕੰਮ ਛੱਡ ਕੇ ਤਹਿਸੀਲ ਪਹੁੰਚ ਗਏ ਸਨ, ਪਰ ਸਰਵਰ ਦੀ ਸਮੱਸਿਆ ਕਾਰਨ ਉਨ੍ਹਾਂ ਦਾ ਪੂਰਾ ਦਿਨ ਬਰਬਾਦ ਹੋ ਗਿਆ। ਤਹਿਸੀਲ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਤੋਂ ਲਾਈਨਾਂ ਵਿੱਚ ਖੜੇ ਰਹੇ, ਪਰ ਵਾਰ-ਵਾਰ ਇਹੀ ਕਿਹਾ ਜਾਂਦਾ ਰਿਹਾ ਕਿ “ਸਰਵਰ ਡਾਊਨ ਹੈ, ਉਡੀਕ ਕਰੋ।” ਕਈ ਲੋਕ ਦੂਰ-ਦਰਾਜ ਦੇ ਪਿੰਡਾਂ ਤੋਂ ਰਜਿਸਟ੍ਰੀਆਂ ਆਏ ਸਨ, ਜਿਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ। ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸਮਾਂ ਖਰਾਬ ਹੋਇਆ, ਸਗੋਂ ਆਰਥਿਕ ਨੁਕਸਾਨ ਵੀ ਝੱਲਣਾ ਪਿਆ।
ਰਜਿਸਟ੍ਰੀ ਕਰਵਾਉਣ ਆਏ ਦੀਪਕ ਕੁਮਾਰ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਰਕਾਰ ਡਿਜ਼ੀਟਲ ਇੰਡੀਆ ਅਤੇ ਈ-ਗਵਰਨੈਂਸ ਦੀ ਗੱਲ ਕਰਦੀ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜੇ ਸਰਵਰ ਹੀ ਵਾਰ-ਵਾਰ ਡਾਊਨ ਰਹੇਗਾ ਤਾਂ ਅਜਿਹੀਆਂ ਸੇਵਾਵਾਂ ਦਾ ਕੀ ਲਾਭ। ਇਸੇ ਤਰ੍ਹਾਂ ਅਮਿਤ ਗੁਪਤਾ ਨੇ ਵੀ ਪ੍ਰਸ਼ਾਸਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਧਿਕਾਰੀਆਂ ਨੂੰ ਪਹਿਲਾਂ ਪ੍ਰਣਾਲੀ ਨੂੰ ਠੀਕ ਕਰਨਾ ਚਾਹੀਦਾ ਹੈ, ਉਸ ਤੋਂ ਬਾਅਦ ਹੀ ਅਜਿਹੀਆਂ ਯੋਜਨਾਵਾਂ ਲਾਗੂ ਕਰਨੀ ਚਾਹੀਦੀਆਂ ਹਨ। ਇਸ ਪੂਰੇ ਮਾਮਲੇ ਨੇ ਪ੍ਰਸ਼ਾਸਨ ਦੀਆਂ ਤਿਆਰੀਆਂ ਅਤੇ ਤਕਨੀਕੀ ਪ੍ਰਣਾਲੀ ’ਤੇ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਰਵਰ ਡਾਊਨ ਹੋਣ ਨਾਲ ਕੰਮ ਪ੍ਰਭਾਵਿਤ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ, ਪਰ ਅਜੇ ਤਕ ਕੋਈ ਪੱਕਾ ਹੱਲ ਨਹੀਂ ਲੱਭਿਆ ਗਿਆ। ਗੌਰਤਲਬ ਹੈ ਕਿ ਈਜੀ ਰਜਿਸਟਰੀ ਯੋਜਨਾ ਦਾ ਮਕਸਦ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਣਾ ਸੀ, ਤਾਂ ਜੋ ਲੋਕਾਂ ਨੂੰ ਦਲਾਲਾਂ ਅਤੇ ਲੰਬੀਆਂ ਪ੍ਰਕਿਰਿਆਵਾਂ ਤੋਂ ਛੁਟਕਾਰਾ ਮਿਲ ਸਕੇ। ਪਰ ਵਾਰ-ਵਾਰ ਆ ਰਹੀਆਂ ਤਕਨੀਕੀ ਰੁਕਾਵਟਾਂ ਇਸ ਯੋਜਨਾ ਨੂੰ ਲੋਕਾਂ ਲਈ “ਟਫ਼ ਰਜਿਸਟਰੀ” ਬਣਾਉਂਦੀਆਂ ਜਾ ਰਹੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਰਵਰ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਨਾਲ ਹੀ ਕੋਈ ਵੱਖਰਾ ਵਿਕਲਪ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜੇ ਸਮੇਂ ਸਿਰ ਸੁਧਾਰ ਨਾ ਕੀਤਾ ਗਿਆ ਤਾਂ ਲੋਕਾਂ ਦਾ ਭਰੋਸਾ ਇਸ ਡਿਜੀਟਲ ਪ੍ਰਣਾਲੀ ਤੋਂ ਪੂਰੀ ਤਰ੍ਹਾਂ ਉੱਠ ਸਕਦਾ ਹੈ।