- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਟੀਐਫ ਦੇ ਸੱਦੇ ’ਤੇ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਘੇਰੇ ਜ਼ਿਲ੍ਹਾ ਸਿੱਖਿਆ ਦਫ਼ਤਰ

-ਤਨਖ਼ਾਹਾਂ ਨਾ ਮਿਲਣ ਦਾ ਮਾਮਲਾ, ਦੋ ਦਿਨਾਂ ’ਚ ਬਜਟ ਜਾਰੀ ਕਰਨ ਦੇ ਵਾਅਦੇ ਮਗਰੋਂ ਘਿਰਾਓ ਖਤਮ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਭਾਵੇਂ ਮਾਰਚ ਮਹੀਨੇ ਦਾ ਦੂਜਾ ਹਫ਼ਤਾ ਸ਼ੁਰੂ ਹੋ ਗਿਆ ਹੈ ਪਰ ਅਜੇ ਤਕ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ। ਇਸ ਕਾਰਨ ਅਧਿਆਪਕ ਜਿੱਥੇ ਆਰਥਿਕ ਸਥਿਤੀ ਨਾਲ ਜੂਝ ਰਹੇ ਹਨ, ਉਥੇ ਹੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਕੁੱਝ ਦਿਨ ਪਹਿਲਾਂ ਅਧਿਆਪਕ ਜਥੇਬੰਦੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਤਨਖਾਹਾਂ ਲਈ ਬਜ਼ਟ ਜਾਰੀ ਕਰਨ ਲਈ ਮੁਲਾਕਾਤ ਕੀਤੀ, ਜਿਨ੍ਹਾਂ ਨੇ 9 ਮਾਰਚ ਤਕ ਤਨਖਾਹਾਂ ਲਈ ਬਜ਼ਟ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਫ਼ਿਰ ਵੀ ਤਨਖਾਹਾਂ ਲਈ ਬਜ਼ਟ ਜਾਰੀ ਨਾਂ ਹੋਇਆ ਤਾਂ ਡੀਟੀਐੱਫ ਦੇ ਸੱਦੇ ’ਤੇ ਮੰਗਲਵਾਰ ਨੂੰ ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਪ੍ਰਾਇਮਰੀ ਦੇ ਦਫ਼ਤਰਾਂ ਦਾ ਘਿਰਾਓ ਕੀਤਾ।
ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਅਧਿਆਪਕਾਂ ਦੀਆਂ ਤਨਖਾਹਾਂ ਦਾ ਬਜਟ ਸਮੇਂ ਸਿਰ ਜਾਰੀ ਨਾ ਕਰਵਾ ਸਕਣ ਕਰਕੇ ਅਤੇ 6636 ਅਧਿਆਪਕਾ ਦੀ ਤਨਖ਼ਾਹ ਵੈਟ ਕਰਨ ਦਾ ਕੋਈ ਪੱਕਾ ਹੱਲ ਨਾ ਕਰਨ ਦੇ ਖਿਲਾਫ ਲਗਾਤਾਰ ਸਾਢੇ ਤਿੰਨ ਘੰਟੇ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ, ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਜੱਸੀ , ਈਟੀਟੀ 6635 ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਖੋਖਰ, ਸੂਬਾ ਸਲਾਹਕਾਰ ਬੂਟਾ ਮਾਨਸਾ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੰਗਲਾ, ਬਲਾਕ ਪ੍ਰਧਾਨ ਤਲਵੰਡੀ ਕੁਲਵੀਰ ਸਿੰਘ, ਬਲਾਕ ਪ੍ਰਧਾਨ ਸੰਗਤ ਸੰਤਪਲ ਸਿੰਘ, ਬਲਾਕ ਪ੍ਰਧਾਨ ਰਾਮਪੁਰਾ ਹਰਬੰਸ ਸਿੰਘ, ਬਲਾਕ ਪ੍ਰਧਾਨ ਮੌੜ ਗੁਰਮੀਤ ਸਿੰਘ ਬਲਾਕ ਪ੍ਰਧਾਨ ਗੋਨਿਆਣਾ ਜਸ਼ਨ ਖੇਮੂਆਣਾ, ਅਧਿਆਪਕ ਦਲ ਜ਼ਿਲ੍ਹਾ ਪ੍ਰਧਾਨ ਦੇ ਜਗਤਾਰ ਸਿੰਘ ਬਾਠ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ, ਐਸੋਸੀਏਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ,ਬੀਐੱਡ ਅਧਿਆਪਕ ਫਰੰਟ ਦੇ ਆਗੂ ਰਾਜਵੀਰ ਸਿੰਘ ਮਾਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਮਾਨ, ਆਦਰਸ਼ ਸਕੂਲ ਚਾਉਂਕੇ ਦੇ ਸੰਦੀਪ ਸਿੰ,ਘ ਹੈਡ ਮਾਸਟਰ ਐਸੋਸੀਏਸ਼ਨ ਦੇ ਕੁਲਵਿੰਦਰ ਕਟਾਰੀਆ, ਫਿਜੀਕਲ ਐਸੋਸੀਏਸ਼ਨ ਦੇ ਕੁਲਵਿੰਦਰ ਗਿਆਨਾ, ਡੀਟੀਐੱਫ ਦੇ ਸੰਗਤ ਬਲਾਕ ਦੇ ਪ੍ਰਧਾਨ ਗੁਰਪਾਲ ਸਿੰਘ, ਤਲਵੰਡੀ ਸਾਬੋ ਦੇ ਪ੍ਰਧਾਨ ਮੋਹਨ ਸਿੰਘ ਮਲਕਾਣਾ, ਡੀਟੀਐਫ ਦੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ ਅਤੇ ਹੋਰ ਅਧਿਆਪਕ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਸਮੇਂ ਸਿਰ ਅਧਿਆਪਕਾਂ ਦੀਆਂ ਤਨਖਾਹਾਂ ਲਈ ਬਜਟ ਦਾ ਪ੍ਰਬੰਧ ਨਹੀਂ ਕਰਵਾ ਸਕੇ, ਜਿਸ ਕਾਰਨ ਦੋਵਾਂ ਅਧਿਕਾਰੀਆਂ ਦੀ ਕਾਰਗਜ਼ਾਰੀ ਸਹੀ ਨਹੀ ਹੈ। ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਮਿਲ ਚੁੱਕੀਆਂ ਹਨ ਸਿਰਫ ਅਧਿਆਪਕ ਹੀ ਅਜਿਹੇ ਹਨ, ਜਿਹੜੇ ਨੌ ਮਾਰਚ ਤਕ ਵੀ ਫਰਵਰੀ ਦੀਆਂ ਤਨਖਾਹਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਅਧਿਆਪਕਾਂ ਨੇ ਬੈਂਕਾਂ ਤੋਂ ਲੋਨ ਲਏ ਹੋਏ ਹਨ ਅਤੇ ਉਨ੍ਹਾਂ ਤਨਖਾਹ ਵਿੱਚੋਂ ਕਿਸ਼ਤਾਂ ਚਕਾਉਣੀਆਂ ਹਨ, ਪਰ ਤਨਖਾਹ ਅੱਜ ਤਕ ਨਹੀ ਮਿਲੀ।
ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਚ ਪੈ ਕੇ ਦੋਵੇਂ ਡੀਈਓ ਤੋਂ ਇਹ ਭਰੋਸਾ ਦਿਵਾਇਆ ਕਿ ਦੋ ਦਿਨ੍ਹਾਂ ਦੇ ਅੰਦਰ ਅੰਦਰ ਤਨਖਾਹਾਂ ਲਈ ਬਜ਼ਟ ਜਾਰੀ ਕਰਵਾ ਕੇ ਸਕੂਲਾਂ ਨੂੰ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਇਸ ’ਤੇ ਸਾਰੀਆਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਬਜਟ ਜਾਰੀ ਨਹੀਂ ਹੁੰਦਾ ਤਾਂ ਤੀਜੇ ਦਿਨ ਫਿਰ ਦੋਵੇ ਡੀਈਓ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਸੇਵਕ ਫੂਲ, ਲਖਵੀਰ ਨੰਗਲਾ, ਸੁਨੀਲ ਕੁਮਾਰ, ਨਛੱਤਰ ਬਿਰਕ, ਰਾਜਕੁਮਾਰ ਵਰਮਾ, ਜਸਵਿੰਦਰ ਸਿੰਘ, ਸਿਮਰਜੀਤ ਸਿਵੀਆਂ ਹਾਜ਼ਰ ਸਨ। ਸਾਰੇ ਧਰਨੇ ਦੌਰਾਨ ਸਟੇਜ ਦੀ ਕਾਰਵਾਈ ਡੀ ਟੀਐੱਫ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਨੇ ਨਿਭਾਈ।