- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਿੱਟੇ ਦੀ ਵਿਕਰੀ ਖ਼ਿਲਾਫ਼ ਮਹਿਲਾਵਾਂ ਨੇ ਕੀਤਾ ਪ੍ਰਦਰਸ਼ਨ, ਪੁਲਿਸ ’ਤੇ ਤਸਕਰਾਂ ਨਾਲ ਮਿਲੀ ਭੁਗਤ ਦੇ ਦੋਸ਼

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣਬਠਿੰਡਾ
ਸ਼ਹਿਰ ਦੇ ਸੁਰਖਪੀਰ ਰੋਡ ਸਥਿਤ ਗਲੀ ਨੰਬਰ-3 ਵਿਚ ਐਤਵਾਰ ਰਾਤ ਕਰੀਬ 9 ਵਜੇ ਨਸ਼ਾ ਤਸਕਰਾਂ ਦੇ ਖ਼ਿਲਾਫ਼ ਇਲਾਕਾ ਨਿਵਾਸੀਆਂ, ਖ਼ਾਸ ਕਰਕੇ ਮਹਿਲਾਵਾਂ ਦਾ ਗੁੱਸਾ ਫੁੱਟ ਪਿਆ। ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਸਥਾਨਕ ਲੋਕ ਗਲੀ ਵਿੱਚ ਇਕੱਠੇ ਹੋ ਗਏ ਅਤੇ ਚਿੱਟਾ ਵੇਚਣ ਵਾਲਿਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਲੋਕਾਂ ਨੇ ਇਸ ਦੌਰਾਨ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਵੀ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਪੁਲਿਸ ਦੀ ਲਾਪਰਵਾਹੀ ਕਾਰਨ ਇਲਾਕੇ ਵਿੱਚ ਨਸ਼ੇ ਦਾ ਕਾਰੋਬਾਰ ਬੇਖੌਫ਼ ਚੱਲ ਰਿਹਾ ਹੈ। ਰੋਸ ਮੁਜ਼ਾਹਰੇ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਗਲੀ ਦੇ ਕੁਝ ਘਰਾਂ ਵਿੱਚੋਂ ਕਾਫ਼ੀ ਸਮੇਂ ਤੋਂ ਖੁੱਲ੍ਹੇਆਮ ਚਿੱਟੇ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬਾਹਰਲੇ ਇਲਾਕਿਆਂ ਤੋਂ ਵੀ ਨਸ਼ਾ ਖਰੀਦਣ ਲਈ ਲੋਕ ਇੱਥੇ ਆਉਂਦੇ ਹਨ, ਜਿਸ ਨਾਲ ਗਲੀ ਵਿੱਚ ਦਿਨ-ਰਾਤ ਸ਼ੱਕੀ ਲੋਕਾਂ ਦੀ ਆਵਾਜਾਈ ਵੱਧ ਗਈ ਹੈ। ਇਸ ਕਾਰਨ ਇਲਾਕੇ ਦੇ ਮਾਹੌਲ ‘ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਵਧ ਗਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਨਸ਼ੇ ਦੀ ਸ਼ਰੇਆਮ ਵਿਕਰੀ ਕਾਰਨ ਇਲਾਕੇ ਦੇ ਕਈ ਨੌਜਵਾਨ ਇਸ ਦੀ ਚਪੇਟ ਵਿਚ ਆ ਰਹੇ ਹਨ। ਕਈ ਪਰਿਵਾਰਾਂ ਦੇ ਬੱਚੇ ਨਸ਼ੇ ਵੱਲ ਮੁੜ ਰਹੇ ਹਨ, ਜਿਸ ਨਾਲ ਮਾਪਿਆਂ ਵਿੱਚ ਡਰ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਨਸ਼ਾ ਤਸਕਰੀ ‘ਤੇ ਰੋਕ ਨਾ ਲੱਗੀ ਤਾਂ ਪੂਰੀ ਪੀੜ੍ਹੀ ਬਰਬਾਦ ਹੋ ਸਕਦੀ ਹੈ। ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਕਈ ਵਾਰ ਪੁਲਿਸ ਨੂੰ ਦੇ ਚੁੱਕੇ ਹਨ। ਕਈ ਵਾਰ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਵੀ ਗਿਆ, ਪਰ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ਕਈ ਵਾਰ ਗਲੀ ਵਿੱਚ ਆ ਕੇ ਸਥਿਤੀ ਦਾ ਜਾਇਜ਼ਾ ਲੈਂਦੀ ਹੈ, ਪਰ ਚਿੱਟਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਦਮ ਨਹੀਂ ਚੁੱਕੇ ਜਾਂਦੇ। ਉਨ੍ਹਾਂ ਪੁਲਿਸ ’ਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼ ਵੀ ਲਾਏ ਹਨ। ਇਸ ਦੌਰਾਨ ਮਹਿਲਾਵਾਂ ਨੇ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜ਼ਰੂਰਤ ਪੈਣ ‘ਤੇ ਇਲਾਕਾ ਵਾਸੀ ਸੜਕਾਂ ‘ਤੇ ਉਤਰ ਕੇ ਵੱਡਾ ਅੰਦੋਲਨ ਵੀ ਕਰ ਸਕਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲੀ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦੀ ਤੁਰੰਤ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਲ ਹੀ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਨਸ਼ੇ ਦੇ ਇਸ ਗ਼ੈਰ-ਕਾਨੂੰਨੀ ਕਾਰੋਬਾਰ ‘ਤੇ ਰੋਕ ਲਗਾਈ ਜਾ ਸਕੇ ਅਤੇ ਇਲਾਕੇ ਦਾ ਮਾਹੌਲ ਸੁਰੱਖਿਅਤ ਬਣਾਇਆ ਜਾ ਸਕੇ।