ਡਰਾਇੰਗ ਤੇ ਲਿਖਤੀ ਮੁਕਾਬਲਿਆਂ ਦੇ ਜੇਤੂ ਬੱਚੇ ਸਨਮਾਨਿਤ
ਵਿਦਿਆਰਥੀਆਂ ਦੇ ਡਰਾਇੰਗ ਅਤੇ ਲਿਖਤੀ ਮੁਕਾਬਲੇ ਕਰਵਾਏ
Publish Date: Sun, 08 Feb 2026 04:50 PM (IST)
Updated Date: Mon, 09 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਦਿ ਨਿਊ ਏਰਾ ਪਬਲਿਕ ਸਕੂਲ ਕਟਾਰ ਸਿੰਘ ਵਾਲਾ ਬਠਿੰਡਾ ਵੱਲੋਂ ਵਿੰਗਸ ਆਫ਼ ਟੈਂਲਟ ਦੇ ਨਾਂਅ ਹੇਠ ਗੁਲਾਬਗੜ੍ਹ ਦੇ ਗੁਰਦੁਆਰਾ ਸਾਹਿਬ ਵਿਚ ਵਿਦਿਆਰਥੀਆਂ ਦੇ ਡਰਾਇੰਗ ਅਤੇ ਰਾਇਟਿੰਗ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਪਿੰਡ ਦੇ ਸਰਪੰਚ ਲਖਪ੍ਰੀਤ ਬਰਾੜ ਅਤੇ ਗੁਰਦੁਆਰਾ ਪ੍ਰਧਾਨ ਸੁਖਜੀਤ ਸਿੰਘ ਦੇ ਸਹਿਯੋਗ ਨਾਲ ਮੁਕੰਮਲ ਹੋਇਆ। ਲਗਭਗ 70 ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਬੱਚਿਆਂ ਨੇ ਪੂਰੇ ਉਤਸ਼ਾਹ, ਲਗਨ ਤੇ ਆਤਮ-ਵਿਸ਼ਵਾਸ ਨਾਲ ਆਪਣੀ ਕਲਾ ਅਤੇ ਲਿਖਣ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਰਾਇੰਗ ਮੁਕਾਬਲੇ ਵਿਚ ਬੱਚਿਆਂ ਨੇ ਰੰਗਾਂ ਰਾਹੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ, ਜਦਕਿ ਰਾਇਟਿੰਗ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੇ ਸ਼ਬਦਾਂ ਰਾਹੀਂ ਸਮਾਜ, ਪ੍ਰਕਿਰਤੀ ਅਤੇ ਜੀਵਨ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ’ਤੇ ਆਪਣੀ ਸੋਚ ਪ੍ਰਗਟ ਕੀਤੀ। ਡਰਾਇੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਰਜੋਤ ਕੌਰ ਤੇ ਦੂਜਾ ਸਥਾਨ ਐਸ਼ਵੀਰ ਕੌਰ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰਾਇਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਅਵਨੀਤ ਕੌਰ ਤੇ ਦੂਜਾ ਸਥਾਨ ਮਨਰੀਤ ਕੌਰ ਨੇ ਹਾਸਲ ਕੀਤਾ। ਦੋਵਾਂ ਸ਼੍ਰੇਣੀਆਂ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 501 ਰੁਪਏ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 251 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਸ ਦੇ ਨਾਲ ਹੀ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਫਲ ਆਯੋਜਨ ਵਿਚ ਸਕੂਲ ਦੇ ਅਧਿਆਪਕ ਨਿਸ਼ਾ ਗੋਇਲ, ਮਨਜੀਤ ਕੌਰ, ਅੰਕੁਸ਼ ਕੁਮਾਰ ਅਤੇ ਹੋਰ ਸਟਾਫ ਮੈਂਬਰ ਸੁਖਪਾਲ ਸਿੰਘ, ਮਨਦੀਪ ਸਿੰਘ ਅਤੇ ਰਾਮਦਿੱਤੀ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।