- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਐਸਈ 10ਵੀਂ ਦਾ ਨਤੀਜਾ ਐਲਾਨਿਆ, ਬਠਿੰਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

-ਸੀਬੀਐੱਸਈ 10ਵੀਂ ਦੇ ਨਤੀਜੇ ’ਚ ਬਠਿੰਡਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ; ਸੀਬੀਐੱਸਈ ਵੱਲੋਂ ਬੁੱਧਵਾਰ ਸ਼ਾਮ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲਾਂ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਇਸ ਵਾਰ ਵੀ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਟਾਪ ਸਥਾਨਾਂ ‘ਤੇ ਕਬਜ਼ਾ ਕੀਤਾ। ਜ਼ਿਲ੍ਹੇ ਵਿੱਚ ਪਹਿਲਾ ਸਥਾਨ ਦਿੱਲੀ ਪਬਲਿਕ ਸਕੂਲ (ਡੀਪੀਐੱਸ) ਦੇ ਵਿਦਿਆਰਥੀ ਮਯੰਕ ਬਾਂਸਲ ਨੇ 99.4 ਫੀਸਦੀ ਅੰਕ ਹਾਸਲ ਕਰਕੇ ਪ੍ਰਾਪਤ ਕੀਤਾ। ਦੂਜੇ ਸਥਾਨ ‘ਤੇ ਸੈਂਟ ਜੇਵੀਅਰ ਸਕੂਲ ਦਾ ਵਿਦਿਆਰਥੀ ਰਾਘਵ ਰਿਹਾ, ਜਿਸ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕੀਤੇ। ਤੀਜੇ ਸਥਾਨ ‘ਤੇ ਸੈਂਟ ਜੇਵੀਅਰ ਸਕੂਲ ਦੀ ਹੀ ਵਿਦਿਆਰਥਣ ਜਾਨਵੀ ਬਾਂਸਲ ਰਹੀ, ਜਿਸਨੇ 99 ਫੀਸਦੀ ਅੰਕ ਹਾਸਲ ਕੀਤੇ। ਜਾਨਵੀ ਬਾਂਸਲ ਸਿਵਲ ਹਸਪਤਾਲ ਦੇ ਐਸਐਮਓ ਡਾ. ਅਰੁਣ ਬਾਂਸਲ ਦੀ ਪੁੱਤਰੀ ਹੈ। ਇਸ ਤੋਂ ਇਲਾਵਾ ਡੀਪੀਐਸ ਸਕੂਲ ਦੀ ਹਰਸ਼ਿਕਾ ਬਾਂਸਲ ਨੇ 98.4 ਫੀਸਦੀ ਤੇ ਤਨਿਸ਼ਕਾ ਗੁਪਤਾ ਨੇ 98.2 ਫੀਸਦੀ ਅੰਕ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦੇ ਉੱਤਮ ਨਤੀਜਿਆਂ ਨਾਲ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਹੈ, ਜਦਕਿ ਸਕੂਲਾਂ ਵਿੱਚ ਵੀ ਜਸ਼ਨ ਮਨਾਇਆ ਗਿਆ। ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਖੁਸ਼ੀ ਸਾਂਝੀ ਕਰਦੇ ਨਜ਼ਰ ਆਏ। ਅਧਿਆਪਕਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕਰਦਿਆਂ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਨ ਅਨੁਸਾਰ ਇਹ ਨਤੀਜੇ ਵਿਦਿਆਰਥੀਆਂ ਦੀ ਕਠਿਨ ਮਿਹਨਤ, ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਬਠਿੰਡਾ ਦੇ ਵਿਦਿਆਰਥੀ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਉੱਚਾਈਆਂ ਛੂਹ ਰਹੇ ਹਨ।
-ਬਾਕਸ-
-ਵਿਦਿਆਰਥੀਆਂ ਨੇ ਦੱਸੀ ਸਫਲਤਾ ਦੀ ਕਹਾਣੀ
ਸੈਂਟ ਜੇਵੀਅਰ ਸਕੂਲ ਦੇ ਵਿਦਿਆਰਥੀ ਰਾਘਵ ਨੇ ਆਪਣੀ ਸਫਲਤਾ ਦਾ ਸਿਹਰਾ ਅਨੁਸ਼ਾਸਨ ਵਿਚ ਰਹਿ ਕੇ ਨਿਯਮਿਤ ਪੜ੍ਹਾਈ ਨੂੰ ਦਿੱਤਾ। ਉਸਨੇ ਦੱਸਿਆ ਕਿ ਪੜ੍ਹਾਈ ਦੌਰਾਨ ਉਸਨੇ ਮੋਬਾਈਲ ਫੋਨ ਤੋਂ ਦੂਰੀ ਬਣਾਈ ਰੱਖੀ ਤੇ ਹਰ ਰੋਜ਼ ਨਿਰਧਾਰਿਤ ਸਮੇਂ ‘ਤੇ ਪੜ੍ਹਾਈ ਕੀਤੀ। ਔਖੇ ਵਿਸ਼ਿਆਂ ਨੂੰ ਵਾਰ-ਵਾਰ ਦੁਹਰਾਇਆ। ਉਸਦਾ ਸੁਪਨਾ ਹੈ ਕਿ ਉਹ ਮੈਡੀਕਲ ਖੇਤਰ ਵਿੱਚ ਜਾ ਕੇ ਡਾਕਟਰ ਬਣੇ ਤੇ ਸਮਾਜ ਦੀ ਸੇਵਾ ਕਰਨ ਦਾ ਹੈ।
ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਅਰੁਣ ਬਾਂਸਲ ਦੀ ਧੀ ਜਾਨਵੀ ਬਾਂਸਲ ਨੇ ਆਪਣੀ ਸਫਲਤਾ ਦਾ ਸਿਹਰਾ ਮਿਹਨਤ ਅਤੇ ਪਰਿਵਾਰਕ ਸਹਿਯੋਗ ਨੂੰ ਦਿੱਤਾ। ਉਸਨੇ ਕਿਹਾ ਕਿ ਉਸਦੇ ਮਾਪਿਆਂ ਨੇ ਹਮੇਸ਼ਾ ਉਸਨੂੰ ਪੜ੍ਹਾਈ ਲਈ ਪ੍ਰੇਰਿਆ ਤੇ ਉਸਨੇ ਆਪਣੇ ਟੀਚੇ ’ਤੇ ਧਿਆਨ ਕੇਂਦ੍ਰਿਤ ਰੱਖਿਆ। ਉਹ ਵੀ ਆਪਣੇ ਪਿਤਾ ਵਾਂਗ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸਨੇ ਕਿਹਾ ਕਿ ਪੜ੍ਹਾਈ ਸਮੇਂ ਮੋਬਾਇਲ ਫੋਨ ਨੂੰ ਦੂਰ ਰੱਖ ਦੇਣਾ ਚਾਹੀਦਾ ਹੈ ਅਤੇ ਸਾਰਾ ਧਿਆਨ ਪੜ੍ਹਾਈ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ।