ਜ਼ਿਲ੍ਹੇ ਦੇ ਅਫ਼ਸਰਾਂ ਤੇ ਐੱਸਐੱਮਓਜ਼ ਦੀ ਹੋਈ ਮਹੀਨਾਵਾਰ ਮੀਟਿੰਗ
ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਮਹੀਨਾਵਾਰ ਮੀਟਿੰਗ ਹੋਈ
Publish Date: Tue, 10 Feb 2026 04:25 PM (IST)
Updated Date: Wed, 11 Feb 2026 04:00 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ. ਤਪਿੰਦਰਜੋਤ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ, ਸੀਨੀਅਰ ਮੈਡੀਕਲ ਅਫ਼ਸਰਾਂ ਤੇ ਅਰਬਨ ਮੈਡੀਕਲ ਅਫ਼ਸਰਾਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦਾ ਉਦੇਸ਼ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਅਤੇ ਸਿਹਤ ਸਕੀਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਸੀ। ਡਾ. ਤਪਿੰਦਰਜੋਤ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਿਹਤ ਸਕੀਮਾਂ ਦਾ ਲਾਭ ਹਰ ਲਾਭਪਾਤਰੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ ਤੇ ਸਿਹਤ ਸੰਸਥਾਵਾਂ ’ਚ ਆਉਣ ਵਾਲੇ ਮਰੀਜ਼ਾਂ ਨਾਲ ਸਤਿਕਾਰਪੂਰਵਕ ਵਰਤਾਓ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਬੈੱਡਾਂ, ਕੁਰਸੀਆਂ, ਪੀਣ ਵਾਲੇ ਸਾਫ਼ ਪਾਣੀ ਤੇ ਸਫ਼ਾਈ ਦੀ ਰੋਜ਼ਾਨਾ ਜਾਂਚ ਕੀਤੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ 108 ਐਂਬੂਲੈਂਸ ਸਮੇਤ ਸਾਰੀਆਂ ਐਂਬੂਲੈਂਸਾਂ ਵਿੱਚ ਲੋੜੀਂਦਾ ਸਾਜੋ-ਸਾਮਾਨ ਚਾਲੂ ਹਾਲਤ ਵਿਚ ਹੋਵੇ। ਵ੍ਹੀਲਚੇਅਰਾਂ ਤੇ ਸਟ੍ਰੈੱਚਰ ਸਾਫ਼-ਸੁਥਰੇ ਹੋਣ ਤੇ ਉਨ੍ਹਾਂ ’ਤੇ ਗੱਦੀਆਂ ਤੇ ਸਾਫ਼ ਚਾਦਰਾਂ ਲਗੀਆਂ ਹੋਣ। ਸਾਰੀਆਂ ਸਿਹਤ ਸੰਸਥਾਵਾਂ ’ਚ ਸੀਸੀਟੀਵੀ ਕੈਮਰੇ ਚਾਲੂ ਰੱਖਣ ਦੇ ਵੀ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਜੇਐਸਵਾਈ., ਆਸ਼ਾ ਵਰਕਰਾਂ ਦੇ ਕੰਮ, ਟੀਕਾਕਰਨ ਪ੍ਰੋਗਰਾਮ, ਕੋਟਪਾ ਐਕਟ, ਐੱਨਵੀਬੀਡੀਸੀਪੀ ਤੇ ਪਰਿਵਾਰ ਨਿਯੋਜਨ ਪ੍ਰੋਗਰਾਮਾਂ ਸਬੰਧੀ ਵੀ ਚਰਚਾ ਕੀਤੀ। ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਾਰੀਆਂ ਸਕੀਮਾਂ ਦੇ 100 ਫੀਸਦੀ ਟੀਚੇ ਪ੍ਰਾਪਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।