- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਅੰਦਰ ਕੁੱਲ 430 ਵਾਰਡਾਂ ’ਚ ਹੋਵੇਗੀ ਕੌਂਸਲਰਾਂ ਦੀ ਚੋਣ

-ਨਿਗਮ ਸਮੇਤ 11 ਕੌਂਸਲਾਂ ਤੇ ਪੰਚਾਇਤਾਂ ’ਚ ਨਵੀਂ ਵਾਰਡਬੰਦੀ ਨਾਲ ਹੋਵੇਗੀ ਚੋਣ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਰਾਜ ਅੰਦਰ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਇਹ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ, ਇਸ ਬਾਰੇ ਹਾਲੇ ਤਕ ਸਰਕਾਰ ਜਾਂ ਚੋਣ ਕਮਿਸ਼ਨ ਵੱਲੋਂ ਕੋਈ ਅਧਿਕਾਰਤ ਤਰੀਕ ਜਾਰੀ ਨਹੀਂ ਕੀਤੀ ਗਈ। ਇਸ ਦੇ ਬਾਵਜੂਦ ਪ੍ਰਸ਼ਾਸਨਿਕ ਪੱਧਰ ‘ਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਕਈ ਮਹੱਤਵਪੂਰਨ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਜੋ ਜਿਵੇਂ ਹੀ ਤਰੀਕਾਂ ਦਾ ਐਲਾਨ ਹੋਵੇ, ਚੋਣਾਂ ਸੁਚੱਜੇ ਢੰਗ ਨਾਲ ਕਰਵਾਈਆਂ ਜਾ ਸਕਣ। ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਇਕ ਨਗਰ ਨਿਗਮ ਸਮੇਤ 15 ਨਗਰ ਕੌਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਹਨ।
ਇਨ੍ਹਾਂ ਵਿਚ ਪੰਜ ਨਗਰ ਕੌਂਸਲਾਂ ਅਤੇ ਨੌ ਨਗਰ ਪੰਚਾਇਤਾਂ ਸ਼ਾਮਲ ਹਨ। ਇਹ ਚੋਣਾਂ ਸਥਾਨਕ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਪੱਧਰ ਦੀਆਂ ਮੰਨੀਆਂ ਜਾਂਦੀਆਂ ਹਨ, ਕਿਉਂਕਿ ਇਨ੍ਹਾਂ ਰਾਹੀਂ ਸ਼ਹਿਰੀ ਅਤੇ ਅੱਧ-ਸ਼ਹਿਰੀ ਇਲਾਕਿਆਂ ਦੇ ਲੋਕ ਆਪਣੇ ਨੁਮਾਇੰਦਿਆਂ ਦੀ ਚੋਣ ਕਰਦੇ ਹਨ ਜੋ ਸਫਾਈ, ਸੜਕਾਂ, ਪਾਣੀ ਸਪਲਾਈ, ਰੌਸ਼ਨੀ ਅਤੇ ਹੋਰ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਕੰਮਾਂ ਦੀ ਜ਼ਿੰਮੇਵਾਰੀ ਸੰਭਾਲਦੇ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਅਨੁਸਾਰ ਬਠਿੰਡਾ ਨਿਗਮ, ਭਗਤਾ ਭਾਈਕਾ, ਭਾਈਰੂਪਾ, ਕੋਟਸ਼ਮੀਰ, ਕੋਠਾਗੁਰੂ, ਲਹਿਰਾ ਮੁਹੱਬਤ, ਮਹਿਰਾਜ, ਨਥਾਣਾ ਨਗਰ ਪੰਚਾਇਤਾਂ, ਭੁੱਚੋ ਮੰਡੀ, ਗੋਨਿਆਣਾ ਤੇ ਮੌੜ ਨਗਰ ਕੌਂਸਲ ਦੀਆਂ ਚੋਣਾਂ ਨਵੀਂ ਵਾਰਡਬੰਦੀ ਅਨੁਸਾਰ ਕਰਵਾਈਆਂ ਜਾਣੀਆਂ ਹਨ, ਜਦੋਂ ਕਿ ਨਗਰ ਕੌਂਸਲ ਰਾਮਾਂ ਮੰਡੀ, ਕੋਟਫੱਤਾ, ਸੰਗਤ ਅਤੇ ਨਗਰ ਪੰਚਾਇਤ ਮਲੂਕਾ ਦੀ ਚੋਣ ਪੁਰਾਣੀ ਵਾਰਡਬੰਦੀ ਅਨੁਸਾਰ ਕਰਵਾਈ ਜਾਣੀ ਹੈ। ਚੋਣ ਕਮਿਸ਼ਨ ਨੇ ਇਹ ਫੈਸਲਾ ਪ੍ਰਸ਼ਾਸਨ ਵੱਲੋਂ ਸਥਾਨਕ ਸਥਿਤੀਆਂ ਅਤੇ ਤਕਨੀਕੀ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ, ਤਾਂ ਜੋ ਚੋਣ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਔਕੜ ਪੈਦਾ ਨਾ ਹੋਵੇ।
ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਵਾਰਡਬੰਦੀ ਤੇ ਵੋਟਰ ਸੂਚੀਆਂ ਦੀ ਤਿਆਰੀ ਚੋਣਾਂ ਦੀ ਸਭ ਤੋਂ ਮਹੱਤਵਪੂਰਨ ਕੜੀ ਹੁੰਦੀ ਹੈ। ਇਸ ਲਈ ਇਸ ਵਾਰ ਪ੍ਰਸ਼ਾਸਨ ਵੱਲੋਂ ਵੋਟਰ ਸੂਚੀਆਂ ਦੀ ਅਪਡੇਟਿੰਗ ਅਤੇ ਤਸਦੀਕ ‘ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਗਲਤੀਆਂ ਨੂੰ ਦੂਰ ਕਰਨ ਅਤੇ ਨਵੇਂ ਵੋਟਰਾਂ ਦੇ ਨਾਮ ਸ਼ਾਮਲ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਚੋਣਾਂ ਨੂੰ ਲੈ ਕੇ ਸਥਾਨਕ ਪੱਧਰ ‘ਤੇ ਚੋਣਾਂ ਨੂੰ ਲੈ ਕੇ ਰਾਜਨੀਤਕ ਸਰਗਰਮੀਆਂ ਵੀ ਹੌਲੀ-ਹੌਲੀ ਤੇਜ਼ ਹੋਣ ਲੱਗੀਆਂ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਸੰਭਾਵੀ ਉਮੀਦਵਾਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਸੰਪਰਕ ਵਧਾਇਆ ਜਾ ਰਿਹਾ ਹੈ। ਕਈ ਥਾਵਾਂ ’ਤੇ ਵਿਕਾਸ ਕਾਰਜਾਂ ਅਤੇ ਲੋਕ-ਸਬੰਧੀ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ।
ਹਾਲਾਂਕਿ ਚੋਣਾਂ ਦੀ ਤਰੀਕ ਹਾਲੇ ਤੈਅ ਨਹੀਂ ਹੋਈ, ਪਰ ਪ੍ਰਸ਼ਾਸਨਿਕ ਤਿਆਰੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ ਆਉਣ ਵਾਲੇ ਮਈ ਮਹੀਨੇ ਵਿਚ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਆਪਣੀਆਂ ਤਿਆਰੀਆਂ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਉਣ ਵਾਲੀਆਂ ਚੋਣਾਂ ਰਾਜਨੀਤਕ ਅਤੇ ਪ੍ਰਸ਼ਾਸਨਿਕ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ।
-ਬਾਕਸ-
ਜ਼ਿਲ੍ਹੇ ’ਚ ਨਿਗਮ ਸਮੇਤ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕੋਲ 430 ਵਾਰਡਾਂ ਵਿੱਚ ਚੋਣ ਹੋਣੀ ਹੈ। ਚੋਣ ਕਮਿਸ਼ਨ ਦੇ ਪੱਤਰ ਅਨੁਸਾਰ ਬਠਿੰਡਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿਚ ਕੌਂਸਲਰਾਂ ਦੀ ਚੋਣ ਹੋਣੀ ਹੈ। ਇਸ ਤਰ੍ਹਾਂ ਭੁੱਚੋ ਮੰਡੀ ਵਿੱਚ 13 ਵਾਰਡਾਂ ’ਤੇ ਚੋਣ ਹੋਵੇਗੀ, ਜਦੋਂ ਕਿ ਗੋਨਿਆਣਾ ਨਗਰ ਕੌਂਸਲ 13, ਕੋਟਫੱਤ ਨਗਰ ਕੌਂਸਲ 11, ਮੌੜ ਮੰਡੀ ਨਗਰ ਕੌਂਸਲ 17, ਰਾਮਾਂ ਮੰਡੀ ਨਗਰ ਕੌਂਸਲ ’ਚ 15 ਵਾਰਡਾਂ ਵਿਚ ਹੋਣ ਹੋਵੇਗੀ। ਇਸ ਤਰ੍ਹਾਂ ਹੀ ਸੰਗਤ ਮੰਡੀ ਨਗਰ ਕੌਂਸਲ ਵਿਚ 9 ਵਾਰਡਾਂ, ਭਗਤਾ ਭਾਈ ਕਾ ਨਗਰਪੰਚਾਇਤ 13 ਵਾਰਡਾਂ, ਕੋਟ ਸ਼ਮੀਰ ਨਗਰ ਪੰਚਾਇਤ 13 ਵਾਰਡਾਂ, ਨਥਾਣਾ ਨਗਰ ਪੰਚਾਇਤ 11 ਵਾਰਡਾਂ, ਲਹਿਰਾ ਮੁਹੱਬਤ ਨਗਰ ਪੰਚਾਇਤ 11 ਵਾਰਡਾਂ, ਭਾਈ ਰੂਪਾ ਨਗਰ ਪੰਚਾਇਤ 13 ਵਾਰਡਾਂ, ਮਹਿਰਾਜ ਨਗਰ ਪੰਚਾਇਤ 13 ਵਾਰਡਾਂ, ਕੋਠਾ ਗੁਰੂ ਨਗਰ ਪੰਚਾਇਤ 11 ਵਾਰਡਾਂ, ਮਲੂਕਾ ਨਗਰ ਪੰਚਾਇਤ 11 ’ਚ ਇਹ ਚੋਣਾਂ ਹੋਣੀਆਂ ਹਨ। ਤਲਵੰਡੀ ਸਾਬੋ ਨਗਰ ਕੌਂਸਲ ਦੇ ਵਾਰਡ ਨੰਬਰ 13 ਵਿੱਚ ਵੀ ਇਨ੍ਹਾਂ ਦੇ ਨਾਲ ਹੀ ਉਪ ਚੋਣ ਹੋਵੇਗੀ। ਇਸ ਤਰ੍ਹਾਂ ਕੁੱਲ ਮਿਲਾ ਕੇ ਜ਼ਿਲ੍ਹੇ ਅੰਦਰ 430 ਵਾਰਡਾਂ ਵਿੱਚ ਕੌਂਸਲਰਾਂ ਦੀ ਇਹ ਚੋਣ ਹੋਣੀ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਜਿਹੜੀ ਪਾਰਟੀ ਬਹੁਮਤ ਪ੍ਰਾਪਤ ਕਰੇਗੀ, ਉਹੀ ਆਪਣੇ ਪ੍ਰਧਾਨ ਚੁਣ ਸਕੇਗੀ।