ਜ਼ਿਲ੍ਹੇ ’ਚ ਤਾਪਮਾਨ ਵਧਣ ਕਾਰਨ ਲੋਕਾਂ ਨੂੰ ਮਿਲੀ ਠੰਢ ਤੋਂ ਰਾਹਤ
ਜ਼ਿਲ੍ਹੇ ਵਿਚ ਤਾਪਮਾਨ ਵੱਧਣ ਕਾਰਨ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ
Publish Date: Mon, 19 Jan 2026 05:21 PM (IST)
Updated Date: Tue, 20 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿਚ ਜਨਵਰੀ ਮਹੀਨੇ ਦੇ ਅੱਧ ਵਿਚ ਮੌਸਮ ਹੌਲੀ-ਹੌਲੀ ਬਦਲ ਰਿਹਾ ਹੈ।ਪਿਛਲੇ ਹਫ਼ਤੇ ਦੌਰਾਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਤਾਪਮਾਨ ’ਚ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਸਕਦਾ ਹੈ। 12 ਜਨਵਰੀ ਨੂੰ ਜ਼ਿਲ੍ਹੇ ’ਚ ਘੱਟੋ-ਘੱਟ ਤਾਪਮਾਨ ਸਿਰਫ਼ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 15.5 ਡਿਗਰੀ ਸੈਲਸੀਅਸ ਸੀ। ਇਸ ਦਿਨ ਵੱਧ ਤੋਂ ਵੱਧ ਨਮੀ 100 ਫੀਸਦੀ ਸੀ, ਜਿਸ ਕਾਰਨ ਸਵੇਰੇ ਤੇ ਰਾਤ ਨੂੰ ਸੰਘਣੀ ਧੁੰਦ ਤੇ ਠੰਢੀਆਂ ਹਵਾਵਾਂ ਚੱਲ ਰਹੀਆਂ ਸਨ। ਹਾਲਾਂਕਿ ਧੁੱਪ ਨਿਕਲਣ ਤੋਂ ਬਾਅਦ ਦਿਨ ਵੇਲੇ ਕੁਝ ਰਾਹਤ ਮਹਿਸੂਸ ਕੀਤੀ ਗਈ ਹੈ। ਇਸ ਤੋਂ ਬਾਅਦ, 13 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਵੱਧ ਤੋਂ ਵੱਧ ਤਾਪਮਾਨ 13.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਚ ਨਮੀ ਦੇ ਪੱਧਰ ਕਾਰਨ, ਠੰਢ ਜਾਰੀ ਰਹੀ। 14 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 13.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 16 ਜਨਵਰੀ ਨੂੰ ਮੌਸਮ ਵਿਚ ਪੂਰਨ ਤੌਰ ’ਤੇ ਤਬਦੀਲੀ ਦੇਖਣ ਨੂੰ ਮਿਲੀ। ਉਸ ਦਿਨ ਘੱਟੋ-ਘੱਟ ਤਾਪਮਾਨ 3.0 ਡਿਗਰੀ ਸੈਲਸੀਅਸ ਸੀ, ਪਰ ਵੱਧ ਤੋਂ ਵੱਧ ਤਾਪਮਾਨ ਤੇਜ਼ੀ ਨਾਲ ਵਧ ਕੇ 20.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ, 17 ਜਨਵਰੀ ਨੂੰ, ਘੱਟੋ-ਘੱਟ ਤਾਪਮਾਨ 5.0 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 20.0 ਡਿਗਰੀ ਸੈਲਸੀਅਸ ਸੀ। ਦਿਨ ਦੌਰਾਨ ਧੁੱਪ ਨੇ ਲੋਕਾਂ ਨੂੰ ਠੰਢ ਤੋਂ ਕਾਫ਼ੀ ਰਾਹਤ ਦਿੱਤੀ। 18 ਜਨਵਰੀ ਨੂੰ ਘੱਟੋ-ਘੱਟ ਤਾਪਮਾਨ ਹੋਰ ਵਧ ਕੇ 7.0 ਡਿਗਰੀ ਸੈਲਸੀਅਸ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 17.5 ਡਿਗਰੀ ਸੈਲਸੀਅਸ, 19 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 8.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 21.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਇਸ ਸਮੇਂ ਦਾ ਸਭ ਤੋਂ ਵੱਧ ਤਾਪਮਾਨ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਬਠਿੰਡਾ ’ਚ ਠੰਢ ਦੀ ਤੀਬਰਤਾ ਹੌਲੀ-ਹੌਲੀ ਘੱਟ ਰਹੀ ਹੈ। ਇਸ ਦੌਰਾਨ ਪੂਰੇ ਹਫ਼ਤੇ ਮੀਂਹ ਨਹੀਂ ਪਿਆ, ਪਰੰਤੂ ਹਵਾ ਦੀ ਗਤੀ ਆਮ ਰਹੀ। ਧੁੱਪ ਦੇ ਘੰਟੇ ਵੀ ਵਧੇ, ਜਿਸ ਨਾਲ ਦਿਨ ਦਾ ਮੌਸਮ ਸੁਹਾਵਣਾ ਹੋ ਗਿਆ। ਮੌਸਮ ਮਾਹਿਰਾਂ ਅਨੁਸਾਰ, ਜੇਕਰ ਇਹ ਰੁਝਾਨ ਜਾਰੀ ਰਿਹਾ, ਤਾਂ ਭਵਿੱਖ ’ਚ ਰਾਤ ਦੀ ਠੰਢ ਹੋਰ ਘੱਟ ਸਕਦੀ ਹੈ। ਕੁੱਲ ਮਿਲਾ ਕੇ ਬਠਿੰਡਾ ਵਿਚ ਹੁਣ ਠੰਢ ਘੱਟ ਰਹੀ ਹੈ ਅਤੇ ਤਾਪਮਾਨ ਵਿਚ ਲਗਾਤਾਰ ਵਾਧੇ ਨਾਲ ਆਮ ਲੋਕਾਂ ਅਤੇ ਕਿਸਾਨਾਂ ਦੋਵੇਂ ਨੂੰ ਰਾਹਤ ਮਿਲਣ ਦੀ ਉਮੀਦ ਹੈ।