- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ 'ਚ ਗੈਸ ਤੇ ਇੰਧਨ ਸਪਲਾਈ ਦੀ ਕੀਤੀ ਸਮੀਖਿਆ

-ਕਿਹਾ, ਕਾਮਰਸ਼ੀਅਲ ਤੇ ਘਰੇਲੂ ਗੈਸ ਦੀ ਸਪਲਾਈ ਸੁਚਾਰੂ, ਖ਼ਪਤਕਾਰਾਂ ਨਾ ਘਬਰਾਉਣ
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹੇ ਅੰਦਰ ਘਰੇਲੂ ਗੈਸ ਅਤੇ ਪੈਟਰੋਲ/ਡੀਜ਼ਲ ਸਪਲਾਈ ਦੀ ਸਥਿਤੀ ਦੀ ਸਮੀਖਿਆ ਕੀਤੀ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਤੇਲ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਘਰੇਲੂ ਗੈਸ, ਪੈਟਰੋਲ ਅਤੇ ਡੀਜ਼ਲ ਦਾ ਸਟਾਕ ਉਪਲੱਬਧ ਹੈ। ਗੈਸ ਸਿਲੰਡਰਾਂ ਦੀ ਡਲਿਵਰੀ ਬੁਕਿੰਗ ਤੋਂ 3 ਤੋਂ 4 ਦਿਨਾਂ ਅੰਦਰ ਯਕੀਨੀ ਕੀਤੀ ਜਾ ਰਹੀ ਹੈ ਅਤੇ ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਨੂੰ ਪਹਿਲਾਂ ਵਾਂਗ ਸਪਲਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਕਮਰਸ਼ੀਅਲ ਗੈਸ ਸਿਲੰਡਰ ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਫਾਰਮਾ ਇੰਡਸਟਰੀ, ਸੀਡ ਪ੍ਰੋਸੈਸਿੰਗ ਯੂਨਿਟਾਂ, ਫਿਸ਼ਰੀਜ਼ ਅਤੇ ਏਅਰਲਾਈਨ/ਰੇਲਵੇ ਕੰਟੀਨ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਾਰੀ ਕੀਤੇ ਜਾ ਰਹੇ ਹਨ। ਪੇਂਡੂ ਖੇਤਰ ਵਿਚ ਗੈਸ ਬੁਕਿੰਗ ਸਮਾਂ ਘਟਾਇਆ ਗਿਆ। ਉਨ੍ਹਾਂ ਕੰਪਨੀਆਂ ਦੇ ਸੇਲਜ਼ ਅਫ਼ਸਰਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਪੇਂਡੂ ਖੇਤਰਾਂ ਵਿਚ ਗੈਸ ਦੀ ਬੁਕਿੰਗ 45 ਦਿਨਾਂ ਬਾਅਦ ਹੋ ਰਹੀ ਸੀ, ਜਿਸਨੂੰ ਹੁਣ ਘਟਾ ਕੇ 25 ਦਿਨ ਕਰ ਦਿੱਤਾ ਗਿਆ ਹੈ, ਜਿਸ ਨਾਲ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਗੈਸ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਰੋਜ਼ਾਨਾ ਵੱਖ-ਵੱਖ ਸਥਾਨਾਂ ’ਤੇ ਚੈਕਿੰਗ ਕਰ ਰਹੀਆਂ ਹਨ ਤਾਂ ਜੋ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਮੂਹ ਖਪਤਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ ਗੈਸ ਅਤੇ ਇੰਧਨ ਦਾ ਪ੍ਰਚੁਰ ਸਟਾਕ ਮੌਜੂਦ ਹੈ, ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਗੈਸ ਦੀ ਬੁਕਿੰਗ 25 ਦਿਨਾਂ ਬਾਅਦ ਕਰਵਾਈ ਜਾਵੇ ਅਤੇ ਡਿਲਿਵਰੀ ਕੋਡ ਰਾਹੀਂ ਹੀ ਸਿਲੰਡਰ ਪ੍ਰਾਪਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਗੈਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਖਪਤਕਾਰ 0164-2921552 ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੀ ਈ-ਕੇਵਾਈਸੀ ਨਹੀਂ ਹੋਈ, ਉਹ ਆਪਣੀ ਸਬੰਧਤ ਗੈਸ ਏਜੰਸੀ ’ਤੇ ਜਾ ਕੇ ਜਾਂ ਆਨਲਾਈਨ ਪ੍ਰਕਿਰਿਆ ਰਾਹੀਂ ਆਪਣੀ ਈ-ਕੇਵਾਈਸੀ ਜਲਦ ਤੋਂ ਜਲਦ ਪੂਰੀ ਕਰਵਾਉਣ।
ਇਸ ਮੀਟਿੰਗ ਵਿਚ ਹਰਸ਼ਿਤ ਮਹਿਤਾ (ਖੁਰਾਕ ਸਪਲਾਈ ਅਫ਼ਸਰ), ਸੰਚਿਤ ਸ਼ਰਮਾ (ਸੇਲਜ਼ ਅਫ਼ਸਰ, ਆਈਓਸੀਐੱਲ), ਆਯੂਸ ਚੌਹਾਨ (ਸੇਲਜ਼ ਅਫ਼ਸਰ, ਐੱਚਪੀਸੀਐੱਲ), ਅਮਰੀਕ ਟਿਵਾਣਾ (ਸਕਿਉਰਿਟੀ ਇੰਚਾਰਜ, ਐੱਸਐੱਸਪੀ ਦਫ਼ਤਰ), ਡਾ. ਅਨੁਪਮਾ ਸ਼ਰਮਾ (ਅਸਿਸਟੈਂਟ ਸਿਵਲ ਸਰਜਨ) ਅਤੇ ਸ਼ੀਨੂੰ ਗਰਗ (ਨਿਰੀਖਿਅਕ) ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।