- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਕਾਂਗਰਸ ਦੀ ਅੰਦਰੂਨੀ ਫੁੱਟ ਆਈ ਸਾਹਮਣੇ, ਕਾਂਗਰਸ ਦੇ ਦੋ ਧੜਿਆਂ ਵਿਚ ਧੱਕਾ ਮੁੱਕੀ

-ਸਾਬਕਾ ਮੰਤਰੀ ਕਾਂਗੜ ਤੇ ਆਗੂ ਜਸ਼ਨ ਚਹਿਲ ਦੇ ਹਮਾਇਤੀ ਭਿੜੇ, ਦੋਵਾਂ ਆਗੂਆਂ ਦੇ ਸਮਰਥਕਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਜ਼ਿਲ੍ਹਾ ਕਾਂਗਰਸ ਕਮੇਟੀ ਦੀ ਹਾਲੀਆ ਮੀਟਿੰਗ ਦੌਰਾਨ ਹੰਗਾਮੇਦਾਰ ਮਾਹੌਲ ਬਣ ਗਿਆ, ਜਦੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਨੌਜਵਾਨ ਆਗੂ ਜਸ਼ਨ ਚਹਿਲ ਦੇ ਧੜਿਆਂ ਦੇ ਸਮਰਥਕਾਂ ਵਿਚਕਾਰ ਤਕਰਾਰ ਧੱਕਾ ਮੁੱਕੀ ਤਕ ਪਹੁੰਚ ਗਈ। ਇਹ ਘਟਨਾ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਡਾਲਵੀ ਦੀ ਮੌਜੂਦਗੀ ਵਿਚ ਵਾਪਰੀ, ਜਿਸ ਨਾਲ ਪਾਰਟੀ ਵਿਚ ਚੱਲ ਰਹੀ ਅੰਦਰੂਨੀ ਫੁੱਟ ਖੁੱਲ੍ਹ ਕੇ ਸਾਹਮਣੇ ਆ ਗਈ। ਮੀਟਿੰਗ ਦਾ ਮੁੱਖ ਉਦੇਸ਼ 11 ਜਨਵਰੀ ਨੂੰ ਭੁੱਚੋ ਵਿਚ ਹੋਣ ਵਾਲੀ ਕਾਂਗਰਸ ਰੈਲੀ ਦੀ ਤਿਆਰੀ, ਵਰਕਰਾਂ ਦੀ ਭੀੜ ਇਕੱਠੀ ਕਰਨ ਅਤੇ ਬੱਸਾਂ ਦੀ ਵਿਵਸਥਾ ਸਬੰਧੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ, ਪ੍ਰੰਤੂ ਸਥਿਤੀ ਉਲਟ ਰਹੀ ਸੀ। ਕਾਂਗਰਸ ਪਾਰਟੀ ਦੇ ਰਾਮਪੁਰਾ ਹਲਕੇ ਦੇ ਦੋ ਆਗੂਆਂ ਵਿਚਕਾਰ ਕਾਫੀ ਸਮੇਂ ਤੋਂ ਕਸ਼ਮਕਸ ਚੱਲ ਰਹੀ ਹੈ। ਇਕ ਧੜੇ ਨਾਲ ਸਬੰਧਤ ਨੌਜਵਾਨ ਆਗੂ ਨੂੰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੀ ਹਮਾਇਤ ਪ੍ਰਾਪਤ ਹੈ।
ਭਰੋਸੇਯੋਗ ਸੂਤਰਾਂ ਅਨੁਾਸਰ ਰੈਲੀ ਦੀ ਕਾਮਯਾਬੀ ਲਈ ਪੰਜਾਬ ਕਾਂਗਰਸ ਦੇ ਇੰਚਾਰਜ਼ ਡਾਲਵੀ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਨੌਜਵਾਨ ਆਗੂ ਜਸ਼ਨ ਚਹਿਲ ਆਪਣੇ ਵੱਡੀ ਗਿਣਤੀ ਸਮਰਥਕਾਂ ਸਮੇਤ ਉਥੇ ਪੁੱਜੇ ਹੋਏ ਸਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ਼ ਨੇ ਹਲਕੇ ਵਿੱਚੋਂ ਵਰਕਰਾਂ ਦੀਆਂ ਬੱਸਾਂ ਭਰ ਕੇ ਭੁੱਚੋ ਰੈਲੀ ਵਿਚ ਲੈ ਕੇ ਆਉਣ ਸਬੰਧੀ ਗੱਲ ਤੋਰੀ ਸੀ ਕਿ ਕਾਂਗਰਸ ਪਾਰਟੀ ਦੇ ਦੋਵੇਂ ਧੜ੍ਹੇ ਆਪਸ ਵਿਚ ਉਲਝ ਪਏ। ਕਮਰੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ। ਅੰਦਰ ਦੋਵਾਂ ਧੜਿਆਂ ਵਿਚਕਾਰ ਰੱਜ ਕੇ ਧੱਕਾ-ਮੁੱਕੀ ਹੋਈ। ਮਾਹੌਲ ਜ਼ਿਆਦਾ ਵਿਗੜਦਾ ਦੇਖੇ ਕੇ ਕਮਰੇ ਦਾ ਕੁੰਡਾ ਖੋਲ ਦਿੱਤਾ ਗਿਆ ਤਾਂ ਦੋਵਾਂ ਧੜਿਆਂ ਨੇ ਇਕ ਦੂਜੇ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਂਗੜ ਅਤੇ ਜਸ਼ਨ ਗਰੁੱਪ ਦੇ ਆਗੂਆਂ ਨੇ ਇਕ ਦੂਜੇ ਉੱਪਰ ਗੰਭੀਰ ਦੋਸ਼ ਲਾਏ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਵਿਚ ਵਿਚਾਲ ਪੈ ਕੇ ਦੋਵਾਂ ਧੜਿਆਂ ਦੇ ਆਗੂਆਂ ਨੂੰ ਸ਼ਾਂਤ ਕਰਦੇ ਨਜ਼ਰ ਆਏ। ਕਾਂਗਰਸੀ ਸੂਤਰਾਂ ਅਨੁਸਾਰ ਕਾਂਗਰਸੀ ਵਰਕਰਾਂ ਵਿੱਚਕਾਰ ਖੁੱਲ ਕੇ ਧੱਕਾ ਮੁੱਕੀ ਅਤੇ ਗਾਲੀ ਗਲੋਚ ਹੋਇਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੀ ਘਟਨਾ ਕਮਰੇ ਦੇ ਅੰਦਰ ਪੰਜਾਬ ਕਾਂਗਰਸ ਦੇ ਇੰਚਾਰਜ ਡਾਲਵੀ ਦੀ ਹਾਜ਼ਰੀ ਵਿੱਚ ਹੋਈ ਹੈ।
-ਬਾਕਸ-
-ਬਠਿੰਡਾ ਦਿਹਾਤੀ ਦੇ ਆਗੂਆਂ ’ਚ ਵੀ ਧੱਕਾਮੁੱਕੀ
ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਹੀ ਨਹੀਂ ਸਗੋਂ ਬਠਿੰਡਾ ਦਿਹਾਤੀ ਰਾਖਵੇਂ ਹਲਕੇ ਦੇ ਆਗੂਆਂ ਵਿਚਕਾਰ ਵੀ ਤਿੱਖੀ ਬਹਿਸਬਾਜੀ ਹੋਈ। ਬਠਿੰਡਾ ਦਿਹਾਤੀ ਹਲਕੇ ਦੇ ਵਰਕਰਾਂ ਤੇ ਆਗੂਆਂ ਦਰਮਿਆਨ ਵੀ ਧੱਕਾ ਮੁੱਕੀ ਦੀ ਘਟਨਾ ਵਾਪਰੀ ਹੈ। ਇੱਥੇ ਬਲਾਕ ਪ੍ਰਧਾਨ ਮਨਜੀਤ ਸਿੰਘ ਅਤੇ ਕਿਸਾਨ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਕੋਟਫੱਤਾ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਹ ਬਹਿਸਬਾਜੀ ਧੱਕਾ-ਮੁੱਕੀ ਤਕ ਪਹੁੰਚ ਗਈ। ਕਾਂਗਰਸ ਦੇ ਹੋਰ ਨਾ ਆਗੂਆਂ ਨੇ ਵਿੱਚ ਵਿਚਾਲੇ ਪੈ ਕੇ ਮਾਮਲੇ ਨੂੰ ਸ਼ਾਂਤ ਕੀਤਾ। ਇਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
-ਬਾਕਸ-
-ਬਲਾਕ ਪ੍ਰਧਾਨ ਦੀ ਕਿਹੜਾ ਬੱਸ ਚਲਦੀ ਹੈ
ਇਨ੍ਹਾਂ ਹੀ ਨਹੀਂ ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸੀ ਆਗੂਆਂ ਵਿਚਕਾਰ ਵੀ ਰੱਫੜ ਪਿਆ ਰਿਹਾ। ਉਥੋਂ ਦੇ ਬਲਾਕ ਪ੍ਰਧਾਨ ਨੂੰ ਜਦੋਂ ਬੱਸਾਂ ਭਰ ਕੇ ਰੈਲੀ ਵਿੱਚ ਲਿਆਉਣ ਲਈ ਕਿਹਾ ਗਿਆ ਤਾਂ ਉਸ ਦਾ ਕਹਿਣਾ ਸੀ ਕੇ ਜੈਤੋ ਵਿੱਚ ਗਲਤ ਟਿਕਟਾਂ ਦੇਣ ਕਾਰਨ ਕਾਂਗਰਸ ਪਾਰਟੀ ਹਾਰੀ ਹੈ। ਉਸ ਨੇ ਕਿਹਾ ਕਿ ਹੁਣ ਟਿਕਟਾਂ ਦੇਣ ਵਾਲੇ ਲੀਡਰ ਹੀ ਵਰਕਰਾਂ ਦੀਆਂ ਬੱਸਾਂ ਭਰ ਕੇ ਲਿਆਉਣ ਬਲਾਕ ਪ੍ਰਧਾਨ ਦੀ ਕਿਹੜਾ ਮਿੰਨੀ ਬੱਸ ਚਲਦੀ ਹੈ। ਜੈਤੋ ਹਲਕੇ ਅੰਦਰ ਕਾਂਗਰਸ ਪਾਰਟੀ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ।
-ਬਾਕਸ-
-ਬਾਹਰੋਂ ਆਏ ਪਾਰਟੀ ਦਾ ਕਰ ਰਹੇ ਨੁਕਸਾਨ
ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਬਾਹਰਲੇ ਹਲਕਿਆਂ ਤੋਂ ਆਏ ਲੋਕ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਜਸ਼ਨ ਚਹਿਲ ਦਾ ਨਾਮ ਲਏ ਤੋਂ ਬਿਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੀ ਮੀਟਿੰਗ ਵਿੱਚ ਅਕਾਲੀ ਦਲ ਤੇ ਝਾੜੂ ਦੇ ਵਰਕਰ ਆਏ ਸਨ, ਜਿਨਾਂ ਪਾਰਟੀ ਨੂੰ ਕਮਜ਼ੋਰ ਕਰਨ ਲਈ ਬਿਨਾਂ ਗੱਲੋਂ ਰੌਲਾ-ਰੱਪਾ ਖੜਾ ਕੀਤਾ। ਉਸਦਾ ਕਹਿਣਾ ਸੀ ਕਿ ਪਾਰਟੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਕਾਂਗਰਸ ਵੱਲ ਧਿਆਨ ਦੇਵੇ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਜਸ਼ਨ ਚਹਿਲ ਦੇ ਧੜਿਆਂ ਦਰਮਿਆਨ ਕਾਫ਼ੀ ਸਮੇਂ ਤੋਂ ਸਿਆਸੀ ਰੰਜ਼ਿਸ ਚੱਲਦੀ ਹੈ।
-ਬਾਕਸ-
-ਮੇਰੇ ਸਾਹਮਣੇ ਕੁੱਝ ਨਹੀਂ ਹੋਇਆ: ਡਾਲਵੀ
ਆਲ ਇੰਡੀਆ ਕਾਂਗਰਸ ਦੇ ਸੈਕਟਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਡਾਲਵੀ ਨੇ ਇਸ ਮਾਮਲੇ ’ਤੇ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਤਕਰਾਰਬਾਜ਼ੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਭੁੱਚੋ ਮੰਡੀ ਰੈਲੀ ਵਿਚ ਵਰਕਰਾਂ ਨੂੰ ਲਿਆਉਣ ਲਈ ਕਿਹਾ ਗਿਆ ਹੈ। ਸਾਰੇ ਕਾਂਗਰਸੀ ਆਗੂਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਘਰ ਘਰ ਜਾ ਕੇ ਇਸ ਰੈਲੀ ਲਈ ਲਾਮਬੰਦੀ ਕਰਨ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਦਾ ਕਹਿਣਾ ਸੀ ਕਿ ਥੋੜੀ ਬਹੁਤੀ ਕਈ ਵਾਰ ਆਪਸੀ ਨਰਾਜ਼ਗੀ ਹੋ ਜਾਂਦੀ ਹੈ ਪਰ ਕੁੱਲ ਮਿਲਾ ਕੇ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਸਾਲ 2027 ਵਿਚ ਆਪਣੀ ਸਰਕਾਰ ਬਣਾਏਗੀ।