- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਜ਼ਿਲ੍ਹੇ ਅੰਦਰ ਠੰਢ ਵਧੀ, ਸੀਤ ਲਹਿਰ ਹੋਈ ਤੇਜ਼, ਤਾਪਮਾਨ ਵਿੱਚ ਲਗਾਤਾਰ ਗਿਰਾਵਟ

-ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ’ਚ ਹੋਰ ਵਧ ਸਕਦੀ ਹੈ ਠੰਢ, ਜਾਰੀ ਰਹੇਗੀ ਧੁੰਦ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸਥਾਨਕ ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਤੋਂ ਠੰਢ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਸੀਤ ਲਹਿਰ ਦਾ ਅਸਰ ਕਾਫੀ ਤੇਜ਼ ਹੋ ਗਿਆ ਹੈ। ਸਵੇਰੇ ਤੇ ਸ਼ਾਮ ਦੇ ਸਮੇਂ ਕੜਾਕੇ ਦੀ ਠੰਢ ਪੈ ਰਹੀ ਹੈ, ਜਦਕਿ ਦਿਨ ਦੇ ਸਮੇਂ ਵੀ ਠੰਢੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਠੰਢ ਦਾ ਅਹਿਸਾਸ ਬਣਿਆ ਰਹਿੰਦਾ ਹੈ। ਮੌਸਮ ਵਿੱਚ ਆਏ ਇਸ ਬਦਲਾਅ ਨਾਲ ਜਨਜੀਵਨ ਪ੍ਰਭਾਵਿਤ ਹੋਣ ਲੱਗ ਪਿਆ ਹੈ।
ਮੌਸਮ ਵਿਭਾਗ ਅਨੁਸਾਰ ਬਠਿੰਡਾ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਘਟ ਕੇ 4 ਤੋਂ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਪਿਛਲੇ ਹਫ਼ਤੇ ਦੇ ਮੁਕਾਬਲੇ ਘੱਟੋ-ਘੱਟ ਤਾਪਮਾਨ ਵਿੱਚ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਠੰਢ ਉੱਤਰੀ ਹਵਾਵਾਂ ਅਤੇ ਕੋਹਰੇ ਨੇ ਰਾਤਾਂ ਨੂੰ ਹੋਰ ਵੀ ਜ਼ਿਆਦਾ ਠੰਢਾ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰਉੱਤਰੀ ਭਾਰਤ ਵੱਲੋਂ ਆ ਰਹੀਆਂ ਠੰਡੀ ਹਵਾਵਾਂ ਕਾਰਨ ਪੰਜਾਬ ਵਿੱਚ ਸੀਤ ਲਹਿਰ ਦਾ ਅਸਰ ਵਧਿਆ ਹੈ। ਉਨ੍ਹਾਂ ਮੁਤਾਬਕ ਅਗਲੇ 2 ਤੋਂ 3 ਦਿਨਾਂ ਤਕ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ ਅਤੇ ਸਵੇਰੇ ਦੇ ਸਮੇਂ ਕੋਹਰਾ ਵੀ ਪੈ ਸਕਦਾ ਹੈ। ਵਿਭਾਗ ਨੇ ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਸਮੇਂ ਕਈ ਇਲਾਕਿਆਂ ਵਿੱਚ ਘਣਾ ਕੋਹਰਾ ਪੈਣ ਨਾਲ ਦੇਖਣ ਦ੍ਰਿਸ਼ਟੀ ਕਾਫੀ ਘੱਟ ਰਹੀ, ਜਿਸ ਕਾਰਨ ਸੜਕ ਆਵਾਜਾਈ ‘ਤੇ ਵੀ ਅਸਰ ਪਿਆ। ਵਾਹਨ ਚਾਲਕਾਂ ਨੂੰ ਹੌਲੀ ਗਤੀ ਨਾਲ ਵਾਹਨ ਚਲਾਉਣ ਅਤੇ ਫੌਗ ਲਾਈਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਠੰਢ ਵਧਣ ਨਾਲ ਬਾਜ਼ਾਰਾਂ ਵਿੱਚ ਸਵੇਰੇ ਦੀ ਰੌਣਕ ਘੱਟ ਰਹੀ, ਜਦਕਿ ਸ਼ਾਮ ਦੇ ਸਮੇਂ ਲੋਕ ਜ਼ਰੂਰੀ ਖਰੀਦਦਾਰੀ ਲਈ ਹੀ ਬਾਹਰ ਨਿਕਲੇ। ਸੀਤ ਲਹਿਰ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ‘ਤੇ ਪੈ ਰਿਹਾ ਹੈ।
-ਬਾਕਸ-
-ਠੰਢ ਤੋਂ ਬਚਣ ਦੇ ਤਰੀਕੇ : ਠੰਢ ਦਾ ਮੌਸਮ ਸਿਹਤ ਲਈ ਚੁਣੌਤੀ ਭਰਿਆ ਹੁੰਦਾ ਹੈ। ਠੰਢ ਵਧਣ ਨਾਲ ਜੁਕਾਮ, ਖਾਂਸੀ, ਬੁਖਾਰ ਅਤੇ ਸਾਂਹ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਕੁਝ ਸਾਵਧਾਨੀਆਂ ਅਪਣਾ ਕੇ ਆਪਣੇ ਆਪ ਨੂੰ ਠੰਢ ਤੋਂ ਬਚਾਇਆ ਜਾ ਸਕਦਾ ਹੈ।
ਗਰਮ ਕੱਪੜੇ ਪਹਿਨੋ : ਸਰਦੀ ਵਿੱਚ ਸਿਰ, ਗਰਦਨ, ਕੰਨ ਅਤੇ ਪੈਰਾਂ ਨੂੰ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ। ਉਨੀ ਟੋਪੀ, ਮਫ਼ਲਰ, ਦਸਤਾਨੇ ਅਤੇ ਮੋਟੇ ਮੋਜ਼ੇ ਪਹਿਨਣ ਨਾਲ ਸਰੀਰ ਦੀ ਗਰਮੀ ਕਾਇਮ ਰਹਿੰਦੀ ਹੈ।
ਗਰਮ ਖਾਣ-ਪੀਣ ਅਪਣਾਓ : ਰੋਜ਼ਾਨਾ ਗਰਮ ਦੁੱਧ, ਚਾਹ, ਕਾੜਾ ਜਾਂ ਸੂਪ ਪੀਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ। ਹਰੀ ਸਬਜ਼ੀਆਂ, ਦਾਲਾਂ, ਗੁੜ ਅਤੇ ਸੁੱਕੇ ਮੇਵੇ ਖਾਣਾ ਲਾਭਦਾਇਕ ਹੁੰਦਾ ਹੈ।
ਸਵੇਰੇ ਤੇ ਰਾਤ ਦੀ ਠੰਢ ਤੋਂ ਬਚੋ : ਸਵੇਰੇ ਜਲਦੀ ਅਤੇ ਦੇਰ ਰਾਤ ਬਾਹਰ ਜਾਣ ਤੋਂ ਪਰਹੇਜ਼ ਕਰੋ। ਜੇ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਪੂਰੀ ਤਰ੍ਹਾਂ ਗਰਮ ਕੱਪੜੇ ਪਹਿਨ ਕੇ ਨਿਕਲੋ।
ਧੁੱਪ ਸੇਕੋ : ਸਵੇਰੇ ਦੀ ਧੁੱਪ ਸਰੀਰ ਲਈ ਬਹੁਤ ਲਾਭਦਾਇਕ ਹੁੰਦੀ ਹੈ। ਧੁੱਪ ਨਾਲ ਵਿਟਾਮਿਨ ਡੀ ਮਿਲਦਾ ਹੈ ਅਤੇ ਸਰੀਰ ਨੂੰ ਕੁਦਰਤੀ ਗਰਮੀ ਪ੍ਰਾਪਤ ਹੁੰਦੀ ਹੈ।
ਸਰੀਰ ਨੂੰ ਸੁੱਕਾ ਰੱਖੋ : ਪਸੀਨਾ ਆਉਣ ਜਾਂ ਭਿੱਜਣ ਨਾਲ ਸਰੀਰ ਜਲਦੀ ਠੰਢ ਫੜ ਲੈਂਦਾ ਹੈ। ਇਸ ਲਈ ਗਿੱਲੇ ਕੱਪੜੇ ਤੁਰੰਤ ਬਦਲੋ ਅਤੇ ਸਰੀਰ ਨੂੰ ਹਮੇਸ਼ਾ ਸੁੱਕਾ ਰੱਖੋ।
ਬੱਚਿਆਂ ਤੇ ਬਜ਼ੁਰਗਾਂ ਦੀ ਖ਼ਾਸ ਦੇਖਭਾਲ ਕਰੋ : ਬੱਚੇ ਅਤੇ ਬਜ਼ੁਰਗ ਠੰਢ ਨਾਲ ਜਲਦੀ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਵਾਧੂ ਗਰਮ ਕੱਪੜੇ ਪਹਿਨਾਓ ਅਤੇ ਠੰਢ ਹਵਾ ਤੋਂ ਦੂਰ ਰੱਖੋ।
ਅਲਕੋਹਲ ਅਤੇ ਨਸ਼ਿਆਂ ਤੋਂ ਬਚੋ : ਸਰਦੀ ਵਿਚ ਸ਼ਰਾਬ ਪੀਣ ਨਾਲ ਠੰਢ ਘੱਟ ਮਹਿਸੂਸ ਹੋ ਸਕਦੀ ਹੈ ਪਰ ਅਸਲ ਵਿੱਚ ਇਹ ਸਰੀਰ ਦੀ ਗਰਮੀ ਘਟਾ ਦਿੰਦੀ ਹੈ, ਜੋ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਘਰ ਵਿੱਚ ਸੁਰੱਖਿਅਤ ਤਰੀਕੇ ਨਾਲ ਅੱਗ ਜਾਂ ਹੀਟਰ ਵਰਤੋ : ਅੰਗੀਠੀ ਜਾਂ ਹੀਟਰ ਵਰਤਦੇ ਸਮੇਂ ਹਵਾ ਦੀ ਆਵਾਜਾਈ ਦਾ ਧਿਆਨ ਰੱਖੋ ਤਾਂ ਜੋ ਧੂੰਏਂ ਨਾਲ ਕੋਈ ਨੁਕਸਾਨ ਨਾ ਹੋਵੇ। ਕਮਰੇ ਵਿਚ ਕਦੇਂ ਅੰਗੀਠੀ ਨਾ ਬਾਲੋ,ਇਹ ਜਾਨ ਲੇਵਾ ਸਾਬਤ ਹੋ ਸਕਦੀ ਹੈ।