ਜ਼ਿਲ੍ਹੇ ’ਚ ਪਿਆ ਹਲਕਾ ਮੀਂਹ ਕਣਕ ਦੀ ਫ਼ਸਲ ਲਈ ਲਾਹੇਵੰਦ
ਜਿਲ੍ਹੇ ਅੰਦਰ ਪਿਆ ਹਲਕਾ ਮੀਂਹ ਕਣਕ ਦੀ ਫ਼ਸਲ ਲਈ ਲਾਹੇਵੰਦ
Publish Date: Fri, 23 Jan 2026 05:01 PM (IST)
Updated Date: Sat, 24 Jan 2026 04:04 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜਿਲ੍ਹੇ ਵਿੱਚ ਸਵੇਰੇ ਸਮੇਂ ਪਿਆ ਹਲਕਾ ਮੀਂਹ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਲੈ ਕੇ ਆਇਆ ਹੈ। ਕਈ ਦਿਨਾਂ ਤੋਂ ਠੰਢੀ ਹਵਾ ਅਤੇ ਸੀਤ ਲਹਿਰ ਦੀ ਚਪੇਟ ਵਿੱਚ ਰਹਿ ਰਹੇ ਇਲਾਕੇ ਵਿੱਚ ਅਚਾਨਕ ਪਏ ਮੀਂਹ ਨੇ ਖੇਤਾਂ ਦੀ ਮਿੱਟੀ ਨੂੰ ਲੋੜੀਂਦੀ ਨਮੀ ਮੁਹੱਈਆ ਕਰਵਾ ਦਿੱਤੀ ਹੈ, ਜਿਸ ਨਾਲ ਕਣਕ ਦੀ ਫ਼ਸਲ ਨੂੰ ਖਾਸਾ ਲਾਭ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸਵੇਰੇ ਮੀਂਹ ਪੈਣ ਤੋਂ ਬਾਅਦ ਦੁਪਹਿਰ ਸਮੇਂ ਧੁੱਪ ਨਿਕਲ ਆਈ, ਜਿਸ ਨਾਲ ਮੌਸਮ ਕੁਝ ਹੱਦ ਤੱਕ ਸੁਹਾਵਣਾ ਹੋ ਗਿਆ, ਪਰ ਸੀਤ ਲਹਿਰ ਦਾ ਅਸਰ ਹਾਲੇ ਵੀ ਜਾਰੀ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਇਸ ਸਮੇਂ ਵਾਧੇ ਦੇ ਮਹੱਤਵਪੂਰਨ ਪੜਾਅ ’ਚ ਹੈ। ਐਸੇ ਸਮੇਂ ਹਲਕਾ ਮੀਂਹ ਫ਼ਸਲ ਲਈ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ ਕਿਉਂਕਿ ਇਸ ਨਾਲ ਮਿੱਟੀ ਵਿੱਚ ਨਮੀ ਬਣੀ ਰਹਿੰਦੀ ਹੈ ਅਤੇ ਬੂਟਿਆਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਜਿਹੜੇ ਖੇਤਰਾਂ ਵਿੱਚ ਪਿਛਲੇ ਦਿਨਾਂ ਦੌਰਾਨ ਸਿੰਚਾਈ ਨਹੀਂ ਹੋ ਸਕੀ ਸੀ, ਉੱਥੇ ਇਹ ਮੀਂਹ ਕਿਸਾਨਾਂ ਲਈ ਵਰਦਾਨ ਬਣ ਕੇ ਆਇਆ ਹੈ। ਕਿਸਾਨਾਂ ਨੇ ਵੀ ਮੀਂਹ ਨੂੰ ਲੈ ਕੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਜ਼ਿਆਦਾ ਨਾ ਹੋਣ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਨਹੀਂ ਬਣੀ। ਸਵੇਰੇ ਮੀਂਹ ਤੋਂ ਬਾਅਦ ਜਦੋਂ ਦੁਪਹਿਰ ਸਮੇਂ ਧੁੱਪ ਨਿਕਲੀ ਤਾਂ ਖੇਤਾਂ ’ਚ ਨਮੀ ਬਣੀ ਰਹੀ, ਜੋ ਕਣਕ ਦੇ ਪੌਦਿਆਂ ਲਈ ਫ਼ਾਇਦੇਮੰਦ ਮੰਨੀ ਜਾ ਰਹੀ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਇਸ ਮੌਸਮ ਨਾਲ ਖਾਦ ਦੇ ਅਸਰ ਵਿੱਚ ਵੀ ਸੁਧਾਰ ਆਵੇਗਾ ਤੇ ਫ਼ਸਲ ਦਾ ਰੰਗ ਹੋਰ ਹਰਾ-ਭਰਾ ਹੋਵੇਗਾ।
ਦੂਜੇ ਪਾਸੇ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜਿਲ੍ਹੇ ਵਿੱਚ ਸੀਤ ਲਹਿਰ ਹਾਲੇ ਕੁਝ ਦਿਨ ਹੋਰ ਜਾਰੀ ਰਹਿ ਸਕਦੀ ਹੈ। ਰਾਤ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਸਵੇਰੇ ਤੇ ਸ਼ਾਮ ਸਮੇਂ ਨੂੰ ਠੰਢ ਵਧ ਗਈ ਹੈ। ਹਾਲਾਂਕਿ ਦਿਨ ਦੇ ਵੇਲੇ ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਪਰ ਠੰਢੀ ਹਵਾ ਚਲਣ ਕਾਰਨ ਸਰਦੀ ਦਾ ਅਸਰ ਮਹਿਸੂਸ ਕੀਤਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਇਹ ਮੌਸਮੀ ਸਥਿਤੀ ਕਣਕ ਲਈ ਤਾਂ ਅਨੁਕੂਲ ਹੈ, ਪਰ ਸਬਜ਼ੀਆਂ ਤੇ ਹੋਰ ਫ਼ਸਲਾਂ ਲਈ ਸਾਵਧਾਨੀ ਜ਼ਰੂਰੀ ਹੈ। ਸਿਹਤ ਮਾਹਿਰਾਂ ਨੇ ਵੀ ਸੀਤ ਲਹਿਰ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਖ਼ਾਸ ਕਰਕੇ ਬੱਚਿਆਂ, ਬੁਜ਼ੁਰਗਾਂ ਤੇ ਬਿਮਾਰ ਵਿਅਕਤੀਆਂ ਨੂੰ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣ ਤੇ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਠੰਢੀ ਹਵਾ ਕਾਰਨ ਜ਼ੁਕਾਮ, ਖੰਘ ਅਤੇ ਸਾਸ ਦੀਆਂ ਸਮੱਸਿਆਵਾਂ ਵਧਣ ਦਾ ਖ਼ਤਰਾ ਬਣਿਆ ਰਹਿੰਦਾ ਹੈ।