ਜ਼ਿਲ੍ਹੇ ’ਚ ਚਾਰ ਸਾਲਾਂ ’ਚ ਪਹਿਲੀ ਵਾਰ 0.6 ਡਿਗਰੀ ਸੈਲਸੀਅਸ ਤਾਪਮਾਨ ਦਰਜ
ਜ਼ਿਲ੍ਹੇ ਵਿਚ ਚਾਰ ਸਾਲਾਂ ’ਚ ਪਹਿਲੀ ਵਾਰ 0.6 ਡਿਗਰੀ ਸੈਲਸੀਅਸ ਤਾਪਮਾਨ ਦਰਜ
Publish Date: Mon, 12 Jan 2026 05:15 PM (IST)
Updated Date: Tue, 13 Jan 2026 04:06 AM (IST)
-ਤਾਪਮਾਨ ਘਟਣ ਨਾਲ ਠੰਢ ਹੋਰ ਵਧੀ, ਦਿਨ ਸਮੇਂ ਨਿਕਲੀ ਧੁੱਪ ਨਾਲ ਮਿਲੀ ਕੁੱਝ ਰਾਹਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ਵਿਚ ਜ਼ਿਆਦਾ ਠੰਢ ਪੈਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧ ਗਈਆਂ ਹਨ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਾਪਮਾਨ ਵਿਚ ਗਿਰਾਵਟ ਕਾਰਨ ਬਠਿੰਡਾ ਵਿਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਮੌਜੂਦਾ ਸਥਿਤੀ ਵਿਚ ਹੁਣ ਤਕ ਦਾ ਸਭ ਤੋਂ ਘੱਟ ਤਾਪਮਾਨ ਹੈ। ਜ਼ਿਆਦਾ ਠੰਢ ਅਤੇ ਸੰਘਣੀ ਨਮੀ ਕਾਰਨ ਲੋਕ ਸਵੇਰ ਤੇ ਰਾਤ ਨੂੰ ਕਾਫ਼ੀ ਜ਼ਿਆਦਾ ਠੰਢ ਮਹਿਸੂਸ ਕਰ ਰਹੇ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਘੱਟੋ-ਘੱਟ ਤਾਪਮਾਨ 8 ਜਨਵਰੀ ਨੂੰ 6.0 ਡਿਗਰੀ ਸੈਲਸੀਅਸ, 9 ਜਨਵਰੀ ਨੂੰ 4.4 ਡਿਗਰੀ, 10 ਜਨਵਰੀ ਨੂੰ 3.4 ਡਿਗਰੀ, 11 ਜਨਵਰੀ ਨੂੰ 1.6 ਡਿਗਰੀ ਤੇ 12 ਜਨਵਰੀ ਨੂੰ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਲਗਾਤਾਰ ਚਾਰ ਤੋਂ ਪੰਜ ਦਿਨਾਂ ਵਿਚ ਤਾਪਮਾਨ ਵਿਚ ਗਿਰਾਵਟ ਕਾਰਨ ਠੰਢ ਨੂੰ ਵਧਾ ਦਿੱਤਾ ਹੈ। ਜ਼ਿਲ੍ਹੇ ਵਿਚ 12 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 15.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਪ੍ਰੰਤੂ ਸਵੇਰੇ ਨਮੀ 100 ਫੀਸਦੀ ਤਕ ਪਹੁੰਚਣ ਕਾਰਨ ਠੰਢ ਹੋਰ ਵੀ ਜ਼ਿਆਦਾ ਵਧ ਗਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 6 ਘੰਟੇ ਧੁੱਪ ਰਹਿਣ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ। ਮੌਸਮ ਮਾਹਿਰਾਂ ਅਨੁਸਾਰ ਘੱਟ ਹਵਾ ਦੀ ਗਤੀ ਅਤੇ ਉੱਚ ਨਮੀ ਕਾਰਨ ਠੰਢ ਹੋਰ ਵਧ ਗਈ ਹੈ। ਹੁਣੇ ਜਿਹੇ ਦਿਨਾਂ ਵਿਚ ਔਸਤ ਹਵਾ ਦੀ ਗਤੀ 1 ਤੋਂ 2.7 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜਦਕਿ ਮੀਂਹ ਬਿਲਕੁਲ ਵੀ ਨਹੀਂ ਪਿਆ। ਇਸ ਦੌਰਾਨ ਸਵੇਰੇ ਬਾਜ਼ਾਰਾਂ ਅਤੇ ਸੜਕਾਂ 'ਤੇ ਆਵਾਜਾਈ ਘੱਟ ਸੀ ਅਤੇ ਲੋਕਾਂ ਨੇ ਠੰਢ ਤੋਂ ਬਚਣ ਲਈ ਅੱਗ, ਹੀਟਰ ਅਤੇ ਗਰਮ ਕੱਪੜਿਆਂ ਦਾ ਸਹਾਰਾ ਲਿਆ। ਪੇਂਡੂ ਖੇਤਰਾਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਸਵੇਰੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਡਾਕਟਰਾਂ ਨੇ ਬਜ਼ੁਰਗਾਂ, ਬੱਚਿਆਂ ਤੇ ਬਿਮਾਰ ਲੋਕਾਂ ਨੂੰ ਇਸ ਮੌਸਮ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਠੰਡ ਦਾ ਮੌਸਮ ਅਗਲੇ ਕੁਝ ਦਿਨਾਂ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਗਰਮ ਕੱਪੜੇ ਪਾਉਣ, ਠੰਢੀਆਂ ਹਵਾਵਾਂ ਤੋਂ ਬਚਣ ਤੇ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਸੋਮਵਾਰ ਨੂੰ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਹੜਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪਹਿਲੀ ਵਾਰ ਦਰਜ ਕੀਤਾ ਹੈ।