- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਪੁਲਿਸ ਦਾ ਨਸ਼ਾ ਤਸਕਰਾਂ ’ਤੇ ਵੱਡਾ ਐਕਸ਼ਨ; ਧੋਬੀਆਣਾ ਬਸਤੀ ‘ਚ ਗੈਰ-ਕਾਨੂੰਨੀ ਇਮਾਰਤ ‘ਤੇ ਚੱਲਿਆ ਬੁਲਡੋਜ਼ਰ

-ਕਈ ਵਾਰ ਨੋਟਿਸ ਜਾਰੀ ਕਰਨ ਉਪਰੰਤ ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ’ਤੇ ਕੀਤਾ ਵੱਡਾ ਐਕਸ਼ਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਰਕਾਰ ਦੇ ਮਿਸ਼ਨ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਬਠਿੰਡਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਜਾਰੀ ਹੈ। ਇਸ ਲੜੀ ਅਧੀਨ ਅੱਜ ਠੇਕੇ ਵਾਲਾ ਚੌਂਕ ਨੇੜੇ ਪੱਕਾ ਧੋਬੀਆਣਾ ਬਸਤੀ ਵਿੱਚ ਕਥਿਤ ਨਸ਼ਾ ਤਸਕਰ ਬਲਵਿੰਦਰ ਸਿੰਘ ਉਰਫ਼ ਕਾਕਾ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਇਮਾਰਤ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਉਕਤ ਇਮਾਰਤ ਬਿਨਾਂ ਮਨਜ਼ੂਰੀ ਅਤੇ ਸਰਕਾਰੀ ਜ਼ਮੀਨ ‘ਤੇ ਨਾਜਾਇਜ਼ ਤੌਰ ‘ਤੇ ਉਸਾਰੀ ਗਈ ਸੀ। ਇਮਾਰਤ ਖਾਲੀ ਕਰਨ ਲਈ ਦੋਸ਼ੀ ਨੂੰ ਕਈ ਵਾਰ ਨੋਟਿਸ ਜਾਰੀ ਕੀਤੇ ਗਏ, ਪਰ ਉਸ ਵੱਲੋਂ ਕਬਜ਼ਾ ਨਾ ਛੱਡਣ ਕਾਰਨ ਆਖ਼ਰਕਾਰ ਸਖ਼ਤ ਕਦਮ ਚੁੱਕਦਿਆਂ ਇਸ ਨੂੰ ਢਾਹ ਦਿੱਤਾ ਗਿਆ।
ਕਾਰਵਾਈ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪੁਲਿਸ ਦੀ ਭਾਰੀ ਫੋਰਸ ਮੌਜੂਦ ਰਹੀ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਨੂੰਨ-ਵਿਵਸਥਾ ਦੀ ਸਮੱਸਿਆ ਪੈਦਾ ਨਾ ਹੋਵੇ। ਡਿਪਟੀ ਕਮਿਸ਼ਨਰ-ਕਮ-ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੇ ਆਧਾਰ ’ਤੇ ਇਹ ਕਾਰਵਾਈ ਪੁਲਿਸ ਸੁਰੱਖਿਆ ਹੇਠ ਅਮਲ ਵਿੱਚ ਲਿਆਂਦੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ਼ ਕਾਕਾ ਖ਼ਿਲਾਫ਼ ਪਹਿਲਾਂ ਹੀ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਹਨ।
ਇਸ ਤੋਂ ਇਲਾਵਾ ਉਸ ਦਾ ਪੁੱਤਰ ਹਰਪ੍ਰੀਤ ਸਿੰਘ ਵੀ ਸੰਗੀਨ ਜੁਰਮਾਂ ਅਤੇ ਹਮਲੇ ਵਰਗੇ ਮਾਮਲਿਆਂ ਵਿਚ ਨਾਮਜ਼ਦ ਹੈ, ਜਿਸ ਖ਼ਿਲਾਫ਼ ਥਾਣਾ ਸਿਵਲ ਲਾਈਨ ਬਠਿੰਡਾ ਵਿੱਚ ਦੋ ਵੱਖ-ਵੱਖ ਕੇਸ ਦਰਜ ਹਨ। ਬਠਿੰਡਾ ਪੁਲਿਸ ਮੁਤਾਬਕ ਨਸ਼ਾ ਤਸਕਰਾਂ ਦੀ ਕਮਰ ਤੋੜਨ ਲਈ ਹੁਣ ਤਕ ਜ਼ਿਲ੍ਹੇ ਵਿੱਚ 14 ਗੈਰ-ਕਾਨੂੰਨੀ ਇਮਾਰਤਾਂ ‘ਤੇ ਪੀਲਾ ਪੰਜਾ ਫੇਰਿਆ ਜਾ ਚੁੱਕਾ ਹੈ। ਅੰਕੜਿਆਂ ਅਨੁਸਾਰ, 1 ਮਾਰਚ 2025 ਤੋਂ ਹੁਣ ਤਕ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਪੁਲਿਸ ਨੇ 1899 ਕੇਸ ਦਰਜ ਕਰਕੇ 2802 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 76 ਮੁੱਖ ਨਸ਼ਾ ਤਸਕਰ ਵੀ ਸ਼ਾਮਲ ਹਨ। ਸਾਲ 2023 ਤੋਂ ਲੈ ਕੇ ਹੁਣ ਤਕ ਨਸ਼ਾ ਤਸਕਰਾਂ ਦੀ ਲਗਭਗ 14 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ। ਪੁਲਿਸ ਨੇ ਸਪਸ਼ਟ ਕੀਤਾ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਅਜਿਹੀ ਕਾਰਵਾਈ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
ਇਸ ਮੌਕੇ ਪੁਲਿਸ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਨਸ਼ਿਆਂ ਦੇ ਇਸ ਕੋਹੜ ਨੂੰ ਸਮਾਜ ਤੋਂ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਕਰਨ। ਜੇਕਰ ਕਿਸੇ ਵਿਅਕਤੀ ਕੋਲ ਨਸ਼ਾ ਵੇਚਣ ਜਾਂ ਤਸਕਰੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਹੈਲਪਲਾਈਨ ਨੰਬਰ 97791-00200 ਜਾਂ 91155-02252 ‘ਤੇ ਸੂਚਿਤ ਕਰ ਸਕਦਾ ਹੈ। ਪੁਲਿਸ ਨੇ ਭਰੋਸਾ ਦਿਵਾਇਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਧੋਬੀਆਣਾ ਬਸਤੀ ਵਿਚ ਨਸ਼ਾ ਤਸਕਰਾਂ ਦੇ ਕਰੀ ਅੱਧੀ ਦਰਜਨ ਮਕਾਨ ਢਾਹੇ ਗਏ ਹਨ।