'ਵਿਕਸਤ ਭਾਰਤ 2047' ਦੇ ਨਿਰਮਾਣ ਲਈ ਨੌਜਵਾਨ ਅੱਗੇ ਆਉਣ : ਕਟਾਰੀਆ
ਪੰਜਾਬ ਦੇ ਰਾਜਪਾਲ ਨੇ 'ਵਿਕਸਿਤ ਭਾਰਤ 2047' ਦੇ ਨਿਰਮਾਣ ਲਈ ਨੌਜਵਾਨ ਲੀਡਰਸ਼ਿਪ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ
Publish Date: Fri, 10 Apr 2026 05:15 PM (IST)
Updated Date: Sat, 11 Apr 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਦੇ ਰਾਜਪਾਲ ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਯੂਨੀਵਰਸਿਟੀ ਦੇ ਤੀਜੇ ਕਨਵੋਕੇਸ਼ਨ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦੂਰਦਰਸ਼ੀ ਭਾਸ਼ਣ ਦਿੱਤਾ। ਕੁੱਲ 184 ਡਿਗਰੀਆਂ ਪ੍ਰਦਾਨ ਕੀਤੀਆਂ, ਜਿਨ੍ਹਾਂ ’ਚ 115 ਅੰਡਰਗ੍ਰੈਜੁਏਟ, 56 ਪੋਸਟ ਗ੍ਰੈਜੂਏਟ ਤੇ 13 ਪੀਐੱਚਡੀ ਡਿਗਰੀਆਂ ਸ਼ਾਮਲ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਸਫਲਤਾ ਨੂੰ ਆਕਾਰ ਦੇਣ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ।
ਰਾਜਪਾਲ ਨੇ ਭਾਸ਼ਣ ’ਚ ਸਿੱਖਿਆ ਨੂੰ ਸਮਾਜਿਕ ਤੇ ਰਾਸ਼ਟਰੀ ਤਰੱਕੀ ਦੀ ਮੁੱਖ ਤਾਕਤ ਕਰਾਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਗ੍ਰੀਨ ਐਨਰਜੀ ਅਤੇ ਅੰਤਰਿਕਸ਼ ਤਕਨਾਲੋਜੀ ਵਰਗੇ ਖੇਤਰਾਂ ਵਿਚ ਅੱਗੇ ਵਧਣ ਦੀ ਅਪੀਲ ਕੀਤੀ ਨਾਲ ਹੀ ਉਨ੍ਹਾਂ ਨੇ ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਵਾਲੇ ਬਣਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਮਜ਼ਬੂਤ ਸਾਂਝ, ਉੱਦਮਤਾ ਤੇ ਨਵੀਨਤਾ-ਆਧਾਰਿਤ ਵਿਕਾਸ ਨੂੰ ਭਵਿੱਖ ਦੀ ਲੋੜ ਦੱਸਿਆ।
ਇਸ ਮੌਕੇ ਉਨ੍ਹਾਂ ਨੇ ਨਸ਼ਾਮੁਕਤ ਪੰਜਾਬ ਅਤੇ ਸਮਾਜਿਕ ਜ਼ਿੰਮੇਵਾਰੀ ਵੱਲ ਵੀ ਧਿਆਨ ਦਿਵਾਇਆ। ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ, ਐਨਏਏਸੀ ਮਾਨਤਾ, ਐੱਨਆਈਆਰਐੱਫ ਪ੍ਰਗਤੀ ਅਤੇ ਖੋਜ ਖੇਤਰ ਵਿੱਚ ਵਾਧੇ ਨੂੰ ਉਜਾਗਰ ਕੀਤਾ। ਸਮਾਰੋਹ ਵਿਚ ਥਾਪਰ ਯੂਨੀਵਰਸਿਟੀ, ਏਮਜ਼ ਬਠਿੰਡਾ ਅਤੇ ਹੋਰ ਪ੍ਰਮੁੱਖ ਸੰਸਥਾਵਾਂ ਦੇ ਵਿਦਵਾਨ ਅਤੇ ਅਧਿਕਾਰੀ ਵੀ ਸ਼ਾਮਲ ਰਹੇ। ਅੰਤ ’ਚ ਰਾਜਪਾਲ ਨੇ ਭਰੋਸਾ ਜਤਾਇਆ ਕਿ ਇਹ ਯੂਨੀਵਰਸਿਟੀ ਭਵਿੱਖ ਵਿਚ ਤਕਨੀਕੀ ਸਿੱਖਿਆ, ਖੋਜ ਅਤੇ ਨਵੀਨਤਾ ਦੇ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕਰੇਗੀ ਤੇ ਵਿਦਿਆਰਥੀ ਦੇਸ਼ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।