- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾ ਬਾਬਾ ਸੰਧਿਆ ਦਾਸ ਚ ਕਰਵਾਇਆ ਧਾਰਮਿਕ ਸਮਾਗਮ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ
ਉੱਪ ਮੰਡਲ ਤਲਵੰਡੀ ਸਾਬੋ ਦੇ ਸਭ ਤੋਂ ਵੱਡੇ ਪਿੰਡਾਂ ਚੋਂ ਇੱਕ ਪਿੰਡ ਜਗਾ ਰਾਮ ਤੀਰਥ ਦੇ ਪ੍ਰਸਿੱਧ ਡੇਰਾ ਬਾਬਾ ਸੰਧਿਆ ਦਾਸ ਵਿਖੇ ਹਰ ਸਾਲ੍ਹ ਦੀ ਤਰ੍ਹਾਂ ਇਸ ਵਾਰ ਵੀ ਸੱਚਖੰਡਵਾਸੀ ਸੰਤ ਨਰੈਣ ਮੁਨੀ ਜੀ ਦੀ ਬਰਸੀ ਨੂੰ ਸਮਰਪਿਤ ਕਰਕੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਧਾਰਮਿਕ, ਰਾਜਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਸਭ ਤੋਂ ਪਹਿਲਾਂ ਅੱਜ ਡੇਰੇ ਦੇ ਖੁੱਲੇ ਵੇਹੜੇ ’ਚ ਪਿਛਲੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਦੇ ਜਥੇ ਵੱਲੋਂ ਸ਼ਬਦ ਗਾਇਨ ਕੀਤਾ ਗਿਆ।
ਡੇਰੇ ਦੇ ਮੁੱਖ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਜਦੋਂਕਿ ਇਸ ਮੌਕੇ ਇਲਾਕੇ ਤੋਂ ਪੁੱਜੇ ਧਾਰਮਿਕ ਪ੍ਰਚਾਰਕਾਂ ਨੇ ਜਿੱਥੇ ਸੰਤ ਨਰੈਣ ਮੁਨੀ ਜੀ ਦੇ ਜੀਵਨ ਕਾਲ ਅਤੇ ਉਨਾਂ ਵੱਲੋਂ ਕੀਤੇ ਕਾਰਜਾਂ ਨੂੰ ਯਾਦ ਕੀਤਾ, ਉੱਥੇ ਵਿਸ਼ੇਸ ਤੌਰ ’ਤੇ ਕਵੀਸ਼ਰੀ ਜਥਿਆਂ ਨੇ ਕਾਵਿ ਰਚਨਾਵਾਂ ਰਾਹੀਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਸੈਂਕੜਿਆਂ ਦੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਦੌਰਾਨ ਇਸ ਨਗਰ ਦੀ ਧੀ ਅਤੇ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਨੇ ਕਿਹਾ ਕਿ ਸੰਤ ਨਰੈਣ ਮੁਨੀ ਜੀ ਵੱਲੋਂ ਕੀਤੇ ਪਰਉੱਪਕਾਰ ਦੇ ਕਾਰਜਾਂ ਨੂੰ ਨਗਰ ਨਿਵਾਸੀ ਹਮੇਸ਼ਾਂ ਯਾਦ ਰੱਖਣਗੇ। ਸਮਾਗਮ ਦੇ ਅੰਤ ਵਿੱਚ ਮੌਜੂਦਾ ਸਮੇਂ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰਬੰਸ ਦਾਸ ਨੇ ਪੁੱਜੀਆਂ ਧਾਰਮਿਕ ਤੇ ਮੋਹਤਬਰ ਸਖਸ਼ੀਅਤਾਂ ਸਮੇਤ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਦਿਨ ਵਿੱਚ ਇਕ ਸਮਾਂ ਨਿਰਧਾਰਿਤ ਕਰਕੇ ਗੁਰਬਾਣੀ ਜਾਪ ਜਾਂ ਮੂਲ ਮੰਤਰ ਦਾ ਸਿਮਰਨ ਕਰਿਆ ਕਰਨ ਇਸ ਨਾਲ ਸਾਰੇ ਕਸ਼ਟ ਦੂਰ ਹੋ ਜਾਣਗੇ।
ਸਮਾਗਮਾਂ ’ਚ ਮਹੰਤ ਗਿਆਨ ਸਰੂਪ ਗੁਰੂਸਰ, ਮਹੰਤ ਅਮਰਦਾਸ ਕੋਟਫੱਤਾ, ਮਹੰਤ ਗਿਆਨਦਾਸ ਜੱਜਲ, ਮਹੰਤ ਦਲਬਾਰਾ ਰਾਮ ਰਾਮਾਂ, ਮਹੰਤ ਭੀਮ ਦਾਸ ਮਾਹੀਨੰਗਲ, ਬਾਬਾ ਅਜੀਤ ਸਿੰਘ ਸ਼ੇਖਪੁਰਾ, ਬਾਬਾ ਨਿੱਕਾ ਜਗਾ ਆਦਿ ਧਾਰਮਿਕ ਸਖਸ਼ੀਅਤਾਂ ਤੋਂ ਇਲਾਵਾ ਜਿੱਥੇ ਸਮਾਗਮਾਂ ਦੇ ਦੂਜੇ ਦਿਨ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਹਾਜ਼ਰੀ ਲਵਾਈ, ਉੱਥੇ ਵਿਧਾਇਕਾ ਬਲਜਿੰਦਰ ਕੌਰ, ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਉਨ੍ਹਾਂ ਦੇ ਸਪੁੱਤਰ ਗੁਰਬਾਜ਼ ਸਿੰਘ ਸਿੱਧੂ, ਕਾਂਗਰਸ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ, ਵਿਧਾਇਕਾ ਬਲਜਿੰਦਰ ਕੌਰ ਦੇ ਪਿਤਾ ਤੇ ਪੰਥਕ ਆਗੂ ਜਥੇਦਾਰ ਦਰਸ਼ਨ ਸਿੰਘ, ਭਰਾ ਐਡਵੋਕੇਟ ਉਦੈਵੀਰ ਸਿੰਘ, ਤਿੰਨੇ ਪੰਚਾਇਤਾਂ ਵੱਲੋਂ ਸਰਪੰਚ ਜਸਵਿੰਦਰ ਕੌਰ, ਸਰਪੰਚ ਸੂਬਾ ਸਿੰਘ ਤੇ ਸਰਪੰਚ ਮਨਜੀਤ ਸਿੰਘ, ਗੁਰਦਿੱਤਾ ਸਿੰਘ ਮੈਂਬਰ ਬਲਾਕ ਸੰਮਤੀ, ਅਵਤਾਰ ਸਿੰਘ ਤਾਰ ਭਾਊ ਪ੍ਰਧਾਨ ਟਰੱਕ ਯੂਨੀਅਨ, ਹਰਬੰਸ ਸਿੰਘ ਸੰਧੂ ਸੇਵਾਮੁਕਤ ਡਿਪਟੀ ਡਾਇਰੈਕਟਰ ਸਿੱਖਿਆ, ਕੇਹਰ ਸਿੰਘ ਸੰਧੂ ਸੇਵਾਮੁਕਤ ਐਕਸੀਅਨ, ਰਵੀਕਾਂਤ ਐੱਸਐੱਮਓ, ਜੱਗਾ ਸਿੰਘ ਪ੍ਰਧਾਨ ਚੜ੍ਹਦੀਕਲਾ ਵੈੱਲਫੇਅਰ ਕਲੱਬ, ਜਸਵਿੰਦਰ ਸਿੰਘ ਜ਼ੈਲਦਾਰ ਤੇ ਸੁਖਮੰਦਰ ਸਿੰਘ ਅਕਾਲੀ ਆਗੂ, ‘ਆਪ’ ਆਗੂ ਨਿਰਮਲ ਸਿੰਘ ਚੌਧਰੀ ਤੇ ਗੁਰਾ ਸਿੰਘ ਪੰਚ, ਸੁਰਜੀਤ ਸ਼ਰਮਾਂ ਕਾਂਗਰਸੀ ਆਗੂ, ਸੋਹਣ ਸਿੰਘ ਜਗਾ, ਰਣਜੀਤ ਸਿੰਘ ਰਾਜੂ ਮੀਤ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਸਮੇਤ ਹੋਰ ਮੋਹਤਬਰ ਸਖਸ਼ੀਅਤਾਂ ਹਾਜ਼ਰ ਦਿਖਾਈ ਦਿੱਤੀਆਂ।