ਡੇਅਰੀ ਫਾਰਮਿੰਗ ਦਾ ਦੋ ਹਫ਼ਤਿਆਂ ਦਾ ਕੋਰਸ ਮੁਕੰਮਲ
ਵੈਟਨਰੀ ਸਾਇੰਸ ਕਾਲਜ ਵਿਖੇ ਡੇਅਰੀ ਫਾਰਮਿੰਗ ਦਾ ਦੋ ਹਫ਼ਤਿਆਂ ਦਾ ਕੋਰਸ ਸਫਲਤਾਪੂਰਵਕ ਸੰਪੰਨ
Publish Date: Sun, 01 Mar 2026 04:31 PM (IST)
Updated Date: Mon, 02 Mar 2026 04:02 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਅਧੀਨ ਆਉਂਦੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵਿਖੇ ਡੇਅਰੀ ਫਾਰਮਿੰਗ ਦਾ ਦੋ ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਨਾਲ ਲੱਗਦੇ ਰਾਜ ਤੋਂ 3 ਮਹਿਲਾਵਾਂ ਸਮੇਤ ਕੁੱਲ 31 ਸਿਖਿਆਰਥੀਆਂ ਨੇ ਹਿੱਸਾ ਲਿਆ। ਇਹ ਕੋਰਸ ਪਸ਼ੂ ਪਾਲਣ ਤੇ ਚਿਕਿਤਸਾ ਪਸਾਰ ਸਿੱਖਿਆ ਵਿਭਾਗ ਦੇ ਹੁਨਰ ਵਿਕਾਸ ਕੇਂਦਰ ਵਿਖੇ ਕਰਵਾਇਆ ਗਿਆ। ਡਾ. ਯਸ਼ਵੰਤ ਸਿੰਘ ਨੇ ਕੋਰਸ ਨਿਰਦੇਸ਼ਕ ਅਤੇ ਡਾ. ਸੰਦੀਪ ਕਸਵਾਂ ਨੇ ਕੋਆਰਡੀਨੇਟਰ ਵਜੋਂ ਪ੍ਰੋਗਰਾਮ ਦੀ ਅਗਵਾਈ ਕੀਤੀ। ਡਾ. ਸ਼ਵੇਤਾਂਬਰੀ, ਡਾ. ਵਿਕਰਮ ਜਾਖੜ ਅਤੇ ਡਾ. ਇੰਸ਼ਾ ਮੀਰ ਨੇ ਤਕਨੀਕੀ ਸਹਿਯੋਗ ਪ੍ਰਦਾਨ ਕੀਤਾ। ਕੋਰਸ ਦੌਰਾਨ ਕੁੱਲ 58 ਸੈਸ਼ਨਾਂ ਵਿੱਚ ਲੈਕਚਰ, ਪ੍ਰਦਰਸ਼ਨ ਅਤੇ ਹੱਥੀਂ ਸਿਖਲਾਈ ਸ਼ਾਮਲ ਰਹੀ। ਸਿਖਿਆਰਥੀਆਂ ਨੂੰ ਗਊਆਂ ਤੇ ਮੱਝਾਂ ਦੀਆਂ ਨਸਲਾਂ, ਪ੍ਰਜਨਨ ਪ੍ਰਬੰਧਨ, ਰਿਹਾਇਸ਼ ਪ੍ਰਣਾਲੀ, ਸੰਤੁਲਿਤ ਖੁਰਾਕ, ਸਿਹਤ ਸੰਭਾਲ, ਜੈਵਿਕ ਸੁਰੱਖਿਆ ਉਪਰਾਲੇ, ਦੁੱਧ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧਾ, ਕੁਸ਼ਲ ਮੰਡੀਕਰਨ ਅਤੇ ਸਮੈਕਿਤ ਖੇਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਪੰਜਾਬ ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੇਅਰੀ ਕਿਸਾਨਾਂ ਲਈ ਚੱਲ ਰਹੀਆਂ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਗਤੀਸ਼ੀਲ ਡੇਅਰੀ ਕਿਸਾਨ ਰੁਪਿੰਦਰ ਸਿੰਘ ਸਿੱਧੂ ਨੇ ਆਪਣੇ ਵਿਹਾਰਕ ਤਜ਼ਰਬੇ ਸਾਂਝੇ ਕਰਦੇ ਹੋਏ ਸਿਖਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਸਿਖਿਆਰਥੀਆਂ ਨੂੰ ਰਿਜਨਲ ਰਿਸਰਚ ਐਂਡ ਟ੍ਰੇਨਿੰਗ ਸੈਂਟਰ ਕਾਲਝਰਾਣੀ ਦੇ ਸਾਹੀਵਾਲ ਫਾਰਮ ਅਤੇ ਫੂਲ ਸਥਿਤ ਬਲਕ ਮਿਲਕ ਚਿਲਿੰਗ ਸਟੇਸ਼ਨ ਦਾ ਦੌਰਾ ਵੀ ਕਰਵਾਇਆ ਗਿਆ।
ਇਸ ਤੋਂ ਇਲਾਵਾ ਦੁੱਧ ਦੇ ਮੁੱਲ ਵਾਧੇ ਲਈ ਵੱਖ-ਵੱਖ ਦੁੱਧ ਉਤਪਾਦ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਕਾਲਜ ਦੇ ਡੀਨ ਡਾ. ਕੁਲਦੀਪ ਗੁਪਤਾ ਨੇ ਸਿਖਿਆਰਥੀਆਂ ਨੂੰ ਪ੍ਰਾਪਤ ਕੀਤੇ ਗਿਆਨ ਨੂੰ ਅਮਲ ਵਿੱਚ ਲਿਆ ਕੇ ਸਫਲ ਡੇਅਰੀ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਆਰਐੱਸ. ਗਰੇਵਾਲ ਨੇ ਡੇਅਰੀ ਫਾਰਮਿੰਗ ਨੂੰ ਵਿਗਿਆਨਕ ਢੰਗ ਨਾਲ ਅਪਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ। ਉਪ ਕੁਲਪਤੀ ਡਾ. ਜੇਪੀਐੱਸ ਗਿੱਲ ਨੇ ਕਿਹਾ ਕਿ ਡੇਅਰੀ ਫਾਰਮਿੰਗ ਪੇਂਡੂ ਨੌਜਵਾਨਾਂ ਲਈ ਟਿਕਾਊ ਆਮਦਨ ਅਤੇ ਸਵੈ-ਰੁਜ਼ਗਾਰ ਦਾ ਮਹੱਤਵਪੂਰਨ ਸਾਧਨ ਹੈ ਤੇ ਯੂਨੀਵਰਸਿਟੀ ਵੱਲੋਂ ਅਜਿਹੀਆਂ ਹੁਨਰ ਵਿਕਾਸ ਸਰਗਰਮੀਆਂ ਜਾਰੀ ਰੱਖੀਆਂ ਜਾਣਗੀਆਂ।