- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸਾਖੀ ਮੌਕੇ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਤਖਤ ਸਾਹਿਬ ’ਤੇ ਹੋਈਆਂ ਨਤਮਸਤਕ

-ਸੰਗਤ ਨੇ ਸਰੋਵਰਾਂ ’ਚ ਕੀਤਾ ਇਸ਼ਨਾਨ, ਜਥੇਦਾਰ ਨੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਆ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਦੇਸ਼ ਅਤੇ ਵਿਦੇਸ਼ ਤੋਂ ਹਜ਼ਾਰਾਂ ਸਿੱਖ ਸੰਗਤਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਸ਼ਰਧਾ ਨਾਲ ਨਤਮਸਤਕ ਹੋ ਕੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਮਨਾਇਆ। ਸਿੱਖ ਸੰਗਤਾਂ ਨੇ ਤਖਤ ਸਾਹਿਬ ’ਤੇ ਜਾ ਕੇ ਅਰਦਾਸ ਕੀਤੀ ਅਤੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ। ਤਖਤ ਸਾਹਿਬ ’ਤੇ ਨਤਮਸਤਕ ਹੋਣ ਲਈ ਸਵੇਰੇ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮੱਥਾ ਟੇਕਣ ਲਈ ਸੰਗਤਾਂ ਨੂੰ ਕਈ ਕਈ ਘੰਟੇ ਇੰਤਜ਼ਾਰ ਕਰਨਾ ਪਿਆ। ਹਾਲਾਕਿ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਵਹੀਕਲਾਂ ਨੂੰ ਦੂਰ ਰੋਕਣ ਲਈ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਸਨ। ਸ਼ਰਧਾਲੂਆਂ ਲਈ ਬਠਿੰਡਾ ਤੋਂ ਲੈ ਕੇ ਤਲਵੰਡੀ ਸਾਬੋ ਤਕ ਲੋਕਾਂ ਵੱਲੋ ਲੰਗਰ ਲਗਾਏ ਹੋਏ ਸਨ। ਤਲਵੰਡੀ ਸਾਬੋ ਵਿਖੇ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਬੜੀ ਸ਼ਰਧਾ ਅਤੇ ਭਾਵਨਾ ਨਾਲ ਪਾਏ ਗਏ।
ਇਸ ਮੌਕੇ ਰਾਗੀ ਜਥਿਆਂ ਵੱਲੋਂ ਰਸਭਿੰਨਾ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸੰਗਤ ਨੂੰ ਖਾਲਸਾ ਪੰਥ ਦੇ ਸਿਧਾਂਤਾਂ ਅਤੇ ਇਤਿਹਾਸ ਨਾਲ ਜੋੜਿਆ। ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਜਦਕਿ ਭਾਈ ਲਖਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤ਼ਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਵਿੱਚ ਪੰਥ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸ ਕਰਕੇ ਬੰਦੀ ਸਿੱਖਾਂ ਦੀ ਰਿਹਾਈ ਸਮੇਤ ਹੋਰ ਕਈ ਮਸਲੇ ਹਨ।
ਉਨ੍ਹਾਂ ਕਿਹਾ ਕਿ ਸਮੂਹ ਸਿੱਖ ਕੌਮ ਨੂੰ ਆਪਸੀ ਮਤਭੇਦ ਤਿਆਗ ਕੇ ਇਕ ਝੰਡੇ ਹੇਠ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਧਰਮ ਬਦਲਣ ਦੀਆਂ ਵਧਦੀਆਂ ਘਟਨਾਵਾਂ 'ਤੇ ਚਿੰਤਾ ਜਤਾਈ ਅਤੇ ਸਿੱਖ ਪਰਿਵਾਰਾਂ ਨੂੰ ਆਪਣੇ ਵਿਰਸੇ ਦੇ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧੇ 'ਤੇ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਗੁਰੂ ਦੀ ਆਣ-ਬਾਣ-ਸ਼ਾਨ ਦੀ ਰੱਖਿਆ ਲਈ ਇਕਜੁੱਟ ਹੋਣਾ ਜਰੂਰੀ ਹੈ।
-ਬਾਕਸ-
ਦਸਤਾਰਾਂ ਦੇ ਲੰਗਰ ਦੌਰਾਨ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼
ਖਾਲਸਾ ਸਾਜਨਾ ਦਿਵਸ ਦੇ ਮੌਕੇ ਸ੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ “ਦਸਤਾਰਾਂ ਦਾ ਲੰਗਰ” ਲਗਾਇਆ ਗਿਆ। ਇਸ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਬਾਬਾ ਟੇਕ ਸਿੰਘ ਨੇ ਆਪਣੇ ਹੱਥੀਂ ਨੌਜਵਾਨਾਂ ਨੂੰ ਦਸਤਾਰਾਂ ਸਜਾਈਆਂ। ਲਗਭਗ 2000 ਨੌਜਵਾਨਾਂ ਨੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ ਅਤੇ ਉਨ੍ਹਾਂ ਨੂੰ ਗੁਰਸਿੱਖੀ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਇਹ ਉਪਰਾਲਾ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।
-ਬਾਕਸ-
-ਪੁਲਿਸ ਵੱਲੋਂ ਪਾਣੀ ਦੀ ਛਬੀਲ ਤੇ ਸੇਵਾ
ਗਰਮੀ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਵੱਲੋਂ ਤਖ਼ਤ ਸਾਹਿਬ ਵੱਲ ਆ ਰਹੀ ਸੰਗਤ ਲਈ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਪੁਲਿਸ ਕਰਮਚਾਰੀ ਸੜਕਾਂ ‘ਤੇ ਖੜ੍ਹ ਕੇ ਲੋਕਾਂ ਨੂੰ ਪਾਣੀ ਵੰਡਦੇ ਨਜ਼ਰ ਆਏ, ਜਿਸ ਨਾਲ ਸੰਗਤ ਨੂੰ ਕਾਫ਼ੀ ਰਾਹਤ ਮਿਲੀ। ਸੇਵਾ ਦੇ ਨਾਲ ਨਾਲ ਸੁਰੱਖਿਆ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਂਕਸ ਰਹੀ। ਤਖਤ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਤੇ ਸਿਵਲ ਕੱਪੜਿਆਂ ਵਿਚ ਪੁਲਿਸ ਤੈਨਾਤ ਰਹੀ।
-ਬਾਕਸ-
-ਜਥੇਬੰਦੀਆਂ ਤੇ ਸੇਵਾਦਾਰਾਂ ਨੇ ਲਗਇਆ ਲੰਗਰ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਸੇਵਾਦਾਰਾਂ ਵੱਲੋਂ ਵੱਡੇ ਪੱਧਰ ‘ਤੇ ਲੰਗਰ ਲਗਾਏ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਬੈਠ ਕੇ ਪ੍ਰਸ਼ਾਦਾ ਛਕਿਆ। ਇਸ ਦੇ ਨਾਲ ਹੀ ਵਿਸਾਖੀ ਮੇਲੇ ਦੌਰਾਨ ਲੱਗੇ ਝੂਲੇ ਅਤੇ ਮਨੋਰੰਜਨ ਦੇ ਸਾਧਨ ਲੋਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੇ। ਬੱਚਿਆਂ ਅਤੇ ਨੌਜਵਾਨਾਂ ਨੇ ਮੇਲੇ ਦੀਆਂ ਰੌਣਕਾਂ ਦਾ ਖੂਬ ਆਨੰਦ ਮਾਣਿਆ। ਸ੍ਰੀ ਅਖੰਡ ਪਾਠਾਂ ਦੇ ਭੋਗ, ਲੱਖਾਂ ਸੰਗਤਾਂ ਦੀ ਹਾਜ਼ਰੀ, ਦਸਤਾਰਾਂ ਦਾ ਲੰਗਰ ਅਤੇ ਪੁਲਿਸ ਵੱਲੋਂ ਕੀਤੀ ਸੇਵਾ ਨੇ ਇਸ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ।