- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਮੁਫ਼ਤ ਅਤੇ ਕੇਂਦ੍ਰਿਤ ਕੋਚਿੰਗ ਨੌਜਵਾਨਾਂ ਲਈ ਵਰਦਾਨ ਸਾਬਤ ਹੋਈ: ਡੀਸੀ

-ਕਿਹਾ, ਸਰਕਾਰੀ ਪ੍ਰੀਖਿਆਵਾਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਪੂਰਾ ਸਿਲੇਬਸ ਕੀਤਾ ਤਿਆਰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ; ਪੰਜਾਬ ਸਰਕਾਰ ਦੇ ਮਿਸ਼ਨ ਪ੍ਰਗਤੀ ਹੇਠ ਮੁਕਾਬਲਾ ਪ੍ਰੀਖਿਆਵਾਂ ਲਈ ਮੁਫ਼ਤ ਤੇ ਕੇਂਦ੍ਰਿਤ ਕੋਚਿੰਗ ਦੇ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਪਹਿਲਕਦਮੀ ਦੇ ਹਿੱਸੇ ਵਜੋਂ 40 ਵਿਦਿਆਰਥੀਆਂ ਦੇ ਪਹਿਲੇ ਬੈਚ ਵਿੱਚੋਂ 6 ਨੂੰ ਜ਼ਿਲ੍ਹਾ ਲਾਇਬ੍ਰੇਰੀ ਵਿਚ ਮੁਫ਼ਤ ਕੋਚਿੰਗ ਲੈਣ ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲੀਆਂ ਹਨ। ਡੀਸੀ ਧੀਮਾਨ ਨੇ ਇਸ ਗੱਲ ਦਾ ਪ੍ਰਗਟਾਵਾ ਮਿਸ਼ਨ ਪ੍ਰਗਤੀ ਤਹਿਤ ਪਹਿਲੇ ਬੈਚ ਦੇ ਸਨਮਾਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਡੀਆਈਜੀ ਹਰਜੀਤ ਸਿੰਘ, ਜੋ ਪਹਿਲੇ ਬੈਚ ਦੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਾਉਂਦੇ ਰਹੇ ਹਨ ਤੇ ਐੱਸਐੱਸਪੀ ਡਾ. ਜੋਤੀ ਯਾਦਵ ਬੈਂਸ ਵੀ ਮੌਜੂਦ ਸਨ। ਸਰਕਾਰੀ ਨੌਕਰੀਆਂ ਲਈ ਚੁਣੇ ਗਏ ਛੇ ਨੌਜਵਾਨ ਦੂਜਿਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਤਹਿਤ ਸਰਕਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਤਿੰਨ ਮਹੀਨਿਆਂ ਲਈ ਮੁਫ਼ਤ ਉੱਚ ਗੁਣਵੱਤਾ ਵਾਲੀ ਕੋਚਿੰਗ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਜਨਵਰੀ ਨੂੰ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਪੇਂਡੂ ਵਿਦਿਆਰਥੀਆਂ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਖਾਸ ਤੌਰ 'ਤੇ ਜੀਕੇ, ਇਤਿਹਾਸ, ਭੂ-ਰਾਜਨੀਤੀ, ਅਰਥ ਸ਼ਾਸਤਰ, ਗਣਿਤ, ਭੂਗੋਲ, ਅੰਗਰੇਜ਼ੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹੋਰ ਵਿਸ਼ੇ ਪੜ੍ਹਾਏ ਜਾਂਦੇ ਹਨ। ਪੂਰਾ ਸਿਲੇਬਸ ਸਰਕਾਰੀ ਪ੍ਰੀਖਿਆਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੂਜਾ ਬੈਚ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ।
ਸਥਾਨਕ ਸ਼ਹੀਦ ਭਗਤ ਸਿੰਘ ਸਪੋਰਟ ਸਟੇਡੀਅਮ ਵਿਖੇ ਮੁਫ਼ਤ ਸਰੀਰਕ ਸਿਖਲਾਈ ਬੈਚ ਵੀ ਚਲਾਇਆ ਜਾ ਰਿਹਾ ਹੈ। ਪੁਲਿਸ ਤੇ ਹਥਿਆਰਬੰਦ ਬਲਾਂ ’ਚ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਸਰੀਰਕ ਜਾਂਚ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾ ਰਹੀ ਹੈ। ਡੀਆਈਜੀ ਬਠਿੰਡਾ ਹਰਜੀਤ ਸਿੰਘ ਨੇ ਨੌਜਵਾਨਾਂ ਨੂੰ ਅਨੁਸ਼ਾਸਿਤ ਰਹਿਣ ਅਤੇ ਉੱਚੇ ਟੀਚੇ ਰੱਖਣ ਦਾ ਸੱਦਾ ਦਿੱਤਾ। ਜੋਤੀ ਯਾਦਵ ਬੈਂਸ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਕਿਹਾ ਤਾਂ ਜੋ ਉਹ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰ ਸਕਣ। ਡੀਆਈਜੀ ਹਰਜੀਤ ਸਿੰਘ, ਡੀਸੀ ਰਾਜੇਸ਼ ਧੀਮਾਨ ਤੇ ਐੱਸਐੱਸਪੀ. ਡਾ. ਜੋਤੀ ਯਾਦਵ ਨੇ ਚੁਣੇ ਗਏ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਸਵਰਨਜੀਤ ਕੌਰ (ਲਾਇਬ੍ਰੇਰੀਅਨ), ਸੁਮਿਤ ਬਾਂਸਲ, ਮੰਨੂ ਗੁਪਤਾ, ਸਤਨਾਮ ਸਿੰਘ ਸੇਵਾਮੁਕਤ ਲੈਕਚਰਾਰ, ਰਾਜਿੰਦਰ ਸ਼ਰਮਾ, ਕਾਮੀਆ ਹਾਜ਼ਰ ਸਨ। ਸਰਕਾਰੀ ਨੌਕਰੀਆਂ ਲਈ ਚੁਣੇ ਗਏ ਨੌਜਵਾਨਾਂ ਵਿਚ ਪਿੰਡ ਭਗਵਾਨਗੜ੍ਹ ਬਠਿੰਡਾ ਦੇ ਰਾਜਪ੍ਰੀਤ ਸਿੰਘ ਨੇ ਤਿੰਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ ਤੇ ਚਾਰ ਅਸਾਮੀਆਂ ਲਈ ਚੁਣਿਆ ਗਿਆ ਹੈ। ਉਸਨੂੰ ਤਕਨੀਕੀ ਸਿੱਖਿਆ ਵਿਭਾਗ ਰੈਂਕ-5, ਕਾਰਜਕਾਰੀ ਸਹਾਇਤਾ ਕਿਰਤ ਵਿਭਾਗ ਰੈਂਕ-3 ਅਤੇ ਸੀਨੀਅਰ ਸਹਾਇਕ-ਕਮ-ਇੰਸਪੈਕਟਰ ਨਗਰ ਪੰਚਾਇਤ ਰੈਂਕ-19 ਅਤੇ ਸੀਨੀਅਰ ਸਹਾਇਕ ਡੀਸੀ. ਦਫਤਰ ਰੈਂਕ-29 ਵਜੋਂ ਚੁਣਿਆ ਗਿਆ ਹੈ।
ਇਸੇ ਤਰ੍ਹਾਂ, ਪਿੰਡ ਮੱਲਵਾਲਾ ਦੇ ਹਰਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿਚ, ਪਿੰਡ ਰਾਮੇਆਣਾ ਜੈਤੋ ਦੇ ਅਮਨਦੀਪ ਸਿੰਘ ਨੂੰ ਪੰਜਾਬ ਵਿੱਚ, ਪਿੰਡ ਥਾਂਦੀ ਕਦੀਮ ਤੋਂ ਜਲਾਲਾਬਾਦ ਦੇ ਰਮਨਦੀਪ ਸਿੰਘ ਨੂੰ ਨੇਵੀ ਵਿਚ ਚੁਣਿਆ ਗਿਆ ਹੈ। ਇਸੇ ਤਰ੍ਹਾਂ, ਪਿੰਡ ਸਿਵੀਆਂ ਦੀ ਜਸਲੀਨ ਕੌਰ ਨੇ ਆਈਆਈਟੀ ਜੈਮ ਕੈਮਿਸਟਰੀ 2026 ਦੀ ਪ੍ਰੀਖਿਆ ਪਾਸ ਕੀਤੀ ਹੈ। ਅਨੂਪ ਨਗਰ ਬਠਿੰਡਾ ਦੇ ਪ੍ਰਭਜੋਤ ਸਿੰਘ ਨੂੰ ਕਲਰਕ ਵਜੋਂ ਚੁਣਿਆ ਗਿਆ ਹੈ।