ਸੀਐੱਮ ਦੀ ਹਦਾਇਤ ਦੇ ਬਾਵਜੂਦ ਸੜਕਾਂ 'ਤੇ ਪਏ ਬੇਕਾਰ ਖੰਭੇ ਨਹੀਂ ਹਟਾਏ
ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਬਾਵਜੂਦ ਸੜਕਾਂ 'ਤੇ ਪਏ ਬੇਕਾਰ ਖੰਭੇ ਨਹੀਂ ਗਏ ਹਟਾਏ
Publish Date: Sun, 11 Jan 2026 05:09 PM (IST)
Updated Date: Mon, 12 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ : ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਦੇ ਨਿਰਦੇਸ਼ਾਂ ਦੇ ਬਾਵਜੂਦ ਬਠਿੰਡਾ ਸ਼ਹਿਰ ਦੀਆਂ ਸੜਕਾਂ, ਗਲੀਆਂ ਅਤੇ ਹਾਈਵੇਆਂ ‘ਤੇ ਪਏ ਟੁੱਟੇ ਅਤੇ ਬੇਕਾਰ ਬਿਜਲੀ ਦੇ ਖੰਭੇ ਅਜੇ ਤੱਕ ਹਟਾਏ ਨਹੀਂ ਗਏ। ਇਸ ਕਾਰਨ ਲੋਕਾਂ ਲਈ ਸੜਕਾਂ ‘ਤੇ ਦੁਰਘਟਨਾਵਾਂ ਦਾ ਖਤਰਾ ਵਧਦਾ ਜਾ ਰਿਹਾ ਹੈ। ਲੋਕਾਂ ਦਾ ਦਾਅਵਾ ਹੈ ਕਿ ਵਿਭਾਗ ਸਿਰਫ ਕਾਗਜ਼ੀ ਕਾਰਵਾਈ ਦਿਖਾ ਕੇ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਮਾਜਸੇਵੀ ਸੰਜੀਵ ਗੋਇਲ ਨੇ ਲੰਬੇ ਸਮੇਂ ਤੋਂ ਸ਼ਹਿਰ ਵਿਚ ਵਿਭਿੰਨ ਥਾਵਾਂ ‘ਤੇ ਪਏ ਟੁੱਟੇ ਅਤੇ ਬੇਕਾਰ ਖੰਭਿਆਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਪੰਜਾਬ ਸਮੇਤ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਸੀ। ਇਸ ’ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਸੰਬੰਧਤ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਕਿ ਸੜਕਾਂ, ਗਲੀਆਂ ਤੇ ਹਾਈਵੇਅ ਤੋਂ ਬੇਕਾਰ ਖੰਭੇ ਤੁਰੰਤ ਹਟਾਏ ਜਾਣ। ਬਿਜਲੀ ਨਿਗਮ ਅਤੇ ਹਾਈਵੇ ਅਥਾਰਟੀ ਵੱਲੋਂ ਜਵਾਬ ਦਿੱਤਾ ਕਿ ਠੇਕੇਦਾਰਾਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਖੰਭੇ ਹਟਾਉਣ ਦੇ ਨਿਰਦੇਸ਼ ਦਿੱਤੇ ਜਾ ਚੁਕੇ ਹਨ ਅਤੇ ਜ਼ਿਆਦਾਤਰ ਖੰਭੇ ਚੁਕਵਾ ਦਿੱਤੇ ਗਏ ਹਨ। ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਅੱਜ ਵੀ ਇਹ ਟੁੱਟੇ ਅਤੇ ਬੇਕਾਰ ਖੰਭੇ ਓਥੇ ਹੀ ਪਏ ਹਨ। ਸਮਾਜ ਸੇਵੀ ਸੰਜੀਵ ਗੋਇਲ ਨੇ ਕਿਹਾ ਕਿ ਸੰਘਣੀ ਧੁੰਦ ਤੇ ਕੋਹਰੇ ਵਾਲੇ ਮੌਸਮ ’ਚ ਸੜਕਾਂ ਦੇ ਕੰਢੇ ਪਏ ਇਹ ਵੱਡੇ ਖੰਭੇ ਦੁਰਘਟਨਾਵਾਂ ਲਈ ਗੰਭੀਰ ਖਤਰਾ ਬਣਦੇ ਜਾ ਰਹੇ ਹਨ। ਇਸ ਸਬੰਧ ’ਚ ਸ਼ਿਕਾਇਤ ਡੀਸੀ ਬਠਿੰਡਾ, ਨਿਗਮ ਤੇ ਹਾਈਵੇਅਥਾਰਟੀ ਨੂੰ ਭੇਜੀ ਗਈ ਹੈ। ਸਮਾਜ ਸੇਵੀ ਨੇ ਪ੍ਰਸ਼ਾਸਨ ਤੋਂ ਇਸ ਗੰਭੀਰ ਮੁੱਦੇ ’ਤੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।