- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ’ਚ ਚੋਰੀ ਦੀਆਂ ਵਾਰਦਾਤਾਂ ਨਾਲ ਦਹਿਸ਼ਤ, ਇਕ ਹੀ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ

ਲੋਕਾਂ ’ਚ ਦਹਿਸ਼ਤ, ਰਾਤ ਨੂੰ ਸੜਕਾਂ ’ਤੇ ਨਜ਼ਰ ਨਹੀਂ ਦਿਸ ਰਹੀ ਪੁਲਿਸ, ਵਪਾਰੀਆਂ ਤੇ ਦੁਕਾਨਦਾਰਾਂ ’ਚ ਰੋਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ’ਚ ਲਗਾਤਾਰ ਵੱਧ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਤਾਜ਼ਾ ਘਟਨਾ ਵਿੱਚ ਚੋਰਾਂ ਨੇ ਇਕ ਹੀ ਰਾਤ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਚੋਰੀ ਕਰ ਲਈ। ਇਸ ਘਟਨਾ ਤੋਂ ਬਾਅਦ ਵਪਾਰੀਆਂ ਅਤੇ ਇਲਾਕਾ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਹਾਲਾਂਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਤੇ ਸੀਸੀਟੀਵੀ ’ਚ ਕੈਦ ਹੋ ਰਹੀਆਂ ਹਨ, ਪਰ ਪੁਲਿਸ ਮੁਲਜ਼ਮਾਂ ਨੂੰ ਅਜੇ ਤਕ ਗ੍ਰਿਫ਼ਤਾਰ ਨਹੀਂ ਕਰ ਸਕੀ। ਮਿਲੀ ਜਾਣਕਾਰੀ ਮੁਤਾਬਕ ਚੋਰਾਂ ਨੇ ਸਭ ਤੋਂ ਪਹਿਲਾਂ ਪਰਸ ਰਾਮ ਨਗਰ ਵਿੱਚ ਸਿੱਧੂ ਸੀਮਿੰਟ ਵਾਲੀ ਗਲੀ ਵਿਚ ਸਥਿਤ ਇਕ ਆਂਡਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਈ ਨਗਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਦੁਕਾਨਦਾਰ ਨੇ ਸਵੇਰੇ ਜਦੋਂ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਜਿੰਦਰੇ ਟੁੱਟੇ ਹੋਏ ਦੇਖ ਕੇ ਹੈਰਾਨ ਰਹਿ ਗਿਆ। ਪੀੜਤ ਅਨੁਸਾਰ ਚੋਰਾਂ ਨੇ ਬੜੇ ਆਰਾਮ ਨਾਲ ਰਾਤ 12 ਵਜੇ ਹਥੌੜੀ ਨਾਲ ਤਾਲੇ ਤੋੜੇ ਹਨ। ਉਸ ਨੇ ਤੁਰੰਤ ਆਲੇ-ਦੁਆਲੇ ਦੇ ਲੋਕਾਂ ਨੂੰ ਸੂਚਿਤ ਕੀਤਾ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਚੋਰਾਂ ਨੇ ਪਰਸਰਾਮ ਨਗਰ ਵਿੱਚ 20 ਨੰਬਰ ਗਲੀ ਨੇੜੇ ਸਥਿਤ ਇਕ ਚਾਦਰਾਂ ਦੀ ਦੁਕਾਨ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਪਈ ਨਕਦੀ ਅਤੇ ਕੁਝ ਸਮਾਨ ਚੋਰੀ ਕਰ ਲਿਆ। ਦੁਕਾਨਦਾਰਾਂ ਦੇ ਅਨੁਸਾਰ ਚੋਰਾਂ ਨੇ ਕਾਫੀ ਸਮਾਂ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਨਾਲ ਲੱਗਦਾ ਹੈ ਕਿ ਉਨ੍ਹਾਂ ਨੂੰ ਇਲਾਕੇ ਦੀ ਪੂਰੀ ਜਾਣਕਾਰੀ ਸੀ ਅਤੇ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ। ਇਸੇ ਤਰ੍ਹਾਂ ਸੁਰਖਪੀਰ ਰੋਡ ’ਤੇ ਸਥਿਤ ਇਕ ਦਰਜੀ ਦੀ ਦੁਕਾਨ ਦੇ ਵੀ ਤਾਲੇ ਤੋੜ ਕੇ ਚੋਰੀ ਕੀਤੀ ਗਈ। ਚੋਰ ਦੁਕਾਨ ਵਿੱਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਕੁਝ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਸਵੇਰੇ ਜਦੋਂ ਦੁਕਾਨਦਾਰ ਦੁਕਾਨ ’ਤੇ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਕ ਹੀ ਰਾਤ ਵਿੱਚ ਤਿੰਨ ਚੋਰੀਆਂ ਦੀਆਂ ਵਾਰਦਾਤਾਂ ਸਾਹਮਣੇ ਆਉਣ ਨਾਲ ਸ਼ਹਿਰ ਵਿੱਚ ਹੜਕੰਪ ਮਚ ਗਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਪਰ ਇਸ ਦੇ ਬਾਵਜੂਦ ਚੋਰਾਂ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਲੋਕਾਂ ਦਾ ਦੋਸ਼ ਹੈ ਕਿ ਰਾਤ ਸਮੇਂ ਪੁਲਿਸ ਗਸ਼ਤ ਠੀਕ ਢੰਗ ਨਾਲ ਨਹੀਂ ਹੋ ਰਹੀ, ਜਿਸ ਦਾ ਫਾਇਦਾ ਚੋਰ ਚੁੱਕ ਰਹੇ ਹਨ। ਵਪਾਰੀਆਂ ਨੇ ਵੀ ਇਸ ਘਟਨਾ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆਂ ਰਹੀਆਂ ਤਾਂ ਵਪਾਰ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ ਤਾਂ ਜੋ ਲੋਕਾਂ ’ਚ ਭਰੋਸਾ ਬਣਿਆ ਰਹੇ।
ਇਸ ਸਬੰਧੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।