- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਅੰਦਰ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਜਾਰੀ, ਲੁੱਟ ਖੋਹ ਦੀਟਾਂ ਦੋ ਵਾਰਦਾਤਾਂ, ਦੁਕਾਨ ਤੇ ਮੁਹੱਲਾ ਕਲੀਨਿਕ ’ਚ ਚੋਰੀ

-ਲੁੱਟ-ਖੋਹ ਦੀਆਂ ਦੋ ਵਾਰਦਾਤਾਂ, ਦੁਕਾਨ ਤੇ ਮੁਹੱਲਾ ਕਲੀਨਿਕ ’ਚ ਚੋਰੀ, ਸੀਸੀਟੀਵੀ ’ਚ ਕੈਦ ਹੋਈ ਵਾਰਦਾਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਲੋਕ ਡਰ ਤੇ ਸਹਿਮ ਦੇ ਮਾਹੌਲ ਵਿਚ ਹਨ। ਆਏ ਦਿਨ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਜਿੱਥੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰਕੇ ਨੌਜਵਾਨ ਅਤੇ ਆਂਡਿਆਂ ਦੀ ਰੇਹੜੀ ਲਾਉਣ ਵਾਲੇ ਨਾਲ ਲੁੱਟ ਕੀਤੀ, ਉਥੇ ਹੀ ਦੁਕਾਨ ਅਤੇ ਮੁਹੱਲਾ ਕਲੀਨਿਕ ਨੂੰ ਨਿਸ਼ਾਨਾਂ ਬਣਾਇਆ ਹੈ। ਸ਼ਹਿਰ ਦੇ ਧੋਬੀ ਬਾਜ਼ਾਰ ਖੇਤਰ ਵਿੱਚ ਦੇਰ ਰਾਤ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇਕ ਨੌਜਵਾਨ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਤੋਂ ਮੋਬਾਈਲ ਫੋਨ ਅਤੇ ਕਰੀਬ 1500 ਰੁਪਏ ਦੀ ਨਕਦੀ ਲੁੱਟ ਲਈ। ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜ਼ਖਮੀ ਨੌਜਵਾਨ ਦੀ ਪਛਾਣ ਮਹਾਵੀਰ ਵਾਸੀ ਕਪੂਰਥਲਾ ਵਜੋਂ ਹੋਈ ਹੈ। ਉਹ ਮਿਡੂਮਲ ਸਟਰੀਟ ਵਿੱਚ ਆਪਣੇ ਭਰਾ ਨੂੰ ਮਿਲਣ ਲਈ ਬਠਿੰਡਾ ਆਇਆ ਹੋਇਆ ਸੀ। ਜਾਣਕਾਰੀ ਮੁਤਾਬਕ 31 ਮਾਰਚ ਦੀ ਰਾਤ ਕਰੀਬ 11 ਵਜੇ ਉਹ ਰੇਲਵੇ ਸਟੇਸ਼ਨ ਤੋਂ ਪੈਦਲ ਆਪਣੇ ਭਰਾ ਦੀ ਦੁਕਾਨ ਵੱਲ ਜਾ ਰਿਹਾ ਸੀ। ਰਸਤੇ ਵਿੱਚ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਲਿਫ਼ਟ ਦੀ ਪੇਸ਼ਕਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਬਾਅਦ ਵਿੱਚ ਧੋਬੀ ਬਾਜ਼ਾਰ ਨੇੜੇ ਦੋਵੇਂ ਦੋਸ਼ੀਆਂ ਨੇ ਉਸ ਨੂੰ ਘੇਰ ਲਿਆ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਉਸ ਦਾ ਮੋਬਾਈਲ ਅਤੇ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਬੰਧੀ 1 ਅਪ੍ਰੈਲ ਨੂੰ ਮਹਾਵੀਰ ਥਾਣਾ ਕੋਤਵਾਲੀ ਵਿੱਚ ਸ਼ਿਕਾਇਤ ਦੇਣ ਪਹੁੰਚਿਆ, ਪਰ ਉਸ ਨੂੰ ਅਗਲੇ ਦਿਨ ਆਉਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਹ ਵਾਪਸ ਕਪੂਰਥਲਾ ਪਰਤ ਗਿਆ।
-ਬਾਕਸ-
-ਆਂਡਿਆਂ ਦੀ ਰੇਹੜੀ ਵਾਲੇ ਨਾਲ ਲੁੱਟ, ਤਿੰਨ ਨੌਜਵਾਨ ਨਕਦੀ ਲੈ ਕੇ ਫਰਾਰ
ਬਠਿੰਡਾ ਦੇ ਮੁਲਤਾਨੀਆ ਪੁਲ ਹੇਠਾਂ ਆਂਡਿਆਂ ਦੀ ਰੇਹੜੀ ਲਗਾਉਣ ਵਾਲੇ ਇਕ ਵਿਅਕਤੀ ਨਾਲ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਦੇਰ ਸ਼ਾਮ ਕਰੀਬ 8 ਵਜੇ ਵਾਪਰੀ, ਜਦੋਂ ਤਿੰਨ ਨੌਜਵਾਨ ਰੇਹੜੀ ‘ਤੇ ਪਹੁੰਚੇ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਵਿਅਕਤੀ ਗੰਜੂ ਵੱਲੋਂ ਇਸ ਸਬੰਧੀ ਥਾਣਾ ਕੈਨਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੰਜੂ ਨੇ ਦੱਸਿਆ ਕਿ ਰਾਤ ਸਮੇਂ ਤਿੰਨ ਨੌਜਵਾਨ ਉਸਦੀ ਰੇਹੜੀ ‘ਤੇ ਆਏ ਅਤੇ ਕਹਿਣ ਲੱਗੇ ਕਿ ਉਨ੍ਹਾਂ ਨੂੰ ਨਕਦ ਪੈਸੇ ਦੇ ਦਿੱਤੇ ਜਾਣ, ਉਹ ਗੂਗਲ ਪੇ ਕਰ ਦੇਣਗੇ। ਜਿਵੇਂ ਹੀ ਉਹ ਪੈਸੇ ਦੇਣ ਲੱਗਾ, ਦੋਸ਼ੀਆਂ ਨੇ ਅਚਾਨਕ ਉਸ ਤੋਂ ਨਕਦੀ ਖੋਹ ਲਈ। ਉਸਨੇ ਵਿਰੋਧ ਕੀਤਾ ਤਾਂ ਇਕ ਨੌਜਵਾਨ ਨੇ ਉਸ ’ਤੇ ਕ੍ਰਿਪਾਣ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਗੰਜੂ ਨੇ ਹਿੰਮਤ ਦਿਖਾਉਂਦੇ ਹੋਏ ਹਮਲਾਵਰ ਦੀ ਕ੍ਰਿਪਾਣ ਫੜ ਲਈ, ਜਿਸ ਕਾਰਨ ਹਮਲਾ ਨਾਕਾਮ ਰਹਿ ਗਿਆ। ਇਸ ਦੌਰਾਨ ਤਿੰਨੇ ਨੌਜਵਾਨ ਮੌਕੇ ਤੋਂ ਭੱਜ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਨੇ ਰਾਤ ਦੇ ਸਮੇਂ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਉਠਾਏ ਹਨ। ਥਾਣਾ ਕੈਨਾਲ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ।
-ਕਸ-
-ਦੁਕਾਨ ਤੋਂ ਨਕਦੀ ਚੋਰੀ, ਚੋਰ ਸੀਸੀਟੀਵੀ ’ਚ ਕੈਦ
ਬਠਿੰਡਾ ਵਿੱਚ ਥਾਣਾ ਕੋਤਵਾਲੀ ਖੇਤਰ ਅੰਦਰ ਚੋਰੀ ਦੀ ਇਕ ਹੋਰ ਘਟਨਾ ਵੀ ਸਾਹਮਣੇ ਆਈ ਹੈ। ਮੁਹੱਲਾ ਝੁੱਟੀਕਾ ਵਿੱਚ ਇਕ ਚੋਰ ਨੇ ਘਰ ਨਾਲ ਲੱਗਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਕਰੀਬ 4 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਹ ਵਾਰਦਾਤ ਵੀ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਸੋਨੂ ਜਿੰਦਲ ਨੇ ਦੱਸਿਆ ਕਿ 1 ਅਪ੍ਰੈਲ ਦੀ ਸਵੇਰ ਜਦੋਂ ਉਸ ਨੇ ਦੁਕਾਨ ਖੋਲੀ ਤਾਂ ਦਰਵਾਜ਼ੇ ਦੇ ਕਬਜ਼ੇ ਖੁੱਲ੍ਹੇ ਹੋਏ ਸਨ ਅਤੇ ਅੰਦਰ ਸਮਾਨ ਖਿਲਰਿਆ ਪਿਆ ਸੀ। ਜਾਂਚ ਕਰਨ ‘ਤੇ ਗੱਲੇ ਵਿੱਚੋਂ ਨਕਦੀ ਗਾਇਬ ਮਿਲੀ। ਜਾਣਕਾਰੀ ਅਨੁਸਾਰ ਦੋਸ਼ੀ ਨੇ ਤਾਲਾ ਤੋੜਣ ਦੀ ਬਜਾਏ ਰਸੋਈ ਵਿੱਚੋਂ ਚਮਚ ਲੈ ਕੇ ਦਰਵਾਜ਼ੇ ਦੇ ਕਬਜ਼ੇ ਖੋਲ੍ਹੇ ਅਤੇ ਅੰਦਰ ਦਾਖ਼ਲ ਹੋਇਆ। ਇਹ ਵੀ ਸਾਹਮਣੇ ਆਇਆ ਕਿ ਚੋਰ ਪੜੋਸੀ ਮਕਾਨ ਦੀ ਪਾਈਪ ਰਾਹੀਂ ਛੱਤ ‘ਤੇ ਚੜ੍ਹ ਕੇ ਦੁਕਾਨ ਤਕ ਪਹੁੰਚਿਆ। ਪੁਲਿਸ ਨੇ ਅਣਪਛਾਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਲਦ ਦੋਸ਼ੀ ਦੀ ਪਹਿਚਾਣ ਕਰਕੇ ਗ੍ਰਿਫ਼ਤਾਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ।
-ਬਾਕਸ-
-ਬਣ ਰਹੇ ਮੁਹੱਲਾ ਕਲੀਨਿਕ ਵਿਚ ਚੋਰੀ
ਬਠਿੰਡਾ ਦੇ ਹਜੂਰਾ ਕਪੂਰਾ ਕਾਲੋਨੀ ਇਲਾਕੇ ਵਿੱਚ ਬਣ ਰਹੇ ਮੁਹੱਲਾ ਕਲੀਨਿਕ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਅਣਪਛਾਤੇ ਚੋਰਾਂ ਨੇ ਨਿਰਮਾਣ ਅਧੀਨ ਕਲੀਨਕ ਵਿੱਚ ਦਾਖਲ ਹੋ ਕੇ ਇਲੈਕਟ੍ਰਿਕ ਤਾਰਾਂ ਅਤੇ ਪਾਣੀ ਦੀਆਂ ਟੂਟੀਆਂ ਚੋਰੀ ਕਰ ਲਈਆਂ। ਇਸ ਘਟਨਾ ਦਾ ਪਤਾ ਸਥਾਨਕ ਲੋਕਾਂ ਨੂੰ ਸਵੇਰੇ ਉਦੋਂ ਲੱਗਾ, ਜਦੋਂ ਉਹ ਰੋਜ਼ਾਨਾ ਵਾਂਗੂ ਮੌਕੇ ‘ਤੇ ਪਹੁੰਚੇ ਅਤੇ ਕਲੀਨਿਕ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਏ। ਸਥਾਨਕ ਵਾਸੀਆਂ ਦੇ ਅਨੁਸਾਰ ਰਾਤ ਦੇ ਸਮੇਂ ਕਿਸੇ ਨੇ ਵੀ ਕਿਸੇ ਸ਼ੱਕੀ ਗਤੀਵਿਧੀ ਦਾ ਧਿਆਨ ਨਹੀਂ ਦਿੱਤਾ। ਪਰ ਸਵੇਰੇ ਜਦੋਂ ਅੰਦਰ ਵੇਖਿਆ ਗਿਆ, ਤਾਂ ਜਗ੍ਹਾ-ਜਗ੍ਹਾ ਤਾਰਾਂ ਗਾਇਬ ਮਿਲੀਆਂ ਅਤੇ ਟੂਟੀਆਂ ਚੋਰੀ ਹੋ ਗਈਆਂ। ਲੋਕਾਂ ਨੇ ਤੁਰੰਤ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ। ਇਹ ਇਲਾਕਾ ਥਾਣਾ ਥਰਮਲ ਦੇ ਅਧੀਨ ਆਉਂਦਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਥਰਮਲ ਥਾਣਾ ਪੁਲਿਸ ਨੇ ਦੱਸਿਆ ਕਿ ਆਸਪਾਸ ਲਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸ਼ੱਕੀ ਲੋਕਾਂ ਦੀ ਪਛਾਣ ਕਰਨ ਦੇ ਯਤਨ ਜਾਰੀ ਹਨ। ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿਲਾਇਆ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
-ਬਾਕਸ-
-ਲਗਾਤਾਰ ਚੋਰੀਆ ਦੀਆਂ ਵਾਰਦਾਤਾਂ, ਪੁਲਿਸ ਦੇ ਹੱਥ ਖਾਲੀ
ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਅਤੇ ਅੱਗਜ਼ਨੀ ਦੀਆਂ ਵਾਰਦਾਤਾਂ ਨੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਹੋਈਆਂ ਵਾਰਦਾਤਾਂ ਵਿੱਚ ਵੀ ਪੁਲਿਸ ਅਜੇ ਤੱਕ ਕਿਸੇ ਵੀ ਦੋਸ਼ੀ ਦਾ ਕੋਈ ਸੁਰਾਗ ਨਹੀਂ ਲੱਭ ਸਕੀ। ਇਸ ਤੋਂ ਪਹਿਲਾਂ ਥਾਣਾ ਸਿਵਲ ਲਾਈਨਜ਼ ਦੇ ਬਾਹਰ ਸਥਿਤ ਚਾਹ ਅਤੇ ਜੂਸ ਦੀਆਂ ਦੁਕਾਨਾਂ ਵਿੱਚ ਵੀ ਚੋਰੀਆਂ ਹੋ ਚੁੱਕੀਆਂ ਹਨ, ਪਰ ਪੁਲਿਸ ਕਿਸੇ ਵੀ ਮਾਮਲੇ ਨੂੰ ਸੁਲਝਾਉਣ ਵਿੱਚ ਕਾਮਯਾਬ ਨਹੀਂ ਹੋਈ। ਐਸਐਸਪੀ ਦਫ਼ਤਰ ਦੇ ਸਾਹਮਣੇ ਇੱਕ ਚਾਹ ਸਟਾਲ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ। ਮਿੰਨੀ ਸਕੱਤਰੇਤ ਰੋਡ ‘ਤੇ ਇਕ ਘਰ ’ਚ ਵੀ ਚੋਰੀ ਦੀ ਵਾਰਦਾਤ ਸਾਹਮਣੇ ਆ ਚੁੱਕੀ ਹੈ। ਇਨ੍ਹਾਂ ਘਟਨਾਵਾਂ ਵਿੱਚੋਂ ਬਹੁਤੀਆਂ ਵਾਰਦਾਤਾਂ ਸੀਸੀਟੀਵੀ ’ਚ ਕੈਦ ਹੋਣ ਦੇ ਬਾਵਜੂਦ ਪੁਲਿਸ ਚੋਰਾਂ ਦੀ ਪਛਾਣ ਕਰਨ ਵਿਚ ਅਸਫਲ ਰਹੀ ਹੈ।