- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਨੂੰ ਨੰਬਰ ਇਕ ਸਾਫ਼-ਸੁਥਰਾ ਸ਼ਹਿਰ ਬਣਾਉਣ ਦੇ ਮਿਸ਼ਨ 'ਚ ਜੁਟੇ ਮੇਅਰ ਪਦਮਜੀਤ ਮਹਿਤਾ

-ਕਿਹਾ, 15 ਨਵੇਂ ਟਰੈਕਟਰ-ਟਰਾਲੀਆਂ ਨੂੰ ਵਿਖਾਈ ਝੰਡੀ. ਬਠਿੰਡਾ ਸ਼ਹਿਰ ਨੂੰ ਵਿਕਸਤ ਕਰਨ ਲਈ ਚੁੱਕੇ ਜ਼ਰੂਰੀ ਕਦਮ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਸਮੇਤ ਪੰਜਾਬ ਅਤੇ ਦੇਸ਼ ਭਰ ਵਿੱਚ ਸਫਾਈ ਮੁਹਿੰਮ ਵਿੱਚ ਇੱਕ ਵਾਰ ਫਿਰ ਨੰਬਰ ਇੱਕ ਸਥਾਨ ਪ੍ਰਾਪਤ ਕਰਨ ਲਈ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਪੂਰੀ ਨਿਗਮ ਟੀਮ ਦੇ ਨਾਲ ਮਿਲ ਕੇ ਕਮਰ ਕੱਸ ਲਈ ਹੈ। ਇਸ ਲੜੀ ਤਹਿਤ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਦੇ ਹੋਏ, ਅੱਜ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਤੇ ਕੌਂਸਲਰ ਸਾਹਿਬਾਨਾਂ ਨਾਲ ਮਿਲ ਕੇ 15 ਨਵੀਆਂ ਟਰੈਕਟਰ-ਟਰਾਲੀਆਂ ਨੂੰ ਹਰੀ ਝੰਡੀ ਦਿਖਾਈ। ਇਨ੍ਹਾਂ ਟਰਾਲੀਆਂ ਦੀਆਂ ਚਾਬੀਆਂ ਸੈਨੇਟਰੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੌਂਪਦਿਆਂ ਸ਼ਹਿਰ ਵਾਸੀਆਂ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ।
ਮੇਅਰ ਨੇ ਦੱਸਿਆ ਕਿ ਪਹਿਲਾਂ, 15 ਟਰੈਕਟਰ-ਟਰਾਲੀਆਂ ਕਿਰਾਏ 'ਤੇ ਲਈਆਂ ਸਨ, ਜਿਨ੍ਹਾਂ ਨੂੰ ਸਿਰਫ਼ ਇਕ ਸ਼ਿਫਟ ਵਿੱਚ ਚਲਾਇਆ ਜਾਂਦਾ ਸੀ। ਹੁਣ, ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਹ 15 ਟਰੈਕਟਰ-ਟਰਾਲੀਆਂ ਦੋ ਸ਼ਿਫਟਾਂ ’ਚ ਚੱਲਣਗੀਆਂ, ਜਿਸ ਨਾਲ ਸ਼ਹਿਰ ਦੀ ਕੂੜਾ ਇਕੱਠਾ ਕਰਨ ਦੀ ਸਮੱਸਿਆ ਵਿੱਚ ਕਾਫ਼ੀ ਕਮੀ ਆਵੇਗੀ। ਨਵੀਆਂ ਟਰਾਲੀਆਂ ਦੇ ਸੰਚਾਲਨ ਨਾਲ ਕੰਮ ਦੀ ਗਤੀ ਦੁੱਗਣੀ ਹੋ ਜਾਵੇਗੀ ਅਤੇ ਸੈਨੀਟੇਸ਼ਨ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ। ਇਸ ਦੌਰਾਨ ਮੇਅਰ ਮਹਿਤਾ ਤੇ ਸੀਨੀਅਰ ਡਿਪਟੀ ਮੇਅਰ ਜੈਨ ਦੇ ਨਾਲ ਨਿਗਮ ਦੇ ਸਹਾਇਕ ਕਮਿਸ਼ਨਰ ਸੁਨੀਲ ਮਹਿਤਾ, ਕਾਰਜਕਾਰੀ ਇੰਜੀਨੀਅਰ ਨੀਰਜ ਕੁਮਾਰ, ਮੁੱਖ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ, ਸੁਰੇਸ਼ ਸੇਤੀਆ ਤੇ ਸਾਰੇ ਕੌਂਸਲਰ ਸਾਹਿਬਾਨ ਮੌਜੂਦ ਸਨ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਪਹਿਲਾਂ ਸਫਾਈ ਮੁਹਿੰਮ ਵਿੱਚ ਪੰਜਾਬ ਵਿੱਚ ਪਹਿਲੇ ਸਥਾਨ 'ਤੇ ਰਿਹਾ ਹੈ ਅਤੇ ਹੁਣ ਸਰਵੇਖਣ ਦੁਬਾਰਾ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਗਮ ਦੀ ਪੂਰੀ ਟੀਮ ਅਤੇ ਸੈਨੀਟੇਸ਼ਨ ਵਿਭਾਗ ਦੀ ਸਖ਼ਤ ਮਿਹਨਤ ਨਾਲ, ਇਸ ਵਾਰ ਵੀ ਬਠਿੰਡਾ ਨੂੰ ਪਹਿਲੇ ਸਥਾਨ 'ਤੇ ਲਿਆਉਣ ਦਾ ਟੀਚਾ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਨਗਰ ਨਿਗਮ ਅਤੇ ਸੈਨੀਟੇਸ਼ਨ ਵਿਭਾਗ ਦੀ ਸਖ਼ਤ ਮਿਹਨਤ ਰਾਹੀਂ, ਬਠਿੰਡਾ ਨਾ ਸਿਰਫ਼ ਪੰਜਾਬ ਵਿਚ, ਸਗੋਂ ਦੇਸ਼ ਭਰ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ‘ਆਪ’ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਬਠਿੰਡਾ ਨੂੰ ਇਕ ਵਿਕਸਤ ਸ਼ਹਿਰ ਵਜੋਂ ਸਥਾਪਤ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਮੇਅਰ ਨੇ ਕਿਹਾ ਕਿ ਬਠਿੰਡਾ ਨੂੰ ਇੱਕ ਆਧੁਨਿਕ ਅਤੇ ਸਾਫ਼-ਸੁਥਰਾ ਸ਼ਹਿਰ ਬਣਾਉਣਾ ਉਨ੍ਹਾਂ ਦਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਾਂਝਾ ਸੁਪਨਾ ਹੈ ਅਤੇ ਇਸਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਅੰਤ ਵਿੱਚ ਮੇਅਰ ਮਹਿਤਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਤੇ ਕੂੜੇ ਦਾ ਨਿਪਟਾਰਾ ਸਿਰਫ਼ ਨਿਰਧਾਰਤ ਖੇਤਰਾਂ ਵਿੱਚ ਹੀ ਕਰਨ, ਤਾਂ ਜੋ ਬਠਿੰਡਾ ਨੂੰ ਦੇਸ਼ ਦਾ ਇਕ ਆਦਰਸ਼ ਅਤੇ ਨੰਬਰ ਇਕ ਸਾਫ਼ ਸ਼ਹਿਰ ਬਣਾਉਣ ਵਿੱਚ ਸ਼ਹਿਰ ਵਾਸੀਆਂ ਦਾ ਯੋਗਦਾਨ ਪਹਿਲਾਂ ਵਾਂਗ ਜਾਰੀ ਰਹਿ ਸਕੇ।