ਚੌਂਕੀਦਾਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਕਣਕ ਚੋਰੀ
ਚੌਂਕੀਦਾਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਕਣਕ ਚੋਰੀ, ਬੈਂਕ ਵਿਚ ਚੋਰੀ ਦਾ ਯਤਨ
Publish Date: Wed, 28 Jan 2026 04:58 PM (IST)
Updated Date: Thu, 29 Jan 2026 04:04 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਅੰਦਰ ਜਿੱਥੇ ਅਣਪਛਾਤੇ ਚੋਰਾਂ ਨੇ ਗੁਦਾਮ ਦੇ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਕਣਕ ਲੁੱਟ ਲਈ, ਉਥੇ ਹੀ ਬਠਿੰਡਾ ਭਗਤਾ ਰੋਡ ’ਤੇ ਸੁੰਨਸਾਨ ਥਾਂ ’ਚ ਸਥਿਤ ਬੈਂਕ ’ਚ ਚੋਰੀ ਦੀ ਕੋਸ਼ਿਸ਼ ਕੀਤੀ। ਅਣਪਛਾਤੇ ਵਿਅਕਤੀਆਂ ਵੱਲੋਂ ਬਠਿੰਡਾ ਮੌੜ ਰੋਡ ’ਤੇ ਸਥਿਤ ਪਿੰਡ ਕਟਾਰ ਸਿੰਘ ਵਾਲਾ ਵਿਖੇ ਪਨਸਪ ਦੇ ਗੋਦਾਮ ਚੌਂਕੀਦਾਰਾਂ ਨੂੰ ਬੰਦੀ ਬਣਾ ਕੇ ਲੱਖਾਂ ਦੀ ਕਣਕ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ’ਚ ਪਨਸਪ ਇੰਸਪੈਕਟਰ ਦਿਲਬਾਗ ਸਿੰਘ ਵਾਸੀ ਬਹਿਮਣ ਦੀਵਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਦਾ ਦਾ ਕੈਲਾਸ਼ ਸਿੰਗਲ ਗੁਦਾਮ ਪਿੰਡ ਕਟਾਰ ਸਿੰਘ ਵਾਲਾ ’ਚ ਹੈ, ਜਿੱਥੇ ਕਣਕ ਸਟੋਰ ਕੀਤੀ ਗਈ ਹੈ। ਗੁਦਾਮ ਦੀ ਰਾਖੀ ਲਈ ਚੌਂਕੀਦਾਰ ਤਾਇਨਾਤ ਕੀਤੇ ਗਏ ਹਨ ਪਰ 27 ਜਨਵਰੀ ਦੀ ਰਾਤ ਨੂੰ ਅਣਪਛਾਤੇ ਵਿਅਕਤੀ ਗੁਦਾਮ ’ਚ ਦਾਖ਼ਲ ਹੋਏ ਤੇ ਚੌਕੀਦਾਰਾਂ ਨੂੰ ਇਕ ਕਮਰੇ ’ਚ ਬੰਦੀ ਬਣਾ ਕੇ ਗੋਦਾਮ ਵਿੱਚੋਂ ਕਣਕ ਦੀਆਂ ਬੋਰੀਆਂ ਤੇ ਕੈਮਰਿਆਂ ਦਾ ਐੱਨਵੀਆਰ ਤੇ ਰਾਊਟਰ ਲੈ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ ਦੋ ਲੱਖ ਰੁਪਏ ਬਣਦੀ ਹੈ। ਬਠਿੰਡਾ ਭਗਤਾ ਰੋਡ ’ਤੇ ਸੁੰਨਸਾਨ ਥਾਂ ’ਚ ਬਣੀ ਐਕਸਿਸ ਬੈਂਕ ਵਿੱਚੋ ਅਣਪਛਾਤੇ ਚੋਰਾਂ ਨੇ ਚੋਰੀ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਹੋ ਗਏ। ਜਾਣਕਾਰੀ ਅਨੁਸਾਰ ਬਠਿੰਡਾ ਭਗਤਾ ਰੋਡ ’ਤੇ ਪਿੰਡ ਸੇਮਾ ਨੇੜੇ ਬਿਲਕੁਲ ਸੁੰਨਸਾਨ ਥਾਂ ’ਤੇ ਐਕਸਿਸ ਬੈਂਕ ਦੀ ਬ੍ਰਾਂਚ ਖੋਲੀ ਗਈ ਹੈ। ਇਸ ਬ੍ਰਾਂਚ ਨਾਲ ਏਟੀਐੱਮ ਵੀ ਲਾਇਆ ਗਿਆ। ਬੈਂਕ ਮੈਨੇਜਰ ਗੁਰਵਿੰਦਰ ਸਿੰਘ ਅਨੁਸਾਰ 23 ਜਨਵਰੀ ਦੀ ਰਾਤ ਨੂੰ ਅਣਪਛਾਤੇ ਵਿਅਕਤੀ ਬੈਂਕ ’ਚ ਦਾਖ਼ਲ ਹੋ ਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਬੈਂਕ ’ਚ ਪਹਿਲਾਂ ਵੀ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਸਵਾਲ ਇਹ ਉੱਠਦਾ ਹੈ ਕਿ ਐਕਸਿਸ ਬੈਂਕ ਨੇ ਸੁੰਨਸਾਨ ਥਾਂ ’ਤੇ ਇਸ ਬਰਾਂਚ ਨੂੰ ਕਿਉਂ ਖੋਲ੍ਹਿਆ ਹੈ। ਬਰਾਂਚ ਦੇ ਨੇੜੇ-ਤੇੜੇ ਕੋਈ ਵੀ ਘਰ ਜਾਂ ਹੋਰ ਵਪਾਰਕ ਅਦਾਰਾ ਨਹੀਂ ਹੈ।