- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਡਰੋਨ ਰਾਹੀ ਕੀਤੀ ਜਾਵੇਗੀ ਡੋਰ ਵਰਤਣ ਵਾਲਿਆਂ ਦੀ ਪਛਾਣ

-ਹੁਣ ਡਰੋਨ ਰਾਹੀ ਕੀਤੀ ਜਾਵੇਗੀ ਡੋਰ ਵਰਤਣ ਵਾਲਿਆਂ ਦੀ ਪਛਾਣ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਚਾਈਨਾ ਡੋਰ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹਨ, ਜਿਸ ਕਾਰਨ ਹੁਣ ਪੁਲਿਸ ਪ੍ਰਸ਼ਾਸਨ ਨੇ ਡੋਰ ਵੇਚਣ ਤੇ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ। ਚਾਈਨਾ ਡੋਰ ਨਾਲ ਬਠਿੰਡਾ ਅੰਦਰ ਹੁਣ ਤਕ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਦੋਵੇਂ ਵਿਅਕਤੀਆਂ ਦੇ ਗਲੇ ਤੇ ਮੂੰਹ ’ਤੇ ਟਾਂਕੇ ਲੱਗੇ ਹਨ। ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ। ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਉੱਪਰ ਨਜ਼ਰ ਰੱਖਣ ਲਈ ਪੁਲਿਸ ਡਰੋਨ ਦੀ ਵਰਤੋਂ ਕਰੇਗੀ।
ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਗਠਤ ਕੀਤੀਆਂ ਵੱਖ-ਵੱਖ ਟੀਮਾਂ ਮਕਾਨਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਚੈਕਿੰਗ ਕਰਨਗੀਆਂ ਤੇ ਜੇਕਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਕਤ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮਕਾਨਾਂ ਦੀਆਂ ਛੱਤਾਂ ਤੇ ਪਤੰਗਬਾਜ਼ੀ ਕਰਨ ਵਾਲਿਆਂ ਉੱਪਰ ਡਰੋਨ ਨਾਲ ਨਜ਼ਰ ਰੱਖੀ ਜਾਵੇਗੀ। ਭਾਵੇਂ ਬਸੰਤ ਪੰਚਮੀ ’ਚ ਅਜੇ ਕੁੱਝ ਦਿਨ ਬਾਕੀ ਪਏ ਹਨ, ਪਰ ਸ਼ਹਿਰ ਲਗਾਤਾਰ ਡੋਰ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਰਹੇ ਲੋਕਾਂ ਦੇ ਮੱਦੇਨਜ਼ਰ ਪੁਲਿਸ ਹੁਣ ਤੋਂ ਹੀ ਚੌਕਸੀ ਵਰਤ ਰਹੀ ਹੈ। ਬਸੰਤ ਪੰਚਮੀ ਦੇ ਨੇੜੇ ਹਰ ਸਾਲ ਹੀ ਚਾਇਨਾ ਡੋਰ ਦੀ ਧੜੱਲੇ ਨਾਲ ਵਰਤੋਂ ਹੁੰਦੀ ਹੈ। ਹੁਣ ਇਸ ਤਿਉਹਾਰ ਵਿਚ ਕਰੀਬ ਤਿੰਨ ਦਿਨ ਬਾਕੀ ਹੈ ਅਤੇ ਆਸਮਾਨ ਵਿਚ ਪਤੰਗਾਂ ਦੀ ਗਿਣਤੀ ਵਧ ਰਹੀ ਹੈ। ਡਿਪਟੀ ਕਮਿਸ਼ਨਰ ਰਾਜ਼ੇਸ ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੀ ਕਿ ਉਹ ਪਤੰਗਬਾਜ਼ੀ ਕਰਨ ਲਈ ਸਧਾਰਨ ਡੋਰ ਦੀ ਵਰਤੋਂ ਕਰਨ। ਜੇਕਰ ਕੋਈ ਡੋਰ ਵੇਚਦਾ ਜਾਂ ਵਰਤੋਂ ਕਰਦਾ ਫੜ੍ਹਿਆ ਗਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
-ਬਾਕਸ-
-ਪੁਲਿਸ ਨੇ ਦੁਕਾਨਾਂ ’ਤੇ ਚੈਕਿੰਗ ਕਰਦਿਆਂ ਚਾਈਨਾ ਡੋਰ ਨਾ ਵਰਤਣ ਦੀ ਦਿੱਤੀ ਸਲਾਹ
ਕੁੱਝ ਦਿਨ ਪਹਿਲਾਂ ਚਾਈਨਾ ਡੋਰ ਨਾਲ ਦੋ ਵਿਅਕਤੀਆਂ ਦੇ ਗਲੇ ਕੱਟੇ ਗਏ ਸਨ। ਜ਼ਿਲ੍ਹਾ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਹੋਰ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀਆਂ ਟੀਮਾਂ ਵੱਲੋਂ ਸ਼ਹਿਰ ਅੰਦਰ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਨੇ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਚਾਈਨਾ ਡੋਰ ਨਾ ਵੇਚਣ। ਐਸਪੀ ਸਿਟੀ ਨਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਤੰਗਬਾਜ਼ੀ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਉਨ੍ਹਾਂ ਮਾਪਿਆਂ ਨੂੰ ਵੀ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਵਰਤਨ ਤੋਂ ਰੋਕਣ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਨੂੰ ਵੇਚਣ ਅਤੇ ਵਰਤਣ ਤੋਂ ਰੋਕਣ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਹੜੀਆਂ ਕਿ ਪਤੰਗਬਾਜ਼ੀ ਕਰਨ ਵਾਲਿਆਂ ’ਤੇ ਤਿੱਖੀ ਨਿਗ੍ਹਾ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਹੁਣ ਤਕ ਪੁਲਿਸ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਇਕ ਦਰਜਨ ਤੋਂ ਵਧੇਰੇ ਮਾਮਲੇ ਦਰਜ ਕਰ ਚੁੱਕੀ ਹੈ।
-ਬਾਕਸ-
-ਚਾਈਨਾ ਡੋਰ ਦੇ ਪਿਛਲੇ 15 ਸਾਲ ’ਚ 141 ਕੇਸ ਕੀਤੇ ਦਰਜ
ਪਿਛਲੇ 15 ਸਾਲਾਂ ਵਿਚ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਿਰਫ਼ 141 ਕੇਸ ਦਰਜ ਹੋਏ ਹਨ। ਸੂਚਨਾ ਦੇ ਅਧਿਕਾਰ ਕਾਨੂੰਨ 2005 ਤਹਿਤ 31 ਅਕਤੂਬਰ 2025 ਨੂੰ ਦਫ਼ਤਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੂੰ ਇੱਕ ਆਰਟੀਆਈ ਅਰਜ਼ੀ ਦਿੱਤੀ ਗਈ ਸੀ, ਜਿਸ ਵਿੱਚ ਪਿਛਲੇ ਇਕ ਤੋਂ ਡੇਢ ਦਹਾਕੇ ਦੌਰਾਨ ਚਾਈਨਾ ‘ਮੌਤ ਦੀ ਡੋਰ’ ਸਬੰਧੀ ਦਰਜ ਕੀਤੀਆਂ ਗਈਆਂ ਐਫ਼ਆਈਆਰ. ਬਾਰੇ ਜਾਣਕਾਰੀ ਮੰਗੀ ਗਈ ਸੀ। ਇਸ ਅਰਜ਼ੀ ਦੇ ਜਵਾਬ ਵਿਚ ਦਫ਼ਤਰ ਐੱਸਐੱਸਪੀ. ਬਠਿੰਡਾ ਵੱਲੋਂ ਪੱਤਰ ਨੰਬਰ 3365 ਮਿਤੀ 18 ਦਸੰਬਰ 2025 ਨੂੰ ਭੇਜਿਆ ਗਿਆ, ਜਿਹੜਾ ਹਾਲ ਹੀ ਵਿਚ ਜਨਵਰੀ 2026 ਵਿੱਚ ਪ੍ਰਾਪਤ ਹੋਇਆ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ 2011 ਤੋਂ 16 ਨਵੰਬਰ 2025 ਤਕ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਚਾਈਨਾ/ਪਲਾਸਟਿਕ ‘ਮੌਤ ਦੀ ਡੋਰ’ ਸਬੰਧੀ ਕੁੱਲ 141 ਕੇਸ ਦਰਜ ਕੀਤੇ ਹਨ।