- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਇਨਾ ਡੋਰ ਲਗਾਤਾਰ ਬਣ ਰਹੀ ਹੈ ਮੌਤ ਦੀ ਡੋਰ, ਜਾਗਰੂਕਤਾ ਤੇ ਸਾਵਧਾਨੀਆਂ ਵਰਤਣ ਦੀ ਲੋੜ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰਾਂ ਅਤੇ ਪਿੰਡਾਂ ਵਿੱਚ ਪਤੰਗਬਾਜ਼ੀ ਦੇ ਸ਼ੌਕ ਨਾਲ ਜੁੜੀ ਚਾਈਨਾ ਡੋਰ ਅੱਜ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਜਾਨਲੇਵਾ ਡੋਰ ਗੁਪਤ ਢੰਗ ਨਾਲ ਵੇਚੀ ਤੇ ਵਰਤੀ ਜਾ ਰਹੀ ਹੈ, ਜਿਸ ਕਾਰਨ ਹੁਣ ਤਕ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਇਹ ਡੋਰ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਸਗੋਂ ਬੇਜ਼ਬਾਨ ਪੰਛੀਆਂ ਲਈ ਵੀ ਵੱਡਾ ਖਤਰਾ ਸਾਬਤ ਹੋ ਰਹੀ ਹੈ। ਚਾਇਨਾ ਡੋਰ ਨਾਇਲੋਨ ਅਤੇ ਧਾਤੂ ਤੱਤਾਂ ਨਾਲ ਤਿਆਰ ਕੀਤੀ ਜਾਂਦੀ ਹੈ, ਜੋ ਆਮ ਸੂਤੀ ਡੋਰ ਦੇ ਮੁਕਾਬਲੇ ਕਈ ਗੁਣਾ ਤੇਜ਼ ਤੇ ਮਜ਼ਬੂਤ ਹੁੰਦੀ ਹੈ। ਇਸ ਦੀ ਤੇਜ਼ੀ ਇਨ੍ਹੀ ਜ਼ਿਆਦਾ ਹੁੰਦੀ ਹੈ ਕਿ ਇਹ ਚਮੜੀ, ਮਾਸ ਹੀ ਨਹੀਂ ਸਗੋਂ ਨਸਾਂ ਤਕ ਨੂੰ ਕੱਟ ਸਕਦੀ ਹੈ। ਇਸ ਉੱਪਰ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਦਿੱਤੇ ਹਨ :
-ਬਾਕਸ-
ਜਸਪਾਲ ਸਿੰਘ ਵੜਿੰਗ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਸਰਕਲ ਭਗਤਾ ਭਾਈਕਾ ਨੇ ਕਿਹਾ ਕਿ ਚਾਇਨਾ/ਪਲਾਸਟਿਕ ਡੋਰ ਅੱਜ ਦੇ ਸਮੇਂ ਵਿੱਚ ਲਗਾਤਾਰ “ਮੌਤ ਦੀ ਡੋਰ” ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕਈ ਬੇਗੁਨਾਹ ਲੋਕ ਇਸ ਡੋਰ ਕਾਰਨ ਜ਼ਖ਼ਮੀ ਹੁੰਦੇ ਹਨ ਤੇ ਕਈ ਵਾਰ ਇਹ ਹਾਦਸੇ ਜਾ ਨਲੇਵਾ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕਾਨੂੰਨ ਬਣਾਉਣ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ, ਜਦ ਤਕ ਲੋਕ ਖੁਦ ਜਾਗਰੂਕ ਨਹੀਂ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚਾਇਨਾ ਡੋਰ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਅਤੇ ਸੁਰੱਖਿਅਤ ਤੇ ਕਾਨੂੰਨੀ ਮਾਂਝੇ ਦੀ ਵਰਤੋਂ ਕਰਕੇ ਆਪਣੀ ਅਤੇ ਦੂਜਿਆਂ ਦੀ ਜਾਨ ਦੀ ਰੱਖਿਆ ਕਰਨ।
-ਬਾਕਸ-
ਬਵਲੇਸ ਕੁਮਾਰ ਬੌਬੀ ਸਿੰਗਲਾ ਪ੍ਰਧਾਨ ਭਾਜਪਾ ਸਰਕਲ ਭਗਤਾ ਭਾਈਕਾ ਨੇ ਕਿਹਾ ਕਿ ਚਾਇਨਾ ਡੋਰ ਨਾਲ ਹੋਣ ਵਾਲੇ ਹਾਦਸੇ ਸਿਰਫ਼ ਅੰਕੜੇ ਨਹੀਂ, ਸਗੋਂ ਇਹ ਕਈ ਪਰਿਵਾਰਾਂ ਦੀ ਤਬਾਹੀ ਦੀ ਕਹਾਣੀ ਹਨ। ਉਨ੍ਹਾਂ ਕਿਹਾ ਕਿ ਇਹ ਡੋਰ ਬੇਜ਼ੁਬਾਨ ਪੰਛੀਆਂ ਅਤੇ ਜਾਨਵਰਾਂ ਲਈ ਵੀ ਮੌਤ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਗੈਰ-ਕਾਨੂੰਨੀ ਡੋਰ ਦੀ ਖ਼ਰੀਦ-ਫਰੋਖ਼ਤ ਤੇ ਵਰਤੋਂ ਨੂੰ ਰੋਕੇ। ਉਨ੍ਹਾਂ ਮਾਪਿਆਂ ਅਤੇ ਨੌਜਵਾਨਾਂ ਨੂੰ ਖ਼ਾਸ ਤੌਰ ‘ਤੇ ਸਾਵਧਾਨ ਰਹਿਣ ਅਤੇ ਪਤੰਗਬਾਜ਼ੀ ਦੌਰਾਨ ਸੁਰੱਖਿਅਤ ਤਰੀਕੇ ਅਪਣਾਉਣ ਦੀ ਅਪੀਲ ਕੀਤੀ।
-ਬਾਕਸ-
ਸੁਖਜਿੰਦਰ ਸਿੰਘ ਬਬਲਾ ਨੌਜਵਾਨ ਆਗੂ ਐਨਆਰਆਈ ਮੰਚ ਨੇ ਕਿਹਾ ਕਿ ਚਾਇਨਾ/ਪਲਾਸਟਿਕ ਡੋਰ ਵਿਰੁੱਧ ਲੜਾਈ ਸਿਰਫ਼ ਪ੍ਰਸ਼ਾਸਨ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਕੁਝ ਪਲਾਂ ਦੀ ਖੁਸ਼ੀ ਲਈ ਕਿਸੇ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣਾ ਅਪਰਾਧ ਦੇ ਬਰਾਬਰ ਹੈ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਗੈਰਕਾਨੂੰਨੀ ਡੋਰ ਦੀ ਵਿਕਰੀ ਤੋਂ ਦੂਰ ਰਹਿਣ ਅਤੇ ਕਾਨੂੰਨ ਦੀ ਪਾਲਣਾ ਕਰਨ। ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ।
-ਬਾਕਸ-
ਰਮਨਦੀਪ ਸਿੰਘ ਸਲਾਬਤਪੁਰਾ ਕੈਨੇਡਾ ਨੇ ਕਿਹਾ ਕਿ ਚਾਇਨਾ ਡੋਰ ਨਾਲ ਜੁੜੇ ਹਾਦਸੇ ਹਰ ਸਾਲ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਅਸੀਂ ਅਜੇ ਵੀ ਕਾਫ਼ੀ ਸਾਵਧਾਨ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸੜਕਾਂ ‘ਤੇ ਦੋ-ਪਹੀਆ ਵਾਹਨ ਚਲਾਉਣ ਵਾਲੇ ਲੋਕ, ਬੱਚੇ ਅਤੇ ਬਜ਼ੁਰਗ ਇਸ ਡੋਰ ਦੇ ਸਭ ਤੋਂ ਵੱਡੇ ਸ਼ਿਕਾਰ ਬਣਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਤੰਗਬਾਜ਼ੀ ਦੌਰਾਨ ਖੁੱਲ੍ਹੀਆਂ ਥਾਵਾਂ ਦੀ ਚੋਣ ਕੀਤੀ ਜਾਵੇ, ਸੁਰੱਖਿਅਤ ਮਾਂਝੇ ਦੀ ਵਰਤੋਂ ਕੀਤੀ ਜਾਵੇ ਅਤੇ ਪਤੰਗ ਉਡਾਉਣ ਤੋਂ ਬਾਅਦ ਵਰਤੀ ਗਈ ਡੋਰ ਨੂੰ ਢੰਗ ਨਾਲ ਨਸ਼ਟ ਕੀਤਾ ਜਾਵੇ, ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰੇ।
-ਬਾਕਸ-
ਗੁਰਚਰਨ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈਕਾ ਨੇ ਕਿਹਾ ਕਿ ਚਾਈਨਾ/ਪਲਾਸਟਿਕ ਡੋਰ ਸਿਰਫ਼ ਇੱਕ ਪਤੰਗਬਾਜ਼ੀ ਦਾ ਸਾਧਨ ਨਹੀਂ, ਬਲਕਿ ਇਹ ਸਮਾਜ ਲਈ ਲਗਾਤਾਰ “ਮੌਤ ਦੀ ਡੋਰ” ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕਈ ਨਿਰਦੋਸ਼ ਲੋਕ ਅਤੇ ਬੇਜ਼ੁਬਾਨ ਪੰਛੀ ਇਸ ਦਾ ਸ਼ਿਕਾਰ ਬਣਦੇ ਹਨ, ਜੋ ਸਾਡੇ ਸਮਾਜ ਲਈ ਸ਼ਰਮਨਾਕ ਗੱਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਨੂੰਨ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਮਾਂਝਾ ਵਰਤਿਆ ਜਾਵੇ ਅਤੇ ਗੈਰ-ਕਾਨੂੰਨੀ ਡੋਰ ਦੀ ਖਰੀਦ-ਫਰੋਖ਼ਤ ਬੰਦ ਕੀਤੀ ਜਾਵੇ।
-ਬਾਕਸ-
ਜਸਮੀਤ ਸਿੰਘ ਪ੍ਰਿੰਸੀਪਲ ਭਾਈ ਬਹਿਲੋ ਸਕੂਲ ਭਗਤਾ ਭਾਈਕਾ ਨੇ ਕਿਹਾ ਕਿ ਸਮਾਜ ਦੀ ਸੁਰੱਖਿਆ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚਾਇਨਾ/ਪਲਾਸਟਿਕ ਡੋਰ ਦਾ ਵਿਰੋਧ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਾਗਰੂਕਤਾ ਹੀ ਇਸ ਸਮੱਸਿਆ ਦਾ ਸਭ ਤੋਂ ਵੱਡਾ ਹੱਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਤੰਗਬਾਜ਼ੀ ਦੌਰਾਨ ਸਾਵਧਾਨੀਆਂ ਵਰਤੀਆਂ ਜਾਣ, ਖੁੱਲ੍ਹੀਆਂ ਥਾਵਾਂ ‘ਤੇ ਹੀ ਪਤੰਗ ਉਡਾਈ ਜਾਵੇ ਅਤੇ ਵਰਤੀ ਗਈ ਡੋਰ ਨੂੰ ਸਹੀ ਢੰਗ ਨਾਲ ਨਸ਼ਟ ਕੀਤਾ ਜਾਵੇ। ਕੁਝ ਪਲਾਂ ਦੀ ਖੁਸ਼ੀ ਲਈ ਕਿਸੇ ਦੀ ਜਾਨ ਖ਼ਤਰੇ ਵਿੱਚ ਪਾਉਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਇਨਾ ਡੋਰ ਸਿਰਫ਼ ਇਨਸਾਨਾਂ ਹੀ ਨਹੀਂ, ਸਗੋਂ ਵਾਤਾਵਰਣ ਅਤੇ ਜੀਵ-ਜੰਤੂਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਇਨਾ/ਪਲਾਸਟਿਕ ਡੋਰ ਵਿਰੁੱਧ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇ।