ਚਾਈਨਾ ਡੋਰ ਦੀ ਲਪੇਟ ’ਚ ਆ ਕੇ ਬਾਈਕ ਸਵਾਰ ਗੰਭੀਰ ਜ਼ਖ਼ਮੀ, ਏਮਜ਼ ਰੈਫ਼ਰ
ਚਾਇਨਾ ਡੋਰ ਦੀ ਲਪੇਟ ‘ਚ ਆ ਕੇ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ, ਏਮਜ਼ ਰੈਫ਼ਰ
Publish Date: Mon, 05 Jan 2026 06:06 PM (IST)
Updated Date: Tue, 06 Jan 2026 04:06 AM (IST)

-ਚਾਈਨਾ ਡੋਰ ਨਾਲ ਚਿਹਰੇ ’ਤੇ ਡੂੰਘੇ ਜ਼ਖ਼ਮ ਹੋਣ ਕਾਰਨ ਲੱਗੇ ਟਾਂਕੇ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ’ਚ ਇੱਕ ਵਾਰ ਫਿਰ ਚਾਇਨਾ ਡੋਰ ਦਾ ਖ਼ਤਰਨਾਕ ਰੂਪ ਸਾਹਮਣੇ ਆਇਆ ਹੈ। ਸੋਮਵਾਰ ਦੁਪਹਿਰੇ ਇਕ ਮੋਟਰਸਾਈਕਲ ਸਵਾਰ ਚਾਈਨਾ ਡੋਰ ਦੀ ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 60 ਸਾਲਾ ਜੱਬਰ ਖਾਨ ਨਿਵਾਸੀ ਬੇਅੰਤ ਨਗਰ ਆਪਣੀ ਮੋਟਸਾਈਕਲ ’ਤੇ ਸਵਾਰ ਹੋ ਕੇ ਧੋਬਿਆਨਾ ਬਸਤੀ ਵੱਲ ਜਾ ਰਹੇ ਸਨ। ਅਚਾਨਕ ਸੜਕ ਦੇ ਉਪਰ ਹਵਾ ਵਿੱਚ ਲਟਕ ਰਹੀ ਚਾਈਨਾ ਡੋਰ ਉਨ੍ਹਾਂ ਦੇ ਚਿਹਰੇ ‘ਤੇ ਆ ਲਿਪਟ ਗਈ, ਜਿਸ ਕਾਰਨ ਉਹ ਸੰਤੁਲਨ ਗੁਆ ਬੈਠੇ ਤੇ ਮੋਟਰਸਾਈਕਲ ਤੋਂ ਡਿੱਗ ਪਏ। ਚਾਈਨਾ ਡੋਰ ਨਾਲ ਉਨ੍ਹਾਂ ਦੇ ਮੂੰਹ ’ਤੇ ਗਹਿਰਾ ਜ਼ਖ਼ਮ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਵੱਲੋਂ ਉਸ ਨੂੰ ਏਮਜ਼ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਏਮਜ਼ ਵਿੱਚ ਉਨ੍ਹਾਂ ਦੇ ਚਿਹਰੇ ‘ਤੇ 7 ਤੋਂ 10 ਟਾਂਕੇ ਲਗਾਏ ਹਨ। ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਜੱਬਰ ਖਾਨ ਨੂੰ ਸੰਭਲਣ ਦਾ ਮੌਕਾ ਤਕ ਨਹੀਂ ਮਿਲਿਆ। ਤੇਜ਼ਧਾਰ ਵਾਲੀ ਚਾਈਨਾ ਡੋਰ ਨਾਲ ਉਨ੍ਹਾਂ ਦੇ ਚਿਹਰੇ ’ਤੇ ਗੰਭੀਰ ਕੱਟ ਲੱਗਿਆ। ਸੜਕ ’ਤੇ ਡਿੱਗਦੇ ਹੀ ਨੇੜੇ ਮੌਜੂਦ ਲੋਕ ਮੌਕੇ ’ਤੇ ਪਹੁੰਚੇ ਤੇ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ। ਸਥਾਨਕ ਲੋਕਾਂ ਨੇ ਕਿਹਾ ਕਿ ਚਾਈਨਾ ਡੋਰ ’ਤੇ ਪਾਬੰਦੀ ਹੋਣ ਦੇ ਬਾਵਜੂਦ ਸ਼ਹਿਰ ’ਚ ਇਸਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਖ਼ਾਸ ਕਰਕੇ ਤਿਉਹਾਰਾਂ ਤੇ ਛੁੱਟੀਆਂ ਦੇ ਦਿਨਾਂ ਦੌਰਾਨ ਪਤੰਗਬਾਜ਼ੀ ਦੇ ਨਾਂ ‘ਤੇ ਇਸ ਜਾਨਲੇਵਾ ਡੋਰ ਦੀ ਵਰਤੋਂ ਵਧ ਜਾਂਦੀ ਹੈ, ਜੋ ਨਾ ਸਿਰਫ਼ ਵਾਹਨ ਚਾਲਕਾਂ ਲਈ ਨਹੀਂ, ਸਗੋਂ ਪੈਦਲ ਚੱਲਣ ਵਾਲਿਆਂ ਅਤੇ ਪੰਛੀਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਾਨੂੰਨਨ ਅਪਰਾਧ ਹੈ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਵਿੱਚ ਭਾਰੀ ਰੋਸ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ ਅਤੇ ਨਿਯਮਤ ਮੁਹਿੰਮਾਂ ਚਲਾ ਕੇ ਇਸਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇ। ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ ਹੈ ਤਾਂ ਜੋ ਕੋਈ ਵੀ ਇਸ ਖ਼ਤਰਨਾਕ ਡੋਰ ਦੀ ਵਰਤੋਂ ਨਾ ਕਰੇ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਚਾਇਨਾ ਡੋਰ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ ਕੁਝ ਲੋਕਾਂ ਦੀ ਜਾਨ ਤਕ ਚਲੀ ਗਈ। ਇਸ ਦੇ ਬਾਵਜੂਦ ਇਸ ’ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲੱਗ ਸਕੀ। ਚਾਇਨਾ ਡੋਰ ਨਾਇਲਾਨ ਅਤੇ ਧਾਤੂ ਦੇ ਮਿਸ਼ਰਣ ਨਾਲ ਬਣੀ ਹੁੰਦੀ ਹੈ, ਜੋ ਬਹੁਤ ਮਜ਼ਬੂਤ ਤੇ ਤੇਜ਼ਧਾਰ ਵਾਲੀ ਹੁੰਦੀ ਹੈ, ਜਿਸ ਨਾਲ ਗੰਭੀਰ ਚੋਟ ਜਾਂ ਮੌਤ ਤਕ ਹੋ ਸਕਦੀ ਹੈ। ਪ੍ਰਸ਼ਾਸਨ ਤੇ ਪੁਲਿਸ ਦੀ ਸਖ਼ਤੀ ਦੇ ਨਾਲ-ਨਾਲ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਜਾਨ ਲੇਵਾ ਸ਼ੌਂਕ ਤੋਂ ਦੂਰ ਰਹਿਣ। ਜਦ ਤਕ ਸਮਾਜ ਖੁਦ ਜਾਗਰੂਕ ਨਹੀਂ ਹੁੰਦਾ, ਉਦੋਂ ਤਕ ਅਜਿਹੇ ਹਾਦਸੇ ਵਾਪਰਦੇ ਰਹਿਣਗੇ। ਜ਼ਖ਼ਮੀ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਦੀ ਜਾਨ ਖ਼ਤਰੇ ਵਿੱਚ ਪਾਉਣ ਵਾਲੀ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।