- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਜਰਾਤ ਤੋਂ ਸਮੱਗਲਿੰਗ ਰਾਹੀਂ ਆ ਰਹੀ ਚਾਇਨਾ ਡੋਰ, ਬਠਿੰਡਾ ਵਿੱਚ ਚੋਰੀ-ਛੁਪੇ ਜਮ੍ਹਾਂ ਕਰ ਕੇ ਵੇਚੀ ਜਾ ਰਹੀ ਹੈ ਡੋਰ

-ਚਾਈਨਾ ਡੋਰ ਦੇ 15 ਗੱਟੂਆਂ ਸਣੇ ਇਕ ਕਾਬੂ, ਇਕ ਹਫਤੇ ’ਚ ਦੋ ਹੋਏ ਗੰਭੀਰ ਜ਼ਖ਼ਮੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਦੀ ਸਮੱਗਲਿੰਗ ਲਗਾਤਾਰ ਜਾਰੀ ਹੈ ਤੇ ਬਠਿੰਡਾ ਵਿੱਚ ਇਸ ਖੂਨੀ ਡੋਰ ਦਾ ਗ਼ੈਰ-ਕਾਨੂੰਨੀ ਧੰਦਾ ਚੋਰੀ-ਛੁਪੇ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਇਹ ਖ਼ਤਰਨਾਕ ਚਾਈਨਾ ਡੋਰ ਗੁਜਰਾਤ ਰਾਹੀਂ ਸਮੱਗਲਿੰਗ ਹੋ ਕੇ ਪੰਜਾਬ ਤਕ ਪਹੁੰਚ ਰਹੀ ਹੈ, ਜਿਸ ਨੂੰ ਬਠਿੰਡਾ ਦੇ ਕੁਝ ਦੁਕਾਨਦਾਰ ਗੁਪਤ ਤੌਰ ’ਤੇ ਜਮ੍ਹਾਂ ਕਰ ਕੇ ਗਾਹਕਾਂ ਨੂੰ ਵੇਚ ਰਹੇ ਹਨ। ਚਾਈਨਾ ਡੋਰ ਸਮੱਗਲਰਾਂ ਨੂੰ ਸਿਰਫ਼ 300 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਜਾਂਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਕ ਕਿਲੋ ਡੋਰ ’ਚ ਤਿੰਨ ਗੱਟੂ ਤਿਆਰ ਹੋ ਜਾਂਦੇ ਹਨ। ਇਨ੍ਹਾਂ ਗੱਟੂਆਂ ਨੂੰ ਬਾਅਦ ਵਿੱਚ ਸ਼ਹਿਰ ਵਿੱਚ ਚੋਰੀ-ਛੁਪੇ 800 ਰੁਪਏ ਪ੍ਰਤੀ ਗੱਟੂ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਇਸ ਤਰ੍ਹਾਂ 300 ਰੁਪਏ ਵਿੱਚ ਖਰੀਦੀ ਗਈ ਡੋਰ ਨੂੰ ਵੇਚ ਕੇ ਦੁਕਾਨਦਾਰ ਲਗਭਗ 2100 ਰੁਪਏ ਦੀ ਕਮਾਈ ਕਰ ਲੈਂਦੇ ਹਨ। ਇਸ ਗਣਿਤ ਅਨੁਸਾਰ ਦੇਖਿਆ ਜਾਵੇ ਤਾਂ ਇਕ ਕਿਲੋ ਚਾਇਨਾ ਡੋਰ ਤੋਂ ਸਿੱਧੇ ਤੌਰ ’ਤੇ 2100 ਰੁਪਏ ਤੋਂ ਵੱਧ ਦਾ ਮੁਨਾਫ਼ਾ ਕਮਾਇਆ ਜਾ ਰਿਹਾ ਹੈ। ਇੰਨੀ ਵੱਡੀ ਕਮਾਈ ਦੇ ਲਾਲਚ ਕਾਰਨ ਹੀ ਇਸ ਖੂਨੀ ਡੋਰ ਦੀ ਸਮੱਗਲਿੰਗ ਲਗਾਤਾਰ ਵਧ ਰਹੀ ਹੈ ਅਤੇ ਦੁਕਾਨਦਾਰ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ। ਚਾਇਨਾ ਡੋਰ ਬਹੁਤ ਹੀ ਨੁਕੀਲੀ ਅਤੇ ਮਜ਼ਬੂਤ ਹੁੰਦੀ ਹੈ, ਜੋ ਮਨੁੱਖਾਂ ਦੇ ਨਾਲ-ਨਾਲ ਪੰਛੀਆਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ। ਹਰ ਸਾਲ ਇਸ ਡੋਰ ਕਾਰਨ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਤੇ ਕਈ ਵਾਰ ਜਾਨੀ ਨੁਕਸਾਨ ਵੀ ਵਾਪਰ ਜਾਂਦਾ ਹੈ। ਇਸ ਦੇ ਬਾਵਜੂਦ ਮੁਨਾਫ਼ੇ ਦੇ ਲਾਲਚ ਵਿੱਚ ਕੁਝ ਲੋਕ ਇਸ ਦੀ ਵਿਕਰੀ ਜਾਰੀ ਰੱਖੇ ਹੋਏ ਹਨ। ਸ਼ਹਿਰ ਵਾਸੀਆਂ ਤੇ ਸਮਾਜ-ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਦੀ ਸਮੱਗਲਿੰਗ ਅਤੇ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਬਾਜ਼ਾਰਾਂ ਵਿੱਚ ਨਿਯਮਤ ਛਾਪੇਮਾਰੀ ਕਰਕੇ ਗੋਦਾਮਾਂ ਅਤੇ ਦੁਕਾਨਾਂ ਦੀ ਜਾਂਚ ਕੀਤੀ ਜਾਵੇ, ਤਾਂ ਜੋ ਗੈਰਕਾਨੂੰਨੀ ਤੌਰ ’ਤੇ ਜਮ੍ਹਾਂ ਕੀਤੀ ਗਈ ਚਾਈਨਾ ਡੋਰ ਨੂੰ ਜ਼ਬਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਚਾਇਨਾ ਡੋਰ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਅਤੇ ਇਸ ਖ਼ਤਰਨਾਕ ਡੋਰ ਦੇ ਨੁਕਸਾਨਾਂ ਬਾਰੇ ਹੋਰਨਾਂ ਨੂੰ ਵੀ ਜਾਗਰੂਕ ਕਰਨ। ਜਦ ਤਕ ਸਮਾਜ ਅਤੇ ਪ੍ਰਸ਼ਾਸਨ ਮਿਲ ਕੇ ਇਸ ਮੁਸੀਬਤ ਖ਼ਿਲਾਫ਼ ਸਖ਼ਤ ਕਦਮ ਨਹੀਂ ਚੁੱਕਦੇ, ਤਦ ਤਕ ਇਸ ਖੂਨੀ ਡੋਰ ਨਾਲ ਜੁੜੀਆਂ ਦੁਖਦਾਈ ਘਟਨਾਵਾਂ ਰੁਕਣ ਦੀ ਸੰਭਾਵਨਾ ਘੱਟ ਹੀ ਦਿਖਾਈ ਦੇ ਰਹੀ ਹੈ। ਗੁਜਰਾਤ ਤੋਂ ਇਹ ਡੋਰ ਲੁਧਿਆਣਾ ਤੇ ਫ਼ਿਰੋਜਪੁਰ ਪੁੱਜਦੀ ਹੈ, ਜਿੱਥੋਂ ਇਹ ਵੱਖ ਵੱਖ ਸ਼ਹਿਰਾਂ ਵਿਚ ਸਪਲਾਈ ਹੁੰਦੀ ਹੈ। ਪਿਛਲੇ ਸਾਲ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ਼ ਪੁਲਿਸ ਨੇ ਇਰਾਦਾ ਕਤਲ ਦੇ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਸ ਕਾਰਨ ਚਾਇਨਾ ਡੋਰ ਵੇਚਣ ਵਾਲਿਆਂ ਵਿਚ ਕੱਝ ਡਰ ਦਾ ਮਾਹੌਲ ਬਣਿਆ ਸੀ, ਪਰ ਇਸ ਵਾਰ ਫੜੇ ਗਏ ਲੋਕਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ, ਸਗੋਂ ਪਾਬੰਦੀ ਸ਼ੁਦਾ ਚਾਈਨਾ ਡੋਰ ਸਮੇਤ ਫੜ੍ਹੇ ਮੁਲਜ਼ਮਾਂ ਦੀ ਥਾਣਿਆਂ ਵਿਚ ਜਮਾਨਤ ਲਈ ਜਾ ਰਹੀ ਹੈ।
-ਬਾਕਸ-
-ਦਸੰਬਰ ਮਹੀਨੇ ’ਚ 4 ਗ੍ਰਿਫ਼ਤਾਰ, ਨਵੇਂ ਸਾਲ ’ਚ ਹੁਣ ਤਕ ਇਕ ਕਾਬੂ
ਦਸੰਬਰ ਮਹੀਨੇ ’ਚ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚਾਈਨਾ ਡੋਰ ਦੇ 35 ਗੁੱਟੇ ਬਰਾਮਦ ਕੀਤੇ ਸਨ, ਜਦੋਂ ਕਿ ਜਨਵਰੀ 2026 ਦੌਰਾਨ ਸਿਰਫ ਇੱਕ ਵਿਅਕਤੀ ਨੂੰ 15 ਗੁੱਟੇ ਚਾਈਨਾ ਡੋਰ ਸਮੇਤ ਹੀ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਚਾਈਨਾ ਡੋਰ ਚੋਰੀ ਛੁਪੇ ਵਿਕ ਰਹੀ ਹੈ। ਜਾਣਕਾਰੀ ਅਨੁਸਾਰ 24 ਦਸੰਬਰ ਨੂੰ ਥਾਣਾ ਸਿਵਲ ਲਾਈਨ ਪੁਲਿਸ ਨੇ ਪੱਕਾ ਧੋਬੀਆਨਾ ਬਸਤੀ ਦੇ ਰਹਿਣ ਵਾਲੇ ਆਕਾਸ਼ ਸਿੰਘ ਨੂੰ ਚਾਈਨਾ ਡੋਰ ਦੇ 20 ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਤਰ੍ਹਾਂ ਹੀ 25 ਦਸੰਬਰ 2025 ਨੂੰ ਥਾਣਾ ਰਾਮਪੁਰਾ ਦੀ ਪੁਲਿਸ ਨੇ ਪਵਨ ਕੁਮਾਰ ਨਾਮ ਦੇ ਵਿਅਕਤੀ ਨੂੰ ਚਾਈਨਾ ਡੋਰ ਦੇ 5 ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਸੀ, ਜਦੋਂ ਕਿ 29 ਦਸੰਬਰ 2025 ਨੂੰ ਥਾਣਾ ਕੋਤਵਾਲੀ ਪੁਲਿਸ ਨੇ ਕਮਲ ਕੁਮਾਰ ਤੇ ਪ੍ਰਿਥਵੀ ਰਾਜ ਵਾਸੀ ਹਾਜੀ ਰਤਨ ਦਾ 10 ਗੁੱਟੇ ਚਾਈਨਾ ਡੋਰ ਸਮੇਤ ਫੜਿਆ ਸੀ। ਨਵੇਂ ਸਾਲ 2026 ਦੌਰਾਨ ਪੁਲਿਸ ਨੇ ਹੁਣ ਤਕ ਇਕ ਵਿਅਕਤੀ ਨੂੰ ਚਾਇਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਹੈ। 13 ਜਨਵਰੀ ਨੂੰ ਮੁਲਜ਼ਮ ਕੁਲਵਿੰਦਰ ਸਿੰਘ ਵਾਸੀ ਠੰਢੀ ਸੜਕ ਕੋਲੋ ਪੁਲਿਸ ਨੇ 15 ਗੁਟੇ ਚਾਇਨਾ ਡੋਰ ਬਰਾਮਦ ਕੀਤੀ ਹੈ।
-ਬਾਕਸ-
-ਇਕ ਹਫ਼ਤੇ ’ਚ ਦੋ ਵਿਅਕਤੀ ਹੋਏ ਗੰਭੀਰ ਜ਼ਖ਼ਮੀ
ਹੁਣ ਤਕ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਬਠਿੰਡਾ ਸ਼ਹਿਰ ਦੇ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਚੁੱਕੇ। ਬਠਿੰਡਾ ਸ਼ਹਿਰ ਦੀ ਧੋਬੀਆਨਾ ਬਸਤੀ ਦਾ ਵਸਨੀਕ ਜਬਰ ਖਾਨ ਆਪਣੀ ਬਾਈਕ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਚਾਇਨਾ ਡੋਰ ਦੀ ਲਪੇਟ ’ਚ ਆ ਕੇ ਉਹ ਬੁਰੀ ਤਰ੍ਹਾ ਜ਼ਖ਼ਮੀ ਹੋ ਗਿਆ। ਉਸਦੇ ਗਲ ਉੱਪਰ ਕਰੀਬ 11 ਟਾਂਕੇ ਲੱਗੇ ਸਨ। ਇਸ ਤਰ੍ਹਾਂ ਹੀ ਦੋ ਦਿਨ ਪਹਿਲਾਂ ਇਕ ਵਿਅਕਤੀ ਆਪਣੀ ਬਾਈਕ ’ਤੇ ਜਾ ਰਿਹਾ ਸੀ ਕਿ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਜਿਸ ਕਾਰਨ ਉਸਦੇ ਗਲ ਉੱਪਰ ਡੂੰਘੇ ਜ਼ਖ਼ਮ ਹੋ ਗਏ। ਡਾਕਟਰਾਂ ਨੇ ਉਸਦੇ ਗਲ ਉੱਪਰ ਕਰੀਬ ਛੇ ਟਾਂਕੇ ਲਾਏ ਹਨ। ਇਸ ਤਰ੍ਹਾਂ ਇਕ ਹਫਤੇ ਵਿਚ ਵਾਪਰੀਆਂ ਦੋ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਬਠਿੰਡਾ ਜ਼ਿਲ੍ਹੇ ਅੰਦਰ ਚਾਈਨਾ ਡੋਰ ਧੜੱਲੇ ਨਾਲ ਵੇਚੀ ਜਾ ਰਹੀ ਹੈ।