- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਇਨਾ ਡੋਰ ਬਣੀ ਮੌਤ ਦੀ ਡੋਰ, ਪੰਛੀਆਂ ਤੇ ਮਨੁੱਖਾਂ ਲਈ ਖਤਰਾ, ਹੁਣ ਤਕ ਕਈ ਹਾਦਸੇ ਵਾਪਰੇ

-ਨਾਇਲੋਨ ਤੋਂ ਬਣਾਈ ਜਾਂਦੀ ਹੈ ਚਾਇਨਾ ਡੋਰ, 300 ਰੁਪਏ ਦੀ ਡੋਰ ਨਾਲ ਹੁੰਦੀ ਏ 2000 ਰੁਪਏ ਦੀ ਕਮਾਈ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਸ਼ਹਿਰਾਂ ਤੇ ਪਿੰਡਾਂ ’ਚ ਪਤੰਗਬਾਜ਼ੀ ਦੇ ਸ਼ੌਕ ਨਾਲ ਜੁੜੀ ਚਾਇਨਾ ਡੋਰ ਅੱਜ ਮੌਤ ਦਾ ਕਾਰਨ ਬਣਦੀ ਜਾ ਰਹੀ ਹੈ। ਪਾਬੰਦੀ ਹੋਣ ਦੇ ਬਾਵਜੂਦ ਇਹ ਘਾਤਕ ਡੋਰ ਗੁਪਤ ਤਰੀਕੇ ਨਾਲ ਵੇਚੀ ਅਤੇ ਵਰਤੀ ਜਾ ਰਹੀ ਹੈ, ਜਿਸ ਕਾਰਨ ਹੁਣ ਤਕ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ। ਇਹ ਡੋਰ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਸਗੋਂ ਬੇਜ਼ਬਾਨ ਪੰਛੀਆਂ ਲਈ ਵੀ ਵੱਡਾ ਖਤਰਾ ਸਾਬਤ ਹੋ ਰਹੀ ਹੈ। ਚਾਇਨਾ ਡੋਰ ਨਾਇਲੋਨ ਅਤੇ ਧਾਤੂ ਤੱਤਾਂ ਨਾਲ ਤਿਆਰ ਕੀਤੀ ਜਾਂਦੀ ਹੈ, ਜੋ ਆਮ ਸੂਤੀ ਡੋਰ ਦੇ ਮੁਕਾਬਲੇ ਕਈ ਗੁਣਾ ਤੇਜ਼ ਅਤੇ ਮਜ਼ਬੂਤ ਹੁੰਦੀ ਹੈ। ਇਸ ਦੀ ਤੇਜ਼ੀ ਇਨ੍ਹੀ ਜ਼ਿਆਦਾ ਹੁੰਦੀ ਹੈ ਕਿ ਇਹ ਚਮੜੀ, ਮਾਸ ਹੀ ਨਹੀਂ, ਸਗੋਂ ਨਸਾਂ ਤਕ ਨੂੰ ਕੱਟ ਸਕਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਦੋ-ਪਹੀਆ ਵਾਹਨ ਚਲਾਉਂਦੇ ਲੋਕਾਂ ਦੇ ਗਲ, ਹੱਥ ਜਾਂ ਚਿਹਰੇ 'ਤੇ ਚਾਇਨਾ ਡੋਰ ਫਸਣ ਕਾਰਨ ਗੰਭੀਰ ਜ਼ਖ਼ਮ ਹੋਏ ਹਨ, ਜਦਕਿ ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਸਭ ਤੋਂ ਦੁੱਖਦਾਈ ਗੱਲ ਇਹ ਹੈ ਕਿ ਇਸ ਡੋਰ ਦਾ ਸਭ ਤੋਂ ਵੱਡਾ ਨੁਕਸਾਨ ਪੰਛੀਆਂ ਨੂੰ ਝੱਲਣਾ ਪੈਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਬੂਤਰ, ਤੋਤਾ, ਚਿੜੀ ਤੇ ਹੋਰ ਪੰਛੀ ਉੱਡਦਿਆਂ ਹੋਇਆਂ ਇਸ ਡੋਰ ਵਿੱਚ ਫਸ ਜਾਂਦੇ ਹਨ। ਡੋਰ ਉਨ੍ਹਾਂ ਦੇ ਪਰਾਂ, ਗਰਦਨ ਜਾਂ ਲੱਤਾਂ 'ਚ ਲਪੇਟ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੰਦੀ ਹੈ, ਜਿਸ ਨਾਲ ਕਈ ਪੰਛੀਆਂ ਦੀ ਤੁਰੰਤ ਮੌਤ ਹੋ ਜਾਂਦੀ ਹੈ ਜਾਂ ਉਹ ਲੰਮੇ ਸਮੇਂ ਤਕ ਤੜਫ਼ਦੇ ਰਹਿੰਦੇ ਹਨ। ਪੰਛੀ ਪ੍ਰੇਮੀ ਅਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਹਰ ਸਾਲ ਸੈਂਕੜਿਆਂ ਜ਼ਖ਼ਮੀ ਪੰਛੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਚਾਇਨਾ ਡੋਰ ਖ਼ਿਲਾਫ਼ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਕਈ ਥਾਵਾਂ ਤੋਂ ਡੋਰ ਦੇ ਗੱਟੂ ਬਰਾਮਦ ਕਰਕੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ ਹੈ। ਕਾਨੂੰਨ ਅਨੁਸਾਰ ਚਾਇਨਾ ਡੋਰ ਬਣਾਉਣ, ਵੇਚਣ ਜਾਂ ਵਰਤਣ 'ਤੇ ਸਖ਼ਤ ਪਾਬੰਦੀ ਹੈ ਅਤੇ ਦੋਸ਼ੀਆਂ ਲਈ ਜੁਰਮਾਨੇ ਅਤੇ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ।
ਇਸ ਦੇ ਬਾਵਜੂਦ, ਕੁਝ ਲੋਕ ਨਫ਼ੇ ਦੀ ਖਾਤਰ ਅਤੇ ਕੁਝ ਸ਼ੌਕੀਨ ਲੋਕ ਲਾਪਰਵਾਹੀ ਕਰਦੇ ਹੋਏ ਇਸ ਡੋਰ ਦੀ ਵਰਤੋਂ ਕਰ ਰਹੇ ਹਨ। ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਕਾਨੂੰਨੀ ਕਾਰਵਾਈ ਨਾਲ ਹੀ ਨਹੀਂ, ਸਗੋਂ ਲੋਕਾਂ ਵਿੱਚ ਜਾਗਰੂਕਤਾ ਲਿਆਉਣੀ ਵੀ ਬਹੁਤ ਜ਼ਰੂਰੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਅਤ ਅਤੇ ਸੂਤੀ ਡੋਰ ਨਾਲ ਹੀ ਪਤੰਗ ਉਡਾਉਣ ਲਈ ਪ੍ਰੇਰਿਤ ਕਰਨ। ਇਸ ਦੇ ਨਾਲ ਹੀ ਤਿਉਹਾਰਾਂ ਅਤੇ ਖਾਸ ਦਿਨਾਂ 'ਤੇ ਪਤੰਗਬਾਜ਼ੀ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਚਾਇਨਾ ਡੋਰ ਸਿਰਫ਼ ਇਕ ਡੋਰ ਨਹੀਂ, ਸਗੋਂ ਇਕ ਖਾਮੋਸ਼ ਕਾਤਲ ਬਣ ਚੁੱਕੀ ਹੈ। ਜਦ ਤਕ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨਹੀਂ ਸਮਝੇਗਾ, ਤਦ ਤਕ ਨਾ ਤਾਂ ਮਨੁੱਖਾਂ ਦੀਆਂ ਜਾਨਾਂ ਸੁਰੱਖਿਅਤ ਰਹਿ ਸਕਣਗੀਆਂ ਤੇ ਨਾ ਹੀ ਬੇਜ਼ਬਾਨ ਪੰਛੀਆਂ ਨੂੰ ਇਸ ਕਹਿਰ ਤੋਂ ਬਚਾਇਆ ਜਾ ਸਕੇਗਾ।
-ਬਾਕਸ-
-14 ਸਾਲਾਂ ’ਚ ਸਿਰਫ਼ ਦਰਜ ਹੋਏ 123 ਕੇਸ
ਚਾਇਨਾ ਡੋਰ ਨੂੰ ਮੌਤ ਦੀ ਡੋਰ ਵੀ ਕਿਹਾ ਜਾਣ ਲੱਗਾ ਹੈ। ਪੰਜਾਬ ਸਰਕਾਰ ਨੇ ਇਸ ਖੂਨੀ ਡੋਰ ਦੀ ਵਰਤੋਂ 'ਤੇ ਪਾਬੰਦੀ ਲਗਾਈ ਹੈ ਅਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਹੈ, ਪਰ ਪੁਲਿਸ ਅਤੇ ਪ੍ਰਸ਼ਾਸ਼ਨ ਪਤਾ ਨਹੀਂ ਖੂਨੀ ਡੋਰ ਵੇਚ ਮਨੁੱਖੀ ਜਿੰਦਗੀਆਂ ਨਾਲ ਖੇਡਣ ਵਾਲਿਆਂ ’ਤੇ ਕਾਰਵਾਈ ਨਹੀਂ ਕਰ ਰਿਹਾ। ਇਹੀ ਕਾਰਨ ਹੈ ਕਿ ਬਠਿੰਡਾ ਪੁਲਿਸ ਖੂਨੀ ਡੋਰ ਦੀ ਵਰਤੋਂ ਤੇ ਵੇਚਣ ਵਾਲਿਆਂ ਖਿਲਾਫ਼ ਪਿਛਲੇ 14 ਸਾਲਾਂ ਵਿਚ ਸਿਰਫ਼ 123 ਮਾਮਲੇ ਦਰਜ ਕਰ ਸਕੀ ਹੈ, ਜਦੋਂ ਕਿ ਹਰ ਸਾਲ ਹਜ਼ਾਰਾਂ ਚਾਈਨਾ ਡੋਰ ਗੱਟੂ ਗੈਰ-ਕਾਨੂੰਨੀ ਤੌਰ 'ਤੇ ਵੇਚੇ ਜਾਂਦੇ ਹਨ ਅਤੇ ਬਸੰਤ ਪੰਚਮੀ ਦੌਰਾਨ ਇਹ ਬਾਜ਼ਾਰ ਵਿਚ ਖੁੱਲ੍ਹੇਆਮ ਵੇਚੇ ਜਾਂਦੇ ਹਨ ਜਦੋਂ ਕਿ ਬਸੰਤ ਪੰਚਮੀ ਮੌਕੇ ਇਸ ਡੋਰ ਦੀ ਧੜੱਲੇ ਨਾਲ ਵਰਤੋਂ ਹੁੰਦੀ ਹੈ। ਆਰਟੀਆਈ ਤਹਿਤ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੇ 2011 ਤੋਂ 2024 ਤਕ ਚਾਇਨਾ ਡੋਰ ਵੇਚਣ ਵਾਲਿਆਂ ਖਿਫਾਫ ਸਿਰਫ਼ 123 ਮਾਮਲੇ ਦਰਜ ਕੀਤੇ ਹਨ। ਆਰਟੀਆਈ ਅਨੁਸਾਰ ਸਭ ਤੋਂ ਵੱਧ (50) ਮਾਮਲੇ ਥਾਣਾ ਕੋਤਵਾਲੀ ਬਠਿੰਡਾ ਵਿਖੇ ਦਰਜ ਕੀਤੇ ਗਏ ਹਨ, ਜਦੋਂ ਕਿ 30 ਮਾਮਲੇ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਅਤੇ 12 ਮਾਮਲੇ ਥਾਣਾ ਸਿਵਲ ਲਾਈਨਜ਼ ਵਿਖੇ ਦਰਜ ਕੀਤੇ ਗਏ ਹਨ। ਸੰਜੀਵ ਗੋਇਲ ਕਹਿੰਦੇ ਹਨ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਪ੍ਰਸ਼ਾਸ਼ਨ ਮੌਤ ਦੇ ਅਜਿਹੇ ਵਪਾਰੀਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਹੀ ਕਰ ਸਕਿਆ ਜਿਸ ਕਾਰਨ ਅਜਿਹੇ ਲਾਲਚੀ ਕਿਸਮ ਦੇ ਲੋਕਾਂ ਦੇ ਹੌਸਲੇ ਹੋਰ ਵੱਧ ਗਏ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਚਾਇਨਾ ਡੋਰ ਦੀ ਵਰਤੋਂ ਨਾਂ ਕਰਨ ਦੇਣ, ਕਿਉਂਕਿ ਇਹ ਦੂਜਿਆਂ ਦੇ ਨਾਲ ਨਾਲ ਤੁਹਾਡੇ ਬੱਚੇ ਲਈ ਵੀ ਘਾਤਕ ਹੋ ਸਕਦੀ ਹੈ।
-ਬਾਕਸ-
-ਗੁਜਰਾਤ ਤੋਂ ਸਮੱਗਲਿੰਗ ਹੋ ਕੇ ਆਉਂਦੀ ਹੈ ਚਾਈਨਾ ਡੋਰ
ਚਾਇਨਾ ਡੋਰ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਮੁਹਿੰਮ ਚਲਾਉਂਦੇ ਆ ਰਹੇ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਦੱਸਿਆ ਕਿ ਇਹ ਡੋਰ ਅਸਲ ਵਿਚ ਗੁਜਰਾਤ ਤੋਂ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਦਿੱਲੀ ਤੋਂ ਪੰਜਾਬ ਅੰਦਰ ਦਾਖਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿਚ ਮੱਛੀਆਂ ਫੜਨ ਲਈ ਇਸ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਇਸ ਤੋਂ ਬਾਅਦ ਲਾਲਚੀ ਕਿਸਮ ਦੇ ਲੋਕ ਇਸ ਡੋਰ ਉੱਪਰ ਕੈਮੀਕਲ ਵਗੈਰਾ ਚੜ੍ਹਾ ਦਿੰਦੇ ਹਨ ਜਿਸ ਕਾਰਨ ਇਹ ਹੋਰ ਤਾਕਤਵਰ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਡੋਰ 300 ਰੁਪਏ ਪ੍ਰਤੀ ਕਿਲੋ ਮਿਲ ਜਾਂਦੀ ਹੈ ਤੇ ਇਕ ਕਿਲੋ ਵਿਚ ਇਸ ਡੋਰ ਦੇ ਤਿੰਨ ਗੱਟੂ ਚੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਇਸ ਖੂਨੀ ਡੋਰ ਨੂੰ ਵੇਚਣ ਵਾਲੇ ਦੁਕਾਨਦਾਰ ਇਕ ਗੱਟੂ ਦਾ 800 ਰੁਪਿਆ ਵਸੂਲ ਕਰਦੇ ਹਨ। ਇਸ ਤਰ੍ਹਾਂ 300 ਰੁਪਏ ਵਿਚ ਖਰੀਦੀ ਡੋਰ ਦਾ ਉਹ 2400 ਰੁਪਏ ਕਮਾਉਂਦੇ ਹਨ। ਇਸ ਤਰ੍ਹਾਂ ਸਿੱਧੇ ਹੀ ਉਨ੍ਹਾਂ ਨੂੰ 300 ਰੁਪਏ ਤੋਂ 2000 ਰੁਪਏ ਬਣ ਜਾਂਦੇ ਹਨ। ਇਸ ਖੂਨੀ ਡੋਰ ਵਿਚ ਐਨੀ ਮੋਟੀ ਕਮਾਈ ਹੋਣ ਦੇ ਦੇ ਕਾਰਨ ਹੀ ਇਸ ਦੀ ਸਮੱਗਲਿਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਇਹ ਖੂਨੀ ਡੋਰ ਫਿਰੋਜ਼ਪੁਰ ਅਤੇ ਲੁਧਿਆਣਾ ਤੋਂ ਸਮੱਗਲਿੰਗ ਹੋ ਕੇ ਹੋਰ ਨਾ ਜ਼ਿਲ੍ਹਿਆਂ ’ਚ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਚਾਇਨਾ ਡੋਰ ਖਿਲਾਫ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ ਅਤੇ ਡੋਰ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਵੀ ਕਰਵਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।