ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਯਤਨ ਜਾਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵਰਕਸ਼ਾਪ ਲਗਾਈ
Publish Date: Sun, 08 Feb 2026 05:00 PM (IST)
Updated Date: Mon, 09 Feb 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਵਿਖੇ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮਾਪਿਆਂ ਦੀ ਵਰਕਸ਼ਾਪ 2 ਸਫਲਤਾਪੂਰਵਕ ਕਰਵਾਈ ਗਈ। ਵਰਕਸ਼ਾਪ ’ਚ ਲਗਭਗ 85 ਫੀਸਦੀ ਮਾਪਿਆਂ ਨੇ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ, ਪ੍ਰੀਖਿਆ ਦੀ ਤਿਆਰੀ ਤੇ ਸਕੂਲ ’ਚ ਚੱਲ ਰਹੀਆਂ ਵੱਖ-ਵੱਖ ਸਰਗਰਮੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਹਲਕਾ ਵਿਧਾਇਕ ਜਗਸੀਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ, ਜਿਨ੍ਹਾਂ ਦਾ ਮਾਪਿਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਵਿਧਾਇਕ ਨੇ ਵੱਖ-ਵੱਖ ਜਮਾਤਾਂ ਵਿਚ ਜਾ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਵਿਚਾਰ ਸੁਣੇ। ਉਨ੍ਹਾਂ ਨੇ ਵਿਦਿਆਰਥੀਆਂ, ਮਾਪਿਆਂ ਤੇ ਐੱਸਐੱਮਸੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਨੂੰ ਮਿਆਰੀ ਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ, ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਰੁਝਾਨ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਵਧ ਰਿਹਾ ਹੈ। ਵਰਕਸ਼ਾਪ ਦੌਰਾਨ ਮਾਪਿਆਂ ਵੱਲੋਂ ਵੀ ਸਕੂਲ ਵਿੱਚ ਹੋ ਰਹੇ ਸੁਧਾਰਾਂ ਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ। ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਅਮਨਦੀਪ ਸਿੰਘ, ਰਵਿੰਦਰ ਸਿੰਘ, ਮਹਿੰਦਰ ਪਾਲ, ਰੇਨੂੰ ਬਾਲਾ ਤੇ ਸਰਬਜੀਤ ਕੌਰ ਵੱਲੋਂ ਸਰਕਾਰ ਦੇ ਸਿੱਖਿਆ ਸੁਧਾਰਕ ਉਪਰਾਲਿਆਂ ਤੇ ਬੱਚਿਆਂ ਦੇ ਉਜਵਲ ਭਵਿੱਖ ਸਬੰਧੀ ਇਕ ਘੰਟੇ ਦੀ ਜਾਣਕਾਰੀ ਲਈ ਵਰਕਸ਼ਾਪ ਕਰਵਾਈ। ਪੀਟੀਐੱਮ ਦੌਰਾਨ ਐੱਸਐੱਮਸੀ ਕਮੇਟੀ ਮੈਂਬਰਾਂ ਤੇ ਮਾਪਿਆਂ ਲਈ ਰਿਫਰੈੱਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਅੰਤ ’ਚ ਸਕੂਲ ਪ੍ਰਿੰਸੀਪਲ ਦਵਿੰਦਰ ਪਾਲ ਬਾਵਾ ਨੇ ਆਏ ਹੋਏ ਮਹਿਮਾਨਾਂ ਤੇ ਸਮੂਹ ਸਟਾਫ ਦਾ ਪੂਰੇ ਸਹਿਯੋਗ ਲਈ ਧੰਨਵਾਦ ਕੀਤਾ।