- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੋਟੀਫਿਕੇਸ਼ਨ ਜਾਰੀ ਹੋਣ ਬਾਅਦ ਚੇਅਰਮੈਨ ਤੇ ਵਾਇਸ ਚੇਅਰਮੈਨ ਅਹੁਦਿਆਂ ਲਈ ਸਿਆਸੀ ਸਰਗਰਮੀਆਂ ਤੇਜ਼

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਪੰਚਾਇਤ ਸੰਮਤੀ ਚੋਣਾਂ ਸਬੰਧੀ ਚੇਅਰਮੈਨ ਅਤੇ ਵਾਇਸ ਚੇਅਰਮੈਨਾਂ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਹੀ ਸਿਆਸੀ ਪਾਰਟੀਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਅਹੁਦਿਆਂ ਦੀ ਦੌੜ ਵਿੱਚ ਸ਼ਾਮਲ ਪੰਚਾਇਤ ਸੰਮਤੀ ਮੈਂਬਰਾਂ ਵੱਲੋਂ ਜੋੜ-ਤੋੜ ਅਤੇ ਰਾਜਨੀਤਕ ਸਮੀਕਰਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਆਦਤਰ ਪੰਚਾਇਤ ਸੰਮਤੀਆਂ ’ਤੇ ਸ੍ਰੋਮਣੀ ਅਕਾਲੀ ਦਲ ਦਾ ਕਬਜਾ ਹੋਣ ਦੀ ਸੰਭਾਵਨਾ ਹੈ। ਨਥਾਣਾ ਪੰਚਾਇਤ ਸੰਮਤੀ ਵਿਚ ਤਾਂ ਆਪ ਦਾ ਸਫਾਇਆ ਹੀ ਹੋ ਗਿਆ ਸੀ। ਇੱਥੇ ਸ੍ਰੋਮਣੀ ਅਕਾਲੀ ਦਾ ਚੇਅਰਮੈਨ ਤੇ ਵਾਇਸ ਚੇਅਰਮੈਨ ਬਣਨਾ ਲੱਗਭੱਗ ਤੈਅ ਹੈ।
ਜ਼ਿਲ੍ਹੇ ਵਿੱਚ ਕੁੱਲ 137 ਪੰਚਾਇਤ ਸੰਮਤੀ ਜੋਨ ਹਨ। ਪਾਰਟੀਵਾਰ ਸਥਿਤੀ ’ਤੇ ਝਾਤ ਪਾਈ ਜਾਵੇ ਤਾਂ ਸ੍ਰੋਮਣੀ ਅਕਾਲੀ ਦਲ ਕੋਲ ਸਭ ਤੋਂ ਵੱਧ 79 ਸੀਟਾਂ ਹਨ, ਜਿਸ ਨਾਲ ਪਾਰਟੀ ਮਜ਼ਬੂਤ ਪੁਜ਼ੀਸ਼ਨ ਵਿੱਚ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ 35 ਸੀਟਾਂ ਹਨ, ਜਦਕਿ ਕਾਂਗਰਸ ਦੇ ਹਿੱਸੇ 16 ਸੀਟਾਂ ਆਈਆਂ ਹਨ। 7 ਜ਼ੋਨਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜੋ ਕਿ ਇਸ ਵਾਰ ਸਿਆਸੀ ਤੌਰ ’ਤੇ ਕਿੰਗਮੇਕਰ ਦੀ ਭੂਮਿਕਾ ਨਿਭਾ ਸਕਦੇ ਹਨ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਚੇਅਰਮੈਨ ਤੇ ਵਾਈਸ ਚੇਅਰਮੈਨ ਬਣਨ ਦੇ ਇੱਛੁਕ ਮੈਂਬਰਾਂ ਨੇ ਆਪਣੇ ਹੱਕ ਵਿੱਚ ਸਮਰਥਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਅੰਦਰੂਨੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਪਾਰਟੀ ਲਾਈਨ ਮੁਤਾਬਕ ਇਕਜੁੱਟਤਾ ਬਣਾਈ ਰੱਖੀ ਜਾ ਸਕੇ। ਖਾਸ ਕਰਕੇ ਜਿੱਥੇ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ, ਉੱਥੇ ਆਜ਼ਾਦ ਮੈਂਬਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਹਾਲਾਂਕਿ ਅਕਾਲੀ ਦਲ ਕੋਲ ਸਭ ਤੋਂ ਵੱਧ ਸੀਟਾਂ ਹਨ, ਪਰ ਹਰ ਪੰਚਾਇਤ ਸੰਮਤੀ ਵਿੱਚ ਅੰਕੜੇ ਵੱਖ-ਵੱਖ ਹਨ। ਇਸ ਲਈ ਹਰ ਬਲਾਕ ਵਿੱਚ ਸਥਾਨਕ ਪੱਧਰ ‘ਤੇ ਗਠਜੋੜ ਅਤੇ ਸਮਝੌਤਿਆਂ ਦੀ ਸੰਭਾਵਨਾ ਬਣੀ ਹੋਈ ਹੈ। ਦੂਜੇ ਪਾਸੇ ‘ਆਪ’ ਤੇ ਕਾਂਗਰਸ ਵੀ ਆਪਣੇ ਮੈਂਬਰਾਂ ਨੂੰ ਇਕੱਠਾ ਰੱਖਣ ਅਤੇ ਆਜ਼ਾਦ ਉਮੀਦਵਾਰਾਂ ਨਾਲ ਸੰਪਰਕ ਬਣਾਉਣ ਵਿੱਚ ਜੁਟੀ ਹੋਈਆਂ ਹਨ। ਅੰਦਰੂਨੀ ਖਿੱਚੋਤਾਣ ਤੇ ਦਲ-ਬਦਲੀ ਦੇ ਖਤਰੇ ਨੂੰ ਦੇਖਦਿਆਂ ਪਾਰਟੀਆਂ ਵੱਲੋਂ ਆਪਣੇ-ਆਪਣੇ ਮੈਂਬਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਕਈ ਥਾਵਾਂ ‘ਤੇ ਰਾਜਸੀ ਆਗੂਆਂ ਦੀ ਮੌਜੂਦਗੀ ਵਿੱਚ ਰਣਨੀਤਕ ਬੈਠਕਾਂ ਹੋ ਰਹੀਆਂ ਹਨ। ਚੇਅਰਮੈਨ ਅਤੇ ਵਾਇਸ ਚੇਅਰਮੈਨ ਦੇ ਅਹੁਦੇ ਵਿਕਾਸੀ ਫੰਡਾਂ ਦੀ ਵਰਤੋਂ ਤੇ ਪ੍ਰਸ਼ਾਸਕੀ ਫੈਸਲਿਆਂ ਵਿੱਚ ਅਹਿਮ ਮੰਨੇ ਜਾਂਦੇ ਹਨ। ਪਾਰਟੀ ਆਪਣੀ ਪਕੜ ਮਜ਼ਬੂਤ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਸਿਆਸੀ ਗਤੀਵਿਧੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹੇ ਦੀ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਪੰਚਾਇਤ ਸੰਮਤੀ ਚੋਣਾਂ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅੰਕੜਿਆਂ ਦੀ ਬੜ੍ਹਤ ਰੱਖਣ ਵਾਲੀ ਪਾਰਟੀ ਆਪਣੀ ਪੁਜ਼ੀਸ਼ਨ ਕਾਇਮ ਰੱਖਦੀ ਹੈ ਜਾਂ ਫਿਰ ਜੋੜ-ਤੋੜ ਦੀ ਰਾਜਨੀਤੀ ਨਾਲ ਨਵੇਂ ਸਮੀਕਰਨ ਬਣਦੇ ਹਨ।