- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੌਗਰ ਪਾਰਕ ਕੰਨਟੀਨ ਸਮੇਤ 12

-ਜੌਗਰ ਪਾਰਕ ਕੰਨਟੀਨ ਸਮੇਤ 12 ਦੁਕਾਨਾਂ ਦੇ ਕਿਰਾਏ ’ਚ ਕਟੌਤੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਨਗਰ ਨਿਗਮ ਨੇ ਲੰਮੇ ਸਮੇਂ ਤੋਂ ਖਾਲੀ ਪਈਆਂ 12 ਦੁਕਾਨਾਂ ਅਤੇ ਜੌਗਰ ਪਾਰਕ ਵਿੱਚ ਬਣੀ ਕੰਨਟੀਨ ਦੇ ਕਿਰਾਏ ਵਿੱਚ ਕਟੌਤੀ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ। ਵੱਧ ਕਿਰਾਏ ਕਾਰਨ ਕਿਰਾਏਦਾਰ ਅੱਗੇ ਨਹੀਂ ਆ ਰਹੇ ਸਨ, ਜਿਸ ਨਾਲ ਨਗਰ ਨਿਗਮ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਪ੍ਰਾਈਸ ਐਂਡ ਰੈਂਟ ਨਿਰਧਾਰਣ ਕਮੇਟੀ ਨੇ ਦੁਕਾਨਾਂ ਦੇ ਕਿਰਾਏ ਵਿੱਚ ਲਗਭਗ 5 ਫੀਸਦੀ ਅਤੇ ਜੋਗਰ ਪਾਰਕ ਦੀ ਕੰਨਟੀਨ ਦੇ ਕਿਰਾਏ ਵਿੱਚ 50 ਫੀਸਦੀ ਤਕ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫੈਸਲਾ ਦਿ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਆਫ ਮਿਊਂਸੀਪਲ ਪ੍ਰਾਪਰਟੀ ਐਕਟ 2020 ਅਤੇ 2021 ਦੇ ਨਿਯਮਾਂ ਅਧੀਨ ਬਣੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਕਮੇਟੀ ਨੂੰ ਦੱਸਿਆ ਗਿਆ ਕਿ ਇਹ ਦੁਕਾਨਾਂ ਕਰੀਬ ਦੋ ਸਾਲਾਂ ਤੋਂ ਖਾਲੀ ਪਈਆਂ ਹਨ, ਜਿਸ ਨਾਲ ਨਿਗਮ ਦੀ ਆਮਦਨ ‘ਤੇ ਅਸਰ ਪੈ ਰਿਹਾ ਹੈ। ਹੁਣ ਕਿਰਾਏ ਵਿਚ ਕਟੌਤੀ ਕੀਤੇ ਜਾਣ ਕਾਰਨ ਲੱਗਦਾ ਹੈ ਕਿ ਲੋਕ ਇਨ੍ਹਾਂ ਨੂੰ ਕਿਰਾਏ ’ਤੇ ਲੈਣ ਲਈ ਅੱਗੇ ਆਉਣਗੇ।
-ਬਾਕਸ-
-ਤਿੰਨ ਵਾਰ ਈ-ਨਿਲਾਮੀ ਦੇ ਬਾਵਜੂਦ ਨਹੀਂ ਮਿਲੇ ਬੋਲੀਕਾਰ
ਨਗਰ ਨਿਗਮ ਵੱਲੋਂ ਦੁਕਾਨਾਂ ਨੂੰ ਕਿਰਾਏ ‘ਤੇ ਦੇਣ ਲਈ ਤਿੰਨ ਵਾਰ ਈ ਨਿਲਾਮੀ ਰੱਖੀ ਗਈ, ਪਰ ਕੋਈ ਵੀ ਇਨ੍ਹਾਂ ਨੂੰ ਕਿਰਾਏ ’ਤੇ ਲੈਣ ਲਈ ਅੱਗੇ ਨਹੀਂ ਆਇਆ। ਨਗਰ ਨਿਗਮ ਨੇ ਪਹਿਲਾਂ ਦਸੰਬਰ 2024 ਵਿਚ ਈ ਨਿਲਾਮੀ ਰੱਖੀ ਸੀ, ਪਰ ਬੋਲੀਕਾਰ ਦੇ ਸਾਹਮਣੇ ਨਾਂ ਆਉਣ ਕਾਰਨ ਇਹ ਬੋਲੀ ਰੱਦ ਕਰਨੀ ਪਈ। ਇਸ ਤੋਂ ਬਾਅਦ ਅਪ੍ਰੈਲ 2025 ਅਤੇ ਜੁਲਾਈ 2025 ਵਿੱਚ ਦੋ ਵਾਰ ਫ਼ਿਰ ਈ-ਨਿਲਾਮੀ ਕਰਵਾਈ ਗਈ ਸੀ, ਪਰ ਕਿਸੇ ਵੀ ਵਪਾਰੀ ਨੇ ਕਿਰਾਏ ਲਈ ਰੁਚੀ ਨਹੀਂ ਦਿਖਾਈ। ਮਾਰਕੀਟ ਤੋਂ ਮਿਲੀ ਪ੍ਰਤੀਕ੍ਰਿਆ ਵਿੱਚ ਸਾਹਮਣੇ ਆਇਆ ਕਿ ਕਿਰਾਇਆ ਜਿਆਦਾ ਹੋਣ ਕਾਰਨ ਕੋਈ ਬੋਲੀਕਾਰ ਦਿਲਚਸਪੀ ਨਹੀਂ ਦਿਖਾ ਰਿਹਾ।
-ਬਾਕਸ-
-ਕੰਟੀਨ ਚਲਾਉਣਾ ਘਾਟੇ ਦਾ ਸੌਦਾ
ਜੌਗਰ ਪਾਰਕ ਦੀ ਕੰਨਟੀਨ ਦਾ ਮਹੀਨਾਵਾਰ ਕਿਰਾਇਆ ਪਹਿਲਾਂ 50 ਹਜ਼ਾਰ ਰੁਪਏ (ਜੀਐੱਸਟੀ ਸਮੇਤ) ਨਿਰਧਾਰਤ ਸੀ। ਵੱਧ ਕਿਰਾਏ ਕਾਰਨ ਪਿਛਲੇ ਸੰਚਾਲਕ ਨੇ ਕੰਨਟੀਨ ਛੱਡ ਦਿੱਤੀ ਸੀ। ਇਸ ਤੋਂ ਬਾਅਦ ਪਾਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਚਾਹ-ਕੌਫੀ ਵਰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਸਨ ਅਤੇ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਮੇਅਰ ਨੇ ਵੀ ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਕੰਨਟੀਨ ਜਲਦੀ ਚਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਸੀ। ਇਸ ਕਾਰਨ ਹੀ ਕੰਨਟੀਨ ਦਾ ਕਿਰਾਇਆ ਘਟਾਉਣ ਦਾ ਫੈੇਸਲਾ ਕੀਤਾ ਗਿਆ ਹੈ।
-ਬਾਕਸ-
-ਹੁਣ ਕੰਟੀਨ ਦਾ ਕਿਰਾਇਆ ਹੋਇਆ 25 ਹਜ਼ਾਰ
ਕਮੇਟੀ ਦੇ ਫੈਸਲੇ ਅਨੁਸਾਰ ਜੌਗਰ ਪਾਰਕ ਕੈਂਟੀਨ ਦਾ ਮਹੀਨਾਵਾਰ ਕਿਰਾਇਆ 50 ਹਜ਼ਾਰ ਤੋਂ ਘਟਾ ਕੇ 25 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਉਮੀਦ ਹੈ ਕਿ ਹੁਣ ਨਵੀਆਂ ਦਰਾਂ ‘ਤੇ ਕੰਲਟੀਨ ਚਲਾਉਣ ਲਈ ਇੱਛੁਕ ਵਿਅਕਤੀ ਸਾਹਮਣੇ ਆਉਣਗੇ, ਜਿਸ ਨਾਲ ਜੌਗਰ ਪਾਰਕ ਆਉਣ ਵਾਲੇ ਲੋਕਾਂ ਨੂੰ ਸਹੂਲਤ ਮਿਲ ਸਕੇਗੀ। ਹੁਣ ਦੁਬਾਰਾ ਇਸਦੀ ਬੋਲੀ ਕਰਵਾਈ ਜਾਵੇਗੀ।
ਨਵੀਂਆਂ ਦਰਾਂ ਮੁਤਾਬਕ ਗੋਲ ਡਿੱਗੀ ਮਾਰਕੀਟ ਦੀ ਦੁਕਾਨ ਨੰਬਰ 24 ਦਾ ਕਿਰਾਇਆ 6,097 ਤੋਂ ਘਟਾ ਕੇ 5,800 ਰੁਪਏ ਅਤੇ ਦੁਕਾਨ ਨੰਬਰ 28 ਦਾ 8,709 ਤੋਂ ਘਟਾ ਕੇ 8,300 ਰੁਪਏ ਕਰ ਦਿੱਤਾ ਗਿਆ ਹੈ। ਫਾਇਰ ਸਟੇਸ਼ਨ ਖੇਤਰ ਦੀ ਦੁਕਾਨ ਨੰਬਰ 5-ਏ ਦਾ ਕਿਰਾਇਆ 30,413 ਤੋਂ ਘਟਾ ਕੇ 28,900 ਰੁਪਏ ਅਤੇ ਦੁਕਾਨ ਨੰਬਰ 6-7 ਦਾ 28,615 ਤੋਂ ਘਟਾ ਕੇ 27,200 ਰੁਪਏ ਕੀਤਾ ਗਿਆ ਹੈ। ਨਗਰ ਨਿਗਮ ਦਫ਼ਤਰ ਨੇੜੇ ਸਥਿਤ ਦੁਕਾਨ ਨੰਬਰ 1 ਤੋਂ 4 ਦਾ ਕਿਰਾਇਆ 9,852 ਤੋਂ ਘਟਾ ਕੇ 9,400 ਰੁਪਏ ਮਹੀਨਾ ਨਿਰਧਾਰਤ ਕੀਤਾ ਗਿਆ ਹੈ। ਸੁਭਾਸ਼ ਮਾਰਕੀਟ ਦੀ ਦੁਕਾਨ ਨੰਬਰ 62 ਦਾ ਕਿਰਾਇਆ ਵੀ 28,886 ਤੋਂ ਘਟਾ ਕੇ 27,400 ਰੁਪਏ ਕਰ ਦਿੱਤਾ ਗਿਆ ਹੈ। ਨਗਰ ਨਿਗਮ ਨੂੰ ਉਮੀਦ ਹੈ ਕਿ ਹੁਣ ਕਿਰਾਏ ’ਤੇ ਦੁਕਾਨਾਂ ਲੈਣ ਦੇ ਚਾਹਵਾਨ ਜਰੂਰ ਅੱਗੇ ਆਉਣਗੇ।
-ਬਾਕਸ-
-ਹਰ ਸਾਲ ਹੁੰਦੈ 5 ਫੀਸਦੀ ਵਾਧਾ
ਕਮੇਟੀ ਨੇ ਸਪੱਸ਼ਟ ਕੀਤਾ ਕਿ ਐਕਟ ਦੀ ਧਾਰਾ 7(5) ਅਨੁਸਾਰ ਨਿਰਧਾਰਤ ਕਿਰਾਏ ਵਿੱਚ ਹਰ ਸਾਲ 5 ਫੀਸਦੀ ਵਾਧਾ ਕੀਤਾ ਜਾਵੇਗਾ। ਨਗਰ ਨਿਗਮ ਨੂੰ ਹੁਕਮ ਦਿੱਤੇ ਗਏ ਹਨ ਕਿ ਨਵੀਆਂ ਦਰਾਂ ਦੇ ਅਨੁਸਾਰ ਜਲਦ ਹੀ ਅਗਲੀ ਕਾਰਵਾਈ ਕਰਕੇ ਦੁਕਾਨਾਂ ਤੇ ਕੰਟੀਨ ਦੀ ਨਵੀਂ ਬੋਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਆਉਣ ਵਾਲੇ ਦਿਨ੍ਹਾਂ ਵਿਚ ਦੁਕਾਨਾਂ ਤੇ ਕੰਟੀਨ ਦੀ ਬੋਲੀ ਰੱਖੀ ਜਾਵੇਗੀ।