- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਬਜਟ ਵਿਚ ਪੰਜਾਬ ਲਈ ਕੁਝ ਨਹੀਂ,

-ਆਤਮ-ਨਿਰਭਰ ਤੇ ਵਿਕਸਤ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਜਾਰੀ ਬਜਟ ਨੇ ਲੋਕਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ
ਸੀਨੀਅਰ ਸਟਾਫ਼ ਰਿਪੋਰਟਰ , ਪੰਜਾਬੀ ਜਾਗਰਣ, ਬਠਿੰਡਾ
‘ਆਪ’ ਪੰਜਾਬ ਦੇ ਆਗੂ ਨੀਲ ਗਰਗ ਨੇ ਕੇਂਦਰ ਸਰਕਾਰ ਦੇ ਬਜਟ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਵੱਡੇ-ਵੱਡੇ ਅੰਕੜਿਆਂ ਅਤੇ ਖੋਖਲੀਆਂ ਘੋਸ਼ਣਾਵਾਂ ਨਾਲ ਭਰਪੂਰ ਹੈ, ਪਰ ਪੰਜਾਬ ਲਈ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ, ਨੌਜਵਾਨ ਤੇ ਇੰਡਸਟਰੀ ਨੂੰ ਕਿਸੇ ਵਿਸ਼ੇਸ਼ ਆਰਥਿਕ ਪੈਕੇਜ, ਨਿਵੇਸ਼ ਇਨਸੈਂਟਿਵ ਜਾਂ ਰੁਜ਼ਗਾਰ ਯੋਜਨਾ ਨਹੀਂ ਮਿਲੀ। ਨੀਲ ਗਰਗ ਨੇ ਯਾਦ ਦਿਵਾਇਆ ਕਿ ਪੰਜਾਬ ਦਾ ਕਿਸਾਨ ਅਜੇ ਵੀ ਐੱਸਐੱਸਪੀ ਦੀ ਕਾਨੂੰਨੀ ਗਾਰੰਟੀ ਦੀ ਉਡੀਕ ਕਰ ਰਿਹਾ ਹੈ ਅਤੇ ਨੌਜਵਾਨ 2014 ਦੇ ਵਾਅਦਿਆਂ ਦਾ ਸਹੀ ਰੋਡਮੈਪ ਮੰਗਦੇ ਹਨ। 10,000 ਤੇ 40,000 ਕਰੋੜ ਵਰਗੇ ਅੰਕੜੇ ਸੋਹਣੇ ਲੱਗਦੇ ਹਨ, ਪਰ ਅਸਲ ਵਿਕਾਸ ਤਾਂ ਉਹ ਹੈ ਜਦੋਂ ਕਿਸਾਨ ਦੀ ਜੇਬ ਭਰਦੀ ਹੈ ਅਤੇ ਨੌਜਵਾਨ ਦੇ ਹੱਥ ਵਿੱਚ ਨੌਕਰੀ ਹੁੰਦੀ ਹੈ। ਨੀਲ ਗਰਗ ਨੇ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਖੋਖਲੇ ਵਾਅਦੇ ਨਹੀਂ, ਸੱਚੇ ਹੱਕ ਚਾਹੀਦੇ ਹਨ।
-ਬਾਕਸ-
-ਬਜਟ ’ਚ ਗ਼ਰੀਬ, ਕਿਸਾਨ, ਮਹਿਲਾ, ਨੌਜਵਾਨ ਤੇ ਮੱਧਵਰਗ ਲਈ ਕੀਤੇ ਪ੍ਰਬੰਧ
ਕਰੁਣਾ ਵੈੱਲਫੇਅਰ ਸੁਸਾਇਟੀ ਦੀ ਮਹਾਮੰਤਰੀ ਰਿੰਪੀ ਰਾਣੀ ਅਗਰਵਾਲ ਨੇ ਕੇਂਦਰੀ ਬਜਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਜਟ ਆਤਮ-ਨਿਰਭਰ ਭਾਰਤ ਤੋਂ ਵਿਕਸਿਤ ਭਾਰਤ ਵੱਲ ਇਕ ਮਜ਼ਬੂਤ ਅਤੇ ਦੂਰਦਰਸ਼ੀ ਕਦਮ ਹੈ। ਉਨ੍ਹਾਂ ਕਿਹਾ ਕਿ ਬਜਟ ਦੇਸ਼ ਦੀ ਆਰਥਿਕਤਾ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਵੇਗਾ। ਰਿੰਪੀ ਰਾਣੀ ਅਗਰਵਾਲ ਨੇ ਕਿਹਾ ਕਿ ਬਜਟ ਵਿਚ ਗਰੀਬ, ਕਿਸਾਨ, ਮਹਿਲਾ, ਨੌਜਵਾਨ ਅਤੇ ਮੱਧਵਰਗ ਹਰ ਵਰਗ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਿੱਖਿਆ, ਸਿਹਤ, ਰੁਜ਼ਗਾਰ, ਮਹਿਲਾ ਸਸ਼ਕਤੀਕਰਨ ਤੇ ਬੁਨਿਆਦੀ ਢਾਂਚੇ ਵਿਚ ਕੀਤੀਆਂ ਘੋਸ਼ਣਾਵਾਂ ਦੇਸ਼ ਦੀ ਤਰੱਕੀ ਵਿੱਚ ਅਹਿਮ ਸਾਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਕੱਪੜੇ ਅਤੇ ਹੋਰ ਰੋਜ਼ਾਨਾ ਲੋੜ ਦੀਆਂ ਵਸਤਾਂ ਸਸਤੀਆਂ ਹੋਈਆਂ ਹਨ, ਜਦਕਿ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ।
-ਬਾਕਸ-
-ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਨਹੀਂ ਕੀਤਾ ਕਾਬੂ
ਡਾ. ਅਜੀਤਪਾਲ ਸਿੰਘ ਐੱਮਡੀ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਨੇ ਕੇਂਦਰੀ ਬਜਟ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਮੁੱਖ ਤੌਰ ‘ਤੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਵਾਲਾ ਹੈ। ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਮੁਲਾਜ਼ਮਾਂ ਲਈ ਕੋਈ ਖਾਸ ਰਾਹਤ ਨਹੀਂ ਦਿੱਤੀ ਗਈ। ਪੁਰਾਣੀ ਪੈਨਸ਼ਨ ਸਕੀਮ ਨੂੰ ਦੁਬਾਰਾ ਸ਼ੁਰੂ ਨਹੀਂ ਕੀਤਾ ਗਿਆ ਅਤੇ ਮਹਿੰਗਾਈ ਤੇ ਬੇਰੁਜ਼ਗਾਰੀ ‘ਤੇ ਕੋਈ ਕਾਬੂ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਰਸੋਈ ਸਸਤੀ ਨਹੀਂ ਹੋਈ, ਬੱਚਿਆਂ ਦੀ ਪੜ੍ਹਾਈ ਸੌਖੀ ਨਹੀਂ ਬਣੀ ਅਤੇ ਸਿੱਖਿਆ ਅਤੇ ਸਿਹਤ ਬਜਟ ਵੀ ਨਹੀਂ ਵਧੇ। ਛੋਟੇ ਕਿਸਾਨਾਂ ਦੀ ਆਮਦਨ ਵਧਣ ਦੀ ਉਮੀਦ ਟੁੱਟ ਗਈ, ਬਲਕਿ ਕਾਰਪੋਰੇਟ ਮਾਲਕਾਂ ਦੀ ਆਮਦਨ ਵਧੇਗੀ। ਇਨਕਮ ਟੈਕਸ, ਬਿਜਲੀ ਅਤੇ ਕਰਜ਼ਾ ਮੁਆਫੀ ਵਿਚ ਕੋਈ ਰਾਹਤ ਨਹੀਂ ਦਿੱਤੀ ਗਈ, ਅਤੇ ਫਸਲਾਂ ’ਤੇ ਐਮਐਸਪੀ ਬਾਰੇ ਕੋਈ ਐਲਾਨ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਬਜਟ ਫਾਲਤੂ ਨਾਹਰੇਬਾਜ਼ੀ ਵਾਂਗ ਹੈ।
-ਬਾਕਸ-
-ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਨਹੀਂ ਮਿਲੀ ਰਾਹਤ : ਭਾਕਿਯੂ ਲੱਖੋਵਾਲ
ਭਾਕਿਯੂ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕੇਂਦਰੀ ਬਜਟ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਪੂਰੀ ਤਰ੍ਹਾਂ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਅੱਗੇ ਵਧਾਉਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਇਸ ਬਜਟ ਤੋਂ ਕੋਈ ਰਾਹਤ ਨਹੀਂ ਮਿਲੀ। ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੀਤੀਆਂ ਗਈਆਂ ਉਮੀਦਾਂ ’ਤੇ ਵੀ ਪਾਣੀ ਫਿਰ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਫਸਲਾਂ ਦੀ ਐੱਮਐੱਸਪੀ, ਕਰਜ਼ਾ ਮੁਆਫ਼ੀ ਤੇ ਬਿਜਲੀ ਸਬਸਿਡੀ ਵਰਗੇ ਮੁੱਦਿਆਂ ’ਤੇ ਸਰਕਾਰ ਚੁੱਪ ਰਹੀ ਹੈ।
-ਬਾਕਸ-
-ਨੌਜਵਾਨਾਂ ਲਈ ਬਜਟ ’ਚ ਕੁਝ ਵੀ ਨਹੀਂ : ਇਕਬਾਲਜੀਤ ਸਿੰਘ
ਨੌਜਵਾਨ ਆਗੂ ਇਕਬਾਲਜੀਤ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਨੇ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। ਬੇਰੁਜ਼ਗਾਰੀ ’ਤੇ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਇਨਕਮ ਟੈਕਸ ’ਚ ਕੋਈ ਵੱਡੀ ਰਾਹਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮਹਿੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਘਾਟ ਨਾਲ ਜੂਝ ਰਹੇ ਨੌਜਵਾਨਾਂ ਲਈ ਇਹ ਬਜਟ ਬਿਲਕੁਲ ਨਾਕਾਮ ਸਾਬਤ ਹੋਇਆ ਹੈ। ਸਿਰਫ਼ ਨਾਅਰੇਬਾਜ਼ੀ ਕਰਕੇ ਸਰਕਾਰ ਜ਼ਮੀਨੀ ਹਕੀਕਤਾਂ ਤੋਂ ਮੁੱਖ ਮੋੜ ਰਹੀ ਹੈ।
-ਬਾਕਸ-
-ਮਜ਼ਦੂਰ ਵਰਗ ਨਾਲ ਧੋਖਾ : ਹਰਵਿੰਦਰ ਸਿੰਘ ਸੇਮਾ
ਮਜ਼ਦੂਰ ਆਗੂ ਹਰਵਿੰਦਰ ਸਿੰਘ ਸੇਮਾ ਨੇ ਕਿਹਾ ਕਿ ਇਹ ਬਜਟ ਮਜ਼ਦੂਰ ਮਾਰੂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਹਿੰਗਾਈ ’ਤੇ ਕੋਈ ਲਗਾਮ ਨਹੀਂ ਲਾਈ ਗਈ, ਰਸੋਈ ਹੋਰ ਮਹਿੰਗੀ ਹੋਵੇਗੀ ਅਤੇ ਆਮ ਮਜ਼ਦੂਰ ਦੀ ਜ਼ਿੰਦਗੀ ਹੋਰ ਮੁਸ਼ਕਲ ਬਣੇਗੀ। ਉਨ੍ਹਾਂ ਕਿਹਾ ਕਿ ਨਾ ਤਨਖ਼ਾਹਾਂ ਵਧੀਆਂ, ਨਾ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕੀਤਾ ਗਿਆ। ਮਜ਼ਦੂਰ ਵਰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।
-ਬਾਕਸ-
-ਸਿੱਖਿਆ ਤੇ ਸਿਹਤ ਲਈ ਬਜਟ ਨਾਕਾਫ਼ੀ : ਰੇਸ਼ਮ ਸਿੰਘ
ਅਧਿਆਪਕ ਆਗੂ ਰੇਸ਼ਮ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਸਿੱਖਿਆ ਅਤੇ ਸਿਹਤ ਖੇਤਰ ਲਈ ਕੋਈ ਵਾਧਾ ਨਹੀਂ ਕੀਤਾ ਗਿਆ, ਜੋ ਬਹੁਤ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਸੌਖੀ ਬਣਾਉਣ ਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਪੰਜਾਬ ਨੇ ਹੜ੍ਹਾਂ ਵਰਗੀਆਂ ਆਫ਼ਤਾਂ ਝੱਲੀਆਂ ਪਰ ਬਜਟ ’ਚ ਸੂਬੇ ਲਈ ਕੋਈ ਖ਼ਾਸ ਰਾਹਤ ਨਹੀਂ ਦਿੱਤੀ ਗਈ।