- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
— ਜ਼ਿਲ੍ਹੇ ਵਿੱਚ ਮਹਿਲਾਵਾਂ ਲਈ ਹੋਸਟਲ ਖੁੱਲੇਗਾ, ਬਾਗਬਾਨੀ ਨੂੰ ਵੀ ਮਿਲੇਗਾ ਉਤਸ਼ਾਹ

-ਜ਼ਿਲ੍ਹੇ ’ਚ ਮਹਿਲਾਵਾਂ ਲਈ ਹੋਸਟਲ ਖੁੱਲ੍ਹਣ ਦੇ ਨਾਲ-ਨਾਲ ਬਾਗ਼ਬਾਨੀ ਨੂੰ ਵੀ ਮਿਲੇਗਾ ਉਤਸ਼ਾਹ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਕੇਂਦਰ ਸਰਕਾਰ ਵੱਲੋਂ 1 ਫਰਵਰੀ 2026 ਨੂੰ ਪੇਸ਼ ਕੀਤਾ ਗਿਆ ਕੇਂਦਰੀ ਬਜਟ ਬਠਿੰਡਾ ਜ਼ਿਲ੍ਹੇ ਲਈ ਸਿੱਧੇ ਤੌਰ ‘ਤੇ ਲਾਭਦਾਇਕ ਸਾਬਤ ਹੋ ਸਕਦਾ ਹੈ। ਇਹ ਬਜਟ ਖੇਤੀਬਾੜੀ, ਪੇਂਡੂ ਵਿਕਾਸ, ਬੁਨਿਆਦੀ ਢਾਂਚਾ, ਰੁਜ਼ਗਾਰ, ਸਿਹਤ ਅਤੇ ਆਵਾਜਾਈ ਵਰਗੇ ਮਹੱਤਵਪੂਰਨ ਖੇਤਰਾਂ ‘ਤੇ ਕੇਂਦਰਿਤ ਹੈ, ਜੋ ਕਿ ਖੇਤੀ ਪ੍ਰਧਾਨ ਅਤੇ ਉਭਰਦੇ ਉਦਯੋਗਿਕ ਜ਼ਿਲ੍ਹੇ ਬਠਿੰਡਾ ਲਈ ਖਾਸ ਅਹਿਮੀਅਤ ਰੱਖਦਾ ਹੈ। ਬਠਿੰਡਾ ਜ਼ਿਲ੍ਹਾ ਕਪਾਹ, ਕਣਕ ਅਤੇ ਧਾਨ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ। ਬਜਟ ਵਿੱਚ ਖੇਤੀ ਖੇਤਰ ਲਈ ਆਧੁਨਿਕ ਖੇਤੀ ਪ੍ਰਣਾਲੀਆਂ, ਫਸਲਾਂ ਦੀ ਵਿਵਿਧਤਾ, ਸਿੰਚਾਈ ਪ੍ਰਬੰਧ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਨੂੰ ਉਤਸ਼ਾਹਿਤ ਕਰਨ ਸਬੰਧੀ ਕੀਤੇ ਗਏ ਐਲਾਨ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਕਿਸਾਨਾਂ ਦੀ ਆਮਦਨ ਵਧਾਉਣ, ਖੇਤੀ ਵਿੱਚ ਨਵੀਂ ਤਕਨਾਲੋਜੀ ਲਾਗੂ ਕਰਨ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਨੀਤੀ ਨਾਲ ਬਠਿੰਡਾ ਦੇ ਪਿੰਡਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਖੇਤੀ ਅਧਾਰਿਤ ਛੋਟੇ ਉਦਯੋਗਾਂ ਨੂੰ ਪ੍ਰੋਤਸਾਹਨ ਮਿਲਣ ਨਾਲ ਨੌਜਵਾਨਾਂ ਨੂੰ ਸਥਾਨਕ ਪੱਧਰ ‘ਤੇ ਰੁਜ਼ਗਾਰ ਮਿਲਣ ਦੀ ਸੰਭਾਵਨਾ ਵੀ ਵਧੇਗੀ। ਇਸਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਹਰ ਜ਼ਿਲ੍ਹੇ ਵਿੱਚ ਮਹਿਲਾ ਹੋਸਟਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ, ਜਿਸਦਾ ਲਾਭ ਬਠਿੰਡਾ ਜ਼ਿਲ੍ਹੇ ਨੂੰ ਵੀ ਮਿਲੇਗਾ। ਬਜਟ ਵਿੱਚ ਸੜਕਾਂ, ਰੇਲਵੇ ਅਤੇ ਆਵਾਜਾਈ ਪ੍ਰਣਾਲੀ ‘ਤੇ ਵੀ ਖਾਸ ਜ਼ੋਰ ਦਿੱਤਾ ਗਿਆ ਹੈ। ਬਠਿੰਡਾ ਪਹਿਲਾਂ ਹੀ ਇੱਕ ਮਹੱਤਵਪੂਰਨ ਰੇਲਵੇ ਜੰਕਸ਼ਨ ਹੈ, ਜਿੱਥੋਂ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲ ਸਿੱਧਾ ਸੰਪਰਕ ਬਣਦਾ ਹੈ। ਰੇਲਵੇ ਨੈੱਟਵਰਕ ਦੇ ਆਧੁਨਿਕੀਕਰਨ, ਮਾਲ ਗੱਡੀਆਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਸੜਕਾਂ ਦੇ ਵਿਕਾਸ ਨਾਲ ਬਠਿੰਡਾ ਦੀ ਉਦਯੋਗਿਕ ਅਤੇ ਵਪਾਰਕ ਸਰਗਰਮੀ ਨੂੰ ਰਫ਼ਤਾਰ ਮਿਲੇਗੀ। ਇਸ ਨਾਲ ਬਠਿੰਡਾ ਨੂੰ ਇੱਕ ਮਜ਼ਬੂਤ ਲਾਜਿਸਟਿਕ ਕੇਂਦਰ ਵਜੋਂ ਵਿਕਸਤ ਹੋਣ ਦਾ ਮੌਕਾ ਮਿਲੇਗਾ। ਬਜਟ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗ (ਐਮਐਸਐਮਈ), ਨਵੇਂ ਉਦਯੋਗ (ਸਟਾਰਟਅੱਪ) ਅਤੇ ਹੁਨਰ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਨਾਲ ਬਠਿੰਡਾ ਜ਼ਿਲ੍ਹੇ ਦੇ ਛੋਟੇ ਉਦਯੋਗਾਂ, ਵਰਕਸ਼ਾਪਾਂ, ਸੇਵਾ ਖੇਤਰ ਅਤੇ ਤਕਨੀਕੀ ਸੇਵਾਵਾਂ ਨਾਲ ਜੁੜੇ ਨੌਜਵਾਨਾਂ ਨੂੰ ਲਾਭ ਮਿਲੇਗਾ। ਹੁਨਰ ਵਿਕਾਸ ਯੋਜਨਾਵਾਂ ਰਾਹੀਂ ਨੌਜਵਾਨਾਂ ਨੂੰ ਨਵੀਂ ਤਕਨਾਲੋਜੀ ਵਿੱਚ ਤਿਆਰ ਕੀਤਾ ਜਾਵੇਗਾ, ਜਿਸ ਨਾਲ ਉਹ ਸਥਾਨਕ ਉਦਯੋਗਾਂ ਅਤੇ ਨਿੱਜੀ ਖੇਤਰ ਵਿੱਚ ਬਿਹਤਰ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਬਠਿੰਡਾ ਊਰਜਾ ਅਤੇ ਉਦਯੋਗਿਕ ਦ੍ਰਿਸ਼ਟੀ ਤੋਂ ਵੀ ਇੱਕ ਮਹੱਤਵਪੂਰਨ ਜ਼ਿਲ੍ਹਾ ਹੈ। ਬਜਟ ਵਿੱਚ ਊਰਜਾ ਖੇਤਰ, ਸਾਫ਼ ਊਰਜਾ ਅਤੇ ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਬੰਧੀ ਕੀਤੇ ਐਲਾਨਾਂ ਨਾਲ ਜ਼ਿਲ੍ਹੇ ਦੇ ਮੌਜੂਦਾ ਉਦਯੋਗਿਕ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਭਵਿੱਖ ਵਿੱਚ ਨਵੇਂ ਨਿਵੇਸ਼ ਦੇ ਮੌਕੇ ਵਧਣਗੇ। ਇਸ ਤੋਂ ਇਲਾਵਾ ਬਜਟ ਵਿੱਚ ਸਿਹਤ ਸੇਵਾਵਾਂ ਦੇ ਵਿਸਥਾਰ, ਦਵਾਈਆਂ ਸਸਤੀਆਂ ਕਰਨ ਅਤੇ ਸਿੱਖਿਆ ਖੇਤਰ ਵਿੱਚ ਡਿਜ਼ੀਟਲ ਸਹੂਲਤਾਂ ਵਧਾਉਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਇਸ ਨਾਲ ਬਠਿੰਡਾ ਦੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਲਾਭ ਮਿਲੇਗਾ। ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਸੰਸਾਧਨ ਉਪਲਬਧ ਹੋ ਸਕਣਗੇ। ਕੁੱਲ ਮਿਲਾ ਕੇ ਕੇਂਦਰੀ ਬਜਟ 2026 ਬਠਿੰਡਾ ਜ਼ਿਲ੍ਹੇ ਲਈ ਵਿਕਾਸ ਦੇ ਨਵੇਂ ਰਾਹ ਖੋਲ੍ਹ ਸਕਦਾ ਹੈ। ਖੇਤੀ ਸੁਧਾਰ, ਬਿਹਤਰ ਸੰਪਰਕ ਪ੍ਰਣਾਲੀ, ਰੁਜ਼ਗਾਰ ਸਿਰਜਣਾ, ਉਦਯੋਗਿਕ ਨਿਵੇਸ਼ ਅਤੇ ਸਮਾਜਿਕ ਖੇਤਰ ਦੀ ਮਜ਼ਬੂਤੀ ਨਾਲ ਬਠਿੰਡਾ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਮਿਲੇਗੀ।
-ਬਾਕਸ-
-ਬਜਟ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾਵੇਗਾ : ਮਲੂਕਾ
ਭਾਜਪਾ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਇਹ ਬਜਟ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਬਜਟ ਆਤਮਨਿਰਭਰ ਅਤੇ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਰੱਖਦਾ ਹੈ। ਗਰੀਬਾਂ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਅਤੇ ਮੱਧਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਰੁਜ਼ਗਾਰ ’ਤੇ ਦਿੱਤਾ ਗਿਆ ਜ਼ੋਰ ਅਰਥਵਿਵਸਥਾ ਨੂੰ ਮਜ਼ਬੂਤੀ ਦੇਵੇਗਾ।
-ਬਾਕਸ-
ਬਜਟ ਅੰਕੜਿਆਂ ਅਤੇ ਖੋਖਲੇ ਵਾਅਦਿਆਂ ਨਾਲ ਭਰਿਆ: ਸੁਰਿੰਦਰ ਕੁਮਾਰ
ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਕੁਮਾਰ ਸੰਗਤ ਨੇ ਕਿਹਾ ਕਿ ਇਹ ਬਜਟ ਵੱਡੇ ਅੰਕੜਿਆਂ ਅਤੇ ਖੋਖਲੇ ਵਾਅਦਿਆਂ ਤਕ ਸੀਮਤ ਹੈ। ਪੰਜਾਬ ਲਈ ਇਸ ਵਿੱਚ ਕੁਝ ਵੀ ਵਿਸ਼ੇਸ਼ ਨਹੀਂ ਹੈ। ਨਾ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਹੈ ਅਤੇ ਨਾ ਹੀ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇਹ ਬਜਟ ਨਿਰਾਸ਼ਾਜਨਕ ਹੈ।
-ਬਾਕਸ-
-ਬਜਟ ਕਿਸਾਨ ਤੇ ਮਜ਼ਦੂਰ ਵਿਰੋਧੀ : ਜੱਗਾ ਕਲਿਆਣ
ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਨੇ ਕਿਹਾ ਕਿ ਬਜਟ ਵਿੱਚ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕੀਤੀ ਗਈ ਹੈ। ਕਿਸਾਨਾਂ ਦਾ ਕਰਜ਼ ਮਾਫ਼ੀ, ਪੇਂਡੂ ਰੁਜ਼ਗਾਰ ਅਤੇ ਮਹਿੰਗਾਈ ਵਰਗੇ ਮੁੱਦਿਆਂ ‘ਤੇ ਕੋਈ ਢੁੱਕਵਾਂ ਹੱਲ ਨਹੀਂ ਦਿੱਤਾ ਗਿਆ। ਕੇਂਦਰੀ ਬਜਟ ਵਿਚ ਪੰਜਾਬ ਨੂੰ ਅਣਗੌਲਿਆ ਕੀਤਾ ਗਿਆ ਹੈ।
-ਬਾਕਸ-
-ਕੁਲ ਮਿਲਾ ਕੇ ਬਜਟ ਰਿਹਾ ਨਿਰਾਸ਼ਾਜਨਕ : ਗਰਗ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਇਹ ਬਜਟ ਆਮ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਮਹਿੰਗਾਈ ਤੇ ਬੇਰੁਜ਼ਗਾਰੀ ’ਤੇ ਸਰਕਾਰ ਕੋਲ ਕੋਈ ਠੋਸ ਯੋਜਨਾ ਨਹੀਂ ਹੈ। ਇਹ ਬਜਟ ਗਰੀਬ ਅਤੇ ਕਿਸਾਨ ਵਿਰੋਧੀ ਹੈ। ਬਜਟ ਵਿਚ ਪੰਜਾਬ ਨੂੰ ਬਿਲਕੁਲ ਵਿਸਾਰ ਦਿੱਤਾ ਹੈ।