ਐਕਸਿਸ ਬੈਂਕ ਦਾ ਏਟੀਐਮ ਤੋੜਨ ਦੀ ਕੋਸ਼ਿਸ਼, ਮੁਲਜ਼ਮ ਫ਼ਰਾਰ
ਏਟੀਐਮ ਤੋੜਨ ਦੀ ਕੋਸ਼ਿਸ਼ , ਮੁਲਜ਼ਮ ਫਰਾਰ
Publish Date: Sun, 01 Mar 2026 04:58 PM (IST)
Updated Date: Mon, 02 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਦੇ ਪਿੰਡ ਰਾਮਸਰਾ ਵਿਚ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਐਕਸਿਸ ਬੈਂਕ ਦੇ ਏਟੀਐੱਮ ਨੂੰ ਨਿਸ਼ਾਨਾ ਬਣਾਇਆ ਤੇ ਇਸ ਨੂੰ ਤੋੜ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਥਾਣਾ ਰਾਮਾਂ ਦੇ ਖੇਤਰ ਵਿਚ ਵਾਪਰੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 1 ਮਾਰਚ 2026 ਨੂੰ ਸਵੇਰੇ 1 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀ ਰਾਮਸਰਾ ਪਿੰਡ ਵਿਚ ਐਕਸਿਸ ਬੈਂਕ ਦੇ ਏਟੀਐਮ ਬੂਥ ਵਿਚ ਦਾਖਲ ਹੋਏ। ਅਣਪਛਾਤੇ ਵਿਅਕਤੀ ਇਕ ਗੱਡੀ ’ਚ ਆਏ ਸੀ। ਉਨ੍ਹਾਂ ਨੇ ਪਹਿਲਾਂ ਜ਼ਬਰਦਸਤੀ ਏਟੀਐੱਮ ਬੂਥ ਦਾ ਸ਼ਟਰ ਖੋਲ੍ਹਿਆ ਤੇ ਫਿਰ ਮਸ਼ੀਨ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ। ਮਸ਼ੀਨ ਨੂੰ ਉਖਾੜ ਦਿੱਤਾ ਗਿਆ ਸੀ ਪਰ ਤਕਨੀਕੀ ਕਾਰਨਾਂ ਕਰਕੇ ਜਾਂ ਇਸਦੇ ਭਾਰੀ ਭਾਰ ਕਾਰਨ, ਦੋਸ਼ੀ ਇਸਨੂੰ ਲੈ ਜਾਣ ਵਿਚ ਸਫ਼ਲ ਨਾ ਹੋ ਸਕੇ। ਸੂਚਨਾ ਮਿਲਣ ਤੇ ਥਾਣਾ ਰਾਮਾਂ ਦੀ ਪੁਲਿਸ ਟੀਮ ਮੌਕੇ ਤੇ ਪਹੁੰਚੀ, ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕੇ ਸਨ। ਪੁਲਿਸ ਨੇ ਏਟੀਐਮ ਬੂਥ ਅਤੇ ਆਲੇ ਦੁਆਲੇ ਦੇ ਖੇਤਰ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸਥਾਨ ਤੋਂ ਕੁਝ ਔਜ਼ਾਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਮੁਲਜ਼ਮ ਜਲਦੀ ਵਿੱਚ ਛੱਡ ਗਏ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੇੜਲੇ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਹੈ। ਸ਼ੱਕੀ ਵਾਹਨ ਅਤੇ ਮੁਲਜ਼ਮ ਦੀ ਪਛਾਣ ਕਰਨ ਲਈ ਤਕਨੀਕੀ ਸਬੂਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬੈਂਕ ਪ੍ਰਬੰਧਨ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਇਕ ਸੰਗਠਿਤ ਗਿਰੋਹ ਦਾ ਕੰਮ ਹੈ। ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਜਿਹੀਆਂ ਘਟਨਾਵਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਇਲਾਕੇ ਵਿਚ ਗਸ਼ਤ ਵਧਾ ਦਿੱਤੀ ਹੈ।