ਚਾਰ ਮਹੀਨੇ ਤੋਂ ਟੁੱਟੀ ਚਾਰਦੀਵਾਰੀ, ਬੱਚਿਆਂ ਤੇ ਬੁਜ਼ੁਰਗਾਂ ਦੀ ਸੁਰੱਖਿਆ ਖਤਰੇ ’ਚ
ਚਾਰ ਮਹੀਨਿਆਂ ਤੋਂ ਟੁੱਟੀ ਪਈ ਚਾਰਦੀਵਾਰੀ, ਬੱਚਿਆਂ ਅਤੇ ਬੁਜ਼ੁਰਗਾਂ ਦੀ ਸੁਰੱਖਿਆ ਖਤਰੇ ਵਿੱਚ
Publish Date: Sat, 14 Feb 2026 05:16 PM (IST)
Updated Date: Sun, 15 Feb 2026 04:03 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਮਾਡਲ ਟਾਊਨ ਫੇਜ਼-2 ਵਿੱਚ ਸਥਿਤ ਪਾਰਕ ਦੀ ਚਾਰਦੀਵਾਰੀ ਪਿਛਲੇ ਚਾਰ ਮਹੀਨਿਆਂ ਤੋਂ ਟੁੱਟੀ ਪਈ ਹੈ, ਪਰ ਬਠਿੰਡਾ ਨਗਰ ਨਿਗਮ ਇਸ ਦੀ ਮੁਰੰਮਤ ਕਰਵਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਿਹਾ ਹੈ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਵਾਰ ਵਾਰ ਸ਼ਿਕਾਇਤਾਂ ਕਰਨ ਅਤੇ ਫੋਟੋ ਸਬੂਤ ਦੇਣ ਦੇ ਬਾਵਜੂਦ ਨਿਗਮ ਦੇ ਅਧਿਕਾਰੀਆਂ ਨੇ ਅੱਖਾਂ ਬੰਦ ਕਰ ਰੱਖੀਆਂ ਹਨ। ਚਾਰ ਮਹੀਨਿਆਂ ਤੋਂ ਟੁੱਟੀ ਪਈ ਚਾਰਦੀਵਾਰੀ ਨਿਗਮ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਇਸ ਨਾਲ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਖਤਰੇ ਵਿਚ ਪਈ ਹੋਈ ਹੈ। ਸਥਾਨਕ ਲੋਕਾਂ ਦੇ ਅਨੁਸਾਰ ਪਾਰਕ ਦੀ ਚਾਰਦੀਵਾਰੀ ਦਾ ਵੱਡਾ ਹਿੱਸਾ ਢਹਿ ਚੁੱਕਾ ਹੈ, ਜਿਸ ਕਾਰਨ ਪਾਰਕ ਹੁਣ ਖੁੱਲ੍ਹੇ ਮੈਦਾਨ ਵਾਂਗ ਬਣ ਗਿਆ ਹੈ। ਹਰ ਰੋਜ਼ ਸਵੇਰੇ-ਸ਼ਾਮ ਇੱਥੇ ਬੱਚੇ ਖੇਡਣ ਆਉਂਦੇ ਹਨ, ਮਹਿਲਾਵਾਂ ਟਹਿਲਣ ਲਈ ਅਤੇ ਬੁਜ਼ੁਰਗ ਸੈਰ ਕਰਨ ਲਈ ਪਹੁੰਚਦੇ ਹਨ। ਟੁੱਟੀ ਚਾਰਦੀਵਾਰੀ ਕਰਕੇ ਆਵਾਰਾ ਪਸ਼ੂ ਅਤੇ ਕੁੱਤੇ ਕਦੇ ਵੀ ਅੰਦਰ ਦਾਖਲ ਹੋ ਜਾਂਦੇ ਹਨ, ਜਿਸ ਨਾਲ ਕਈ ਵਾਰ ਡਰ ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਚੁੱਕਾ ਹੈ। ਇਲਾਕਾ ਵਾਸੀਆਂ ਅਨੁਸਾਰ ਜੇਕਰ ਸਮੇਂ ਸਿਰ ਮੁਰੰਮਤ ਨਾ ਹੋਈ ਤਾਂ ਕੋਈ ਵੀ ਅਣਚਾਹੀ ਘਟਨਾ ਵਾਪਰ ਸਕਦੀ ਹੈ। ਨਿਵਾਸੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਨਿਗਮ ਦੇ ਜੇਈ ਰਾਜੇਸ਼ ਕੁਮਾਰ, ਐੱਸਡੀਓ ਵਿਕਰਮਜੀਤ ਸਿੰਘ ਅਤੇ ਐਕਸਈਐਨ ਤਕ ਕਈ ਵਾਰ ਗੁਹਾਰ ਲਗਾਈ ਹੈ। ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਫੋਨ ਕੀਤੇ ਗਏ ਅਤੇ ਟੁੱਟੀ ਚਾਰਦੀਵਾਰੀ ਦੀਆਂ ਤਸਵੀਰਾਂ ਵੀ ਭੇਜੀਆਂ ਗਈਆਂ। ਇਸ ਦੇ ਬਾਵਜੂਦ ਚਾਰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਵੀ ਅਧਿਕਾਰੀ ਮੌਕੇ ਦਾ ਦੌਰਾ ਕਰਨ ਨਹੀਂ ਪਹੁੰਚਿਆ। ਸਥਾਨਕ ਨਿਵਾਸੀ ਰਿਸ਼ੀ ਕੁਮਾਰ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, “ਹਰ ਵਾਰ ਸਿਰਫ਼ ਭਰੋਸਾ ਦਿੱਤਾ ਜਾਂਦਾ ਹੈ ਕਿ ਜਲਦੀ ਕੰਮ ਸ਼ੁਰੂ ਹੋਵੇਗਾ, ਪਰ ਹਕੀਕਤ ਵਿੱਚ ਕੁਝ ਨਹੀਂ ਹੁੰਦਾ। ਕੀ ਨਿਗਮ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ?” ਉਨ੍ਹਾਂ ਕਿਹਾ ਕਿ ਜੇ ਕਿਸੇ ਬੱਚੇ ਜਾਂ ਬੁਜ਼ੁਰਗ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਮਹਿਲਾ ਰਜਨੀ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਅਸਾਮਾਜਿਕ ਤੱਤਾਂ ਦੀ ਆਵਾਜਾਈ ਵੀ ਵੱਧ ਗਈ ਹੈ। ਟੁੱਟੀ ਚਾਰਦੀਵਾਰੀ ਕਾਰਨ ਪਾਰਕ ਦੀ ਸੁਰੱਖਿਆ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਿਗਮ ਸਿਰਫ਼ ਕਾਗਜ਼ੀ ਕਾਰਵਾਈ ਤਕ ਸੀਮਤ ਹੈ, ਜ਼ਮੀਨੀ ਪੱਧਰ ‘ਤੇ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ। ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਇਕੱਠੇ ਹੋ ਕੇ ਨਿਗਮ ਦਫ਼ਤਰ ਅੱਗੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਪਾਰਕ ਸਿਰਫ਼ ਮਨੋਰੰਜਨ ਦਾ ਸਥਾਨ ਨਹੀਂ, ਸਗੋਂ ਸਿਹਤ ਅਤੇ ਸਮਾਜਿਕ ਮਿਲਾਪ ਦਾ ਕੇਂਦਰ ਹੈ। ਇਸ ਦੀ ਅਣਦੇਖੀ ਕਰਨਾ ਸਿੱਧੇ ਤੌਰ ‘ਤੇ ਜਨਤਾ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮੀਂਹ ਦੇ ਮੌਸਮ ਦੌਰਾਨ ਟੁੱਟੀ ਚਾਰਦੀਵਾਰੀ ਦੇ ਨੇੜੇ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਮੱਛਰਾਂ ਦੀ ਵਾਧੂ ਪੈਦਾਵਾਰ ਹੋ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਖਤਰਾ ਵਧ ਰਿਹਾ ਹੈ। ਇਸ ਤੋਂ ਇਲਾਵਾ ਰਾਤ ਦੇ ਸਮੇਂ ਅਧੂਰੀ ਬਾਊਂਡਰੀ ਕਾਰਨ ਪਾਰਕ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ। ਸਥਾਨਕ ਵਸਨੀਕਾਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੁਰੰਤ ਤਕਨੀਕੀ ਟੀਮ ਭੇਜ ਕੇ ਨੁਕਸਾਨ ਦਾ ਅੰਦਾਜ਼ਾ ਲਗਾਏ ਅਤੇ ਪ੍ਰਾਥਮਿਕਤਾ ਦੇ ਆਧਾਰ ‘ਤੇ ਮੁਰੰਮਤ ਕੰਮ ਸ਼ੁਰੂ ਕਰੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਦੀ ਲਾਪਰਵਾਹੀ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਅਣਦੇਖੀ ਨਾ ਹੋਵੇ।