- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਸੰਮਤੀ ਫੂਲ ’ਤੇ ਅਕਾਲੀ ਦਲ ਦਾ ਕਬਜ਼ਾ, ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਜਿੱਤੀ

-ਵਿਧਾਇਕ ਦੀ ਵੋਟ ਵੀ ‘ਆਪ’ ਦੀ ਬੇੜੀ ਬੰਨ੍ਹੇ ਨਾ ਲਾ ਸਕੀ, ਮਲੂਕਾ ਅਨੁਸਾਰ ਇਹ ਜਿੱਤ ਸਾਲ-2027 ਦਾ ਟ੍ਰੇਲਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਫੂਲ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਚੋਣ ਨੇ ਜ਼ਿਲ੍ਹਾ ਬਠਿੰਡਾ ਦੀ ਰਾਜਨੀਤੀ ਨੂੰ ਗਰਮਾ ਦਿੱਤਾ ਹੈ। ਕਈ ਹਫਤਿਆਂ ਤੋਂ ਚਰਚਾ ਦਾ ਕੇਂਦਰ ਬਣੀ ਇਹ ਚੋਣ ਆਖਿਰਕਾਰ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਗਈ। ਪੰਚਾਇਤ ਸੰਮਤੀ ਫੂਲ ਦੇ ਇਨ੍ਹਾਂ ਦੋਵਾਂ ਅਹੁਦਿਆਂ ’ਤੇ ਸ੍ਰੋਮਣੀ ਅਕਾਲੀ ਦਲ ਨੇ ਕਬਜ਼ਾ ਕਰ ਲਿਆ ਹੈ। ਇਸ ਚੋਣ ਵਿਚ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਪਤਨੀ ਬਲਜੀਤ ਸਿੰਘ ਨੀਲਾ ਮਹਿਰਾਜ ਚੇਅਰਪਰਸਨ ਚੁਣੀ ਗਈ, ਜਦਕਿ ਕਿਰਨਜੀਤ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਪਿੰਡ ਰਾਈਆ ਵਾਈਸ ਚੇਅਰਮੈਨ ਚੁਣੀ ਗਈ ਹੈ। ਇਸ ਨਤੀਜੇ ਨਾਲ ‘ਆਪ’ ਨੂੰ ਵੱਡਾ ਸਿਆਸੀ ਝਟਕਾ ਲੱਗਾ ਹੈ, ਖ਼ਾਸ ਕਰਕੇ ਉਸ ਵੇਲੇ ਜਦੋਂ ਕਾਂਗਰਸ ਦੇ ਮੈਂਬਰਾਂ ਦਾ ਸਹਿਯੋਗ ਤੇ ਵਿਧਾਇਕ ਦੀ ਵੋਟ ਵੀ ‘ਆਪ’ ਦੇ ਹੱਕ ਵਿੱਚ ਗਈ।
ਇਹ ਚੋਣ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਅਤੇ ਹਾਈ ਕੋਰਟ ਵੱਲੋਂ ਨਿਯੁਕਤ ਅਬਜ਼ਰਵਰ ਦੀ ਦੇਖ-ਰੇਖ ਵਿੱਚ ਕਰਵਾਈ ਗਈ। ਕੁੱਲ 18 ਬਲਾਕ ਸੰਮਤੀ ਮੈਂਬਰਾਂ ਵਿੱਚੋਂ ਸ੍ਰੋਮਣੀ ਅਕਾਲੀ ਦਲ ਕੋਲ 10, ਆਪ ਕੋਲ 5 ਤੇ ਕਾਂਗਰਸ ਕੋਲ 2 ਅਤੇ 1 ਅਜ਼ਾਦ ਮੈਂਬਰ ਸੀ, ਜਦੋਂ ਕਿ ਇਕ ਵੋਟ ਵਿਧਾਇਕ ਦੀ ਪਈ ਹੈ। ਅਕਾਲੀ ਆਗੂਆਂ ਅਨੁਸਾਰ ਵੋਟਿੰਗ ਦੌਰਾਨ ਕਾਂਗਰਸ ਦੇ ਦੋਵੇਂ ਮੈਂਬਰ ਆਪ ਦੇ ਹੱਕ ਵਿੱਚ ਗਏ ਨਾਲ ਹੀ ਵਿਧਾਇਕ ਬਲਕਾਰ ਸਿੱਧੂ ਦੀ ਵੋਟ ਵੀ ਆਪ ਦੇ ਉਮੀਦਵਾਰ ਨੂੰ ਮਿਲੀ, ਜਿਸ ਨਾਲ ਆਪ ਦੇ ਹੱਕ ਵਿੱਚ 9 ਵੋਟਾਂ ਪਈਆਂ। ਇਸ ਦੇ ਬਾਵਜੂਦ ਅਕਾਲੀ ਦਲ ਦੇ ਦੋਵੇਂ ਉਮੀਦਵਾਰਾਂ ਨੇ 10 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਹਾਲਾਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਪੂਰੀ ਤਰ੍ਹਾਂ ਆਸਵੰਦ ਸਨ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਇਸ ਚੋਣ ਵਿਚ ਜੇਤੂ ਰਹਿਣਗੇ, ਪਰ ਜਦੋਂ ਵਿਧਾਇਕ ਚੋਣ ਨਤੀਜੇ ਅਕਾਲੀ ਦਲ ਦੇ ਹੱਕ ਵਿਚ ਆਉਣ ਦਾ ਪਤਾ ਲੱਗਾ ਤਾਂ ਉਹ ਚੋਣ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏ। ਉਨ੍ਹਾਂ ਪ੍ਰੈਸ ਨਾਲ ਵੀ ਕੋਈ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਉਧਰ ਇਹ ਚੋਣ ਵਿਧਾਇਕ ਬਲਕਾਰ ਸਿੱਧੂ ਦੀ ਸਿਆਸੀ ਭਵਿੱਖ ਲਈ ਵੀ ਅਹਿਮ ਮੰਨੀ ਜਾ ਰਹੀ ਸੀ, ਪਰ ਨਤੀਜੇ ਨੇ ਉਨ੍ਹਾਂ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ।
-ਬਾਕਸ-
-ਮੌਜੂਦਾ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਾਰਾਜ਼
ਚੋਣ ਨਤੀਜਿਆਂ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਜਿੱਤ ਨੂੰ ਵੱਡੀ ਸਿਆਸੀ ਉਪਲੱਬਧੀ ਕਰਾਰ ਦਿੰਦਿਆਂ ਕਿਹਾ ਕਿ “ਇਹ ਸਿਰਫ਼ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਜਿੱਤ ਨਹੀਂ, ਸਗੋਂ ਲੋਕਾਂ ਦਾ ਅਕਾਲੀ ਦਲ ਦੇ ਹੱਕ ’ਚ ਫ਼ੈਸਲਾ ਹੈ ਤੇ 2027 ਦੀਆਂ ਚੋਣਾਂ ਦਾ ਟ੍ਰੇਲਰ ਵੀ ਹੈ।” ਲੋਕ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਨਾਰਾਜ਼ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਅਸਰ ਸਪੱਸ਼ਟ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਸਾਲ 2027 ਵਿਚ ਆਉਣ ਵਾਲੀ ਅਕਾਲੀ ਦਲ ਦੀ ਹਨ੍ਹੇਰੀ ਦਾ ਇਹ ਸੰਕੇਤ ਹੈ। ‘ਆਪ’ ਦੀ ਸਰਕਾਰ ਨੇ ਪਹਿਲਾਂ ਵੀ ਹਾਰ ਦੇ ਡਰੋਂ ਦੋ ਵਾਰ ਚੋਣ ਮੁਲਤਵੀ ਕਰ ਦਿੱਤੀ ਸੀ, ਜਿਸ ਕਾਰਨ ਅਕਾਲੀ ਦਲ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਆਬਜ਼ਰਵਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਰਹਿਨੁਮਾਈ ਹੇਠ ਇਹ ਚੋਣ ਨਿਰਪੱਖ ਢੰਗ ਨਾਲ ਹੋਈ ਹੈ। ਸਾਬਕਾ ਮੰਤਰੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਨਾ ਤਾਂ ਵਿਧਾਇਕ ਚੋਣ ’ਚ ਜਾ ਸਕਦੇ ਸਨ ਤੇ ਨਾ ਹੀ ਵੋਟ ਪਾ ਸਕਦੇ ਸਨ, ਪਰ ਵਿਧਾਇਕ ਦੀ ਵੋਟ ਤੇ ਕਾਂਗਰਸ ਦਾ ਸਾਥ ਵੀ ਆਪ ਦੀ ਬੇੜੀ ਬੰਨ੍ਹੇ ਨਹੀਂ ਲਾ ਸਕਿਆ।
-ਬਾਕਸ-
-ਅਕਾਲੀ ਵਰਕਰਾਂ ’ਚ ਇਸ ਚੋਣ ਜਿੱਤਣ ਬਾਅਦ ਨਵਾਂ ਜੋਸ਼ ਤੇ ਉਤਸ਼ਾਹ
ਜਦੋਂ ਚੋਣ ਪ੍ਰਕਿਰਿਆ ਦੌਰਾਨ ਨਤੀਜੇ ਉਲਟ ਆਉਦੇ ਦੇਖ ਕੇ ਵਿਧਾਇਕ ਬਲਕਾਰ ਸਿੱਧੂ ਡੀਸੀ ਦਫ਼ਤਰ ਦੇ ਕਾਨਫਰੰਸ ਹਾਲ ਵਿੱਚੋ ਹੇਠਾਂ ਆਏ ਤਾਂ ਸ੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਕਾਲੀ ਦਲ ਦੇ ਵਰਕਰਾਂ ਨੇ ਜਿੱਤ ਦੀ ਖੁਸ਼ੀ ਵਿਚ ਭੰਗੜੇ ਪਾਏ ਤੇ ਸ਼੍ਰੋਮਣੀ ਅਕਾਲੀ ਦਲ ਤੇ ਸਿਕੰਦਰ ਸਿੰਘ ਮਲੂਕਾ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਅਕਾਲੀ ਵਰਕਰਾਂ ’ਚ ਇਸ ਚੋਣ ਜਿੱਤਣ ਬਾਅਦ ਨਵਾਂ ਜੋਸ਼ ਤੇ ਉਤਸ਼ਾਹ ਵੇਖਣ ਲਈ ਮਿਲਿਆ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਐੱਸਡੀਐੱਮ ਫੂਲ ਦੀ ਅਗਵਾਈ ਹੇਠ ਦੋ ਵਾਰ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਰੱਖੀ ਗਈ ਸੀ, ਪਰ ਉਹ ਮੁਲਤਵੀ ਕਰ ਦਿੱਤੀ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਰਿੱਟ ਪਟੀਸ਼ਨ ਪਾਈ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹੋਏ ਸਨ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਵੀ ਹਾਜ਼ਰ ਸਨ।