- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਬੀ ਵਾਲਾ ਰੋਡ ਨੂੰ 80 ਫੁੱਟ ਚੌੜਾ ਕਰਨ ਦਾ ਮਤਾ ਪਾਸ, ਹੁਣ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ

-ਹੁਣ ਪੰਜਾਬ ਸਰਕਾਰ ਦੀ ਮਨਜ਼ੂਰੀ ਦੀ ਕੀਤੀ ਜਾ ਰਹੀ ਉਡੀਕ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ:
ਸ਼ਹਿਰ ਦੀਆਂ ਮਹੱਤਵਪੂਰਨ ਸੜਕਾਂ ਵਿੱਚੋਂ ਇੱਕ ਬੀਬੀ ਵਾਲਾ ਰੋਡ ਨੂੰ ਚੌੜਾ ਕਰਨ ਵੱਲ ਇਕ ਵੱਡਾ ਕਦਮ ਚੁੱਕਿਆ ਗਿਆ ਹੈ। ਨਗਰ ਨਿਗਮ ਦੇ ਜਨਰਲ ਹਾਊਸ ਨੇ ਇਸ ਸੜਕ ਦੀ ਚੌੜਾਈ 100 ਫੁੱਟ ਦੀ ਬਜਾਏ 80 ਫੁੱਟ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਮਤਾ ਅਗਲੀ ਮਨਜ਼ੂਰੀ ਲਈ ਪੰਜਾਬ ਸਰਕਾਰ ਦੇ ਲੋਕਲ ਬਾਡੀਜ਼ ਵਿਭਾਗ ਨੂੰ ਭੇਜਿਆ ਗਿਆ ਹੈ। ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਗਰ ਨਿਗਮ ਸੜਕ ਚੌੜੀ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸੜਕ ਦੇ ਚੌੜੇ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਬੀਬੀਵਾਲਾ ਸੜਕ ਸ਼ਹਿਰ ਦੀ ਮੁੱਖ ਸੜਕ ਹੈ, ਜਿਸ ਰਾਹੀ ਪੂਰਾ ਟਰੈਫ਼ਿਕ ਸ਼ਹਿਰ ਅੰਦਰ ਦਾਖਲ ਹੁੰਦਾ ਹੈ। ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੀ ਰਿਪੋਰਟ ਅਨੁਸਾਰ ਆਰਐਸਏ ਨੰਬਰ 2498 ਆਫ 1996 (ਨਗਰ ਨਿਗਮ ਬਠਿੰਡਾ ਵਿਰੁੱਧ ਹਰੀ ਕ੍ਰਿਸ਼ਨ ਗੁਪਤਾ) ਦੇ ਮਾਮਲੇ ਵਿੱਚ ਦੱਸਿਆ ਗਿਆ ਹੈ ਕਿ ਬੀਬੀ ਵਾਲਾ ਰੋਡ ਟੀਪੀ ਸਕੀਮ ਨੰਬਰ 3 ਪਾਰਟ-3, 3 ਪਾਰਟ-2 ਅਤੇ 2 ਪਾਰਟ-2 ਦੇ ਮਨਜ਼ੂਰਸ਼ੁਦਾ ਲੇਆਉਟ ਪਲਾਨ ਵਿੱਚ 100 ਫੁੱਟ ਚੌੜਾ ਦਰਸਾਇਆ ਗਿਆ ਸੀ। ਇਹ ਸੜਕ ਲੰਬੇ ਸਮੇਂ ਤੋਂ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਵੱਲੋਂ ਸੰਭਾਲੀ ਜਾ ਰਹੀ ਹੈ। ਇਸ ਮੌਕੇ ‘ਤੇ ਇਸ ਸੜਕ ਦੀ ਚੌੜਾਈ ਕਿਤੇ 60 ਫੁੱਟ ਤੇ 100 ਫੁੱਟ ਤਕ ਹੈ। ਜਦੋਂ ਇਸਨੂੰ ਯੋਜਨਾ ਮੁਤਾਬਕ 100 ਫੁੱਟ ਕਰਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਈ ਥਾਵਾਂ ‘ਤੇ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਕਾਰਨ ਇਹ ਸੜਕ ਸੌ ਫੁੱਟ ਚੌੜੀ ਨਹੀਂ ਹੋ ਸਕੀ ਸੀ। 31 ਜੁਲਾਈ 2007 ਨੂੰ ਹੋਈ ਇਕ ਅਹਿਮ ਮੀਟਿੰਗ ਵਿੱਚ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਸਹਿਮਤੀ ਦਿੱਤੀ ਕਿ ਸੜਕ ਨੂੰ 100 ਫੁੱਟ ਕਰਨ ਦੀ ਬਜਾਏ 80 ਫੁੱਟ ਚੌੜਾ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ ਅਤੇ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋ ਸਕੇ। ਇਸ ਤੋਂ ਬਾਅਦ 80 ਫੁੱਟ ਕਰਨ ਦੀ ਕਾਰਵਾਈ ਦੌਰਾਨ ਕਰੀਬ 100 ਨਿਰਮਾਣ ਹਟਾਏ ਜਾ ਚੁੱਕੇ ਹਨ। ਅਧਿਕਾਰੀਆਂ ਮੁਤਾਬਕ ਜੇਕਰ ਸੜਕ ਨੂੰ 100 ਫੁੱਟ ਕੀਤਾ ਗਿਆ ਤਾਂ ਦੋਵੇਂ ਪਾਸਿਆਂ ਕਰੀਬ 200 ਹੋਰ ਇਮਾਰਤਾਂ ਤੋੜਨੀਆਂ ਪੈਣਗੀਆਂ, ਜੋ ਮੌਜੂਦਾ ਹਾਲਾਤ ’ਚ ਸੰਭਵ ਨਹੀਂ ਹੈ। ਨਗਰ ਨਿਗਮ ਦੇ ਅਧਿਕਾਰੀਆਂ ਅਨੁਸਾਰ ਸ਼ਹਿਰ ਵਿੱਚ ਆਉਟਰ ਬਾਈਪਾਸ ਬਣਨ ਤੋਂ ਬਾਅਦ ਕਾਫ਼ੀ ਟ੍ਰੈਫਿਕ ਡਾਇਵਰਟ ਹੋ ਚੁੱਕਾ ਹੈ, ਇਸ ਲਈ ਹੁਣ 200 ਦੇ ਕਰੀਬ ਇਮਾਰਤਾਂ ਤੋੜ ਕੇ ਸੜਕ ਨੂੰ 100 ਫੁੱਟ ਕਰਨਾ ਵਾਜਬ ਨਹੀਂ ਮੰਨਿਆ ਜਾ ਰਿਹਾ। ਯੋਜਨਾ ਮੁਤਾਬਕ ਟਾਊਨ ਪਲੈਨਿੰਗ ਸਕੀਮ ਵਿਚ ਸੋਧ ਕਰਨ ਲਈ ਪੰਜਾਬ ਮਿਊਂਸਿਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 275 ਅਧੀਨ ਕਾਰਵਾਈ ਕਰਨੀ ਲਾਜ਼ਮੀ ਹੈ। ਇਸ ਤਹਿਤ ਪਹਿਲਾਂ ਜਨਰਲ ਹਾਊਸ ਤੋਂ ਮਨਜ਼ੂਰੀ ਲੈਣੀ ਲੋੜੀਂਦੀ ਸੀ, ਜਿਹੜੀ ਕਿ ਹੁਣ ਮਿਲ ਚੁੱਕੀ ਹੈ। ਬੀਬੀਵਾਲਾ ਸੜਕ ਨੂੰ 80 ਫੁੱਟ ਚੌੜਾ ਕਰਨ ਦਾ ਮਤਾ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਅੰਤਿਮ ਮਨਜ਼ੂਰੀ ਮਿਲਣ ਤੋਂ ਬਾਅਦ ਬੀਬੀ ਵਾਲਾ ਰੋਡ ਨੂੰ 80 ਫੁੱਟ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸੜਕ ਦੇ ਚੌੜੇ ਹੋਣ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਆਏਗਾ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸੁਵਿਧਾ ਮਿਲੇਗੀ।