- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਛੀਆਂ ਨਾਲ ਨਾਲ ਮਨੁੱਖੀ ਜਾਨਾਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ ਚਾਇਨਾ ਡੋਰ

-ਅਗਲੇ ਦਿਨਾਂ ’ਚ ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ’ਤੇ ਪੁਲਿਸ ਪ੍ਰਸ਼ਾਸਨ ਕੱਸੇਗਾ ਸ਼ਿਕੰਜਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਚਾਈਨਾ ਡੋਰ ਕਾਰਨ ਵਾਪਰ ਰਹੀਆਂ ਲਗਾਤਾਰ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਪ੍ਰਸ਼ਾਸਨ ਨੇ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਅਗਲੇ ਦਿਨਾਂ ਵਿੱਚ ਚਾਈਨਾ ਡੋਰ ਵੇਚਣ, ਖਰੀਦਣ ਅਤੇ ਵਰਤਣ ਵਾਲਿਆਂ ਉੱਤੇ ਨਕੇਲ ਕਸਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਚਾਈਨਾ ਡੋਰ ਨਾ ਸਿਰਫ਼ ਪੰਛੀਆਂ ਲਈ ਮੌਤ ਦਾ ਕਾਰਨ ਬਣ ਰਹੀ ਹੈ, ਸਗੋਂ ਇਹ ਮਨੁੱਖੀ ਜਾਨਾਂ ਲਈ ਵੀ ਵੱਡਾ ਖ਼ਤਰਾ ਸਾਬਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਤਿਉਹਾਰੀ ਮੌਸਮ ਖ਼ਾਸ ਕਰਕੇ ਬਸੰਤ ਪੰਚਵੀਂ ਦੇ ਆਸ-ਪਾਸ ਚਾਇਨਾ ਡੋਰ ਦੀ ਵਰਤੋਂ ਵਧ ਜਾਂਦੀ ਹੈ। ਇਹ ਡੋਰ ਨਾਇਲੋਨ ਅਤੇ ਰਸਾਇਣਕ ਪਦਾਰਥਾਂ ਨਾਲ ਬਣੀ ਹੋਣ ਕਰਕੇ ਬਹੁਤ ਤੇਜ਼ ਅਤੇ ਘਾਤਕ ਹੁੰਦੀ ਹੈ। ਇਸ ਕਾਰਨ ਅਨੇਕਾਂ ਪੰਛੀਆਂ ਅਤੇ ਮਨੁੱਖਾਂ ਦੀਆਂ ਗਰਦਨਾਂ ਕੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਵਾਰ ਬੇਜ਼ੁਬਾਨ ਪੰਛੀ ਰੁੱਖਾਂ, ਬਿਜਲੀ ਦੀਆਂ ਤਾਰਾਂ ਜਾਂ ਇਮਾਰਤਾਂ ਵਿਚ ਫਸ ਕੇ ਤੜਫ਼-ਤੜਫ਼ ਕੇ ਆਪਣੀ ਜਾਨ ਗੁਆ ਬੈਠਦੇ ਹਨ, ਜੋ ਮਨੁੱਖਤਾ ਲਈ ਸ਼ਰਮਨਾਕ ਗੱਲ ਹੈ। ਚਾਇਨਾ ਡੋਰ ਨਾਲ ਸਿਰਫ਼ ਪੰਛੀ ਹੀ ਨਹੀਂ, ਸਗੋਂ ਆਮ ਲੋਕ ਵੀ ਅਸੁਰੱਖਿਅਤ ਹਨ। ਖ਼ਾਸ ਕਰਕੇ ਦੋ ਪਹੀਆ ਵਾਹਨਾਂ ’ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਇਹ ਡੋਰ ਮੌਤ ਦਾ ਫੰਦਾ ਬਣ ਸਕਦੀ ਹੈ। ਕਈ ਮਾਮਲਿਆਂ ਵਿੱਚ ਇਹ ਡੋਰ ਗਲ, ਚਿਹਰੇ ਜਾਂ ਹੱਥਾਂ ’ਤੇ ਵੱਜਣ ਨਾਲ ਗੰਭੀਰ ਜ਼ਖ਼ਮ ਹੋਏ ਹਨ ਅਤੇ ਕੁਝ ਹਾਦਸਿਆਂ ਵਿੱਚ ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਬੱਚੇ ਵੀ ਇਸ ਡੋਰ ਨਾਲ ਜ਼ਖ਼ਮੀ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਐੱਸਐੱਸਪੀ ਅਮਨੀਤ ਕੌਂਡਲ ਮੁਤਾਬਕ ਚਾਇਨਾ ਡੋਰ ਦੀ ਵਿਕਰੀ ਅਤੇ ਵਰਤੋਂ ’ਤੇ ਕਾਨੂੰਨ ਤਹਿਤ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਹੈ। ਇਸ ਦੇ ਬਾਵਜੂਦ ਕੁਝ ਲਾਲਚੀ ਦੁਕਾਨਦਾਰ ਅਤੇ ਵਿਅਕਤੀ ਗੁਪਤ ਤੌਰ ’ਤੇ ਇਸ ਦੀ ਵਿਕਰੀ ਕਰ ਰਹੇ ਹਨ। ਹੁਣ ਪੁਲਿਸ ਵੱਲੋਂ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖ਼ਾਸ ਟੀਮਾਂ ਬਣਾਈਆਂ ਜਾ ਰਹੀਆਂ ਹਨ ਜੋ ਮਾਰਕੀਟਾਂ, ਦੁਕਾਨਾਂ ਅਤੇ ਗੋਦਾਮਾਂ ’ਚ ਛਾਪੇਮਾਰੀ ਕਰਨਗੀਆਂ।
ਜੇਕਰ ਕੋਈ ਵਿਅਕਤੀ ਚਾਇਨਾ ਡੋਰ ਵੇਚਦਾ ਜਾਂ ਵਰਤਦਾ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਚਾਇਨਾ ਡੋਰ ਵੇਚਣ ਤੋਂ ਤੁਰੰਤ ਬਚਣ। ਨਾਲ ਹੀ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀ ਖ਼ਤਰਨਾਕ ਡੋਰ ਦੀ ਵਰਤੋਂ ਤੋਂ ਰੋਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਤੇ ਪਰੰਪਰਾਗਤ ਸੂਤੀ ਡੋਰ ਵਰਤਣ ਲਈ ਪ੍ਰੇਰਿਤ ਕਰਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚਾਇਨਾ ਡੋਰ ਵਿਰੁੱਧ ਮੁਹਿੰਮ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਕੋਈ ਵਿਅਕਤੀ ਚਾਈਨਾ ਡੋਰ ਦੀ ਵਿਕਰੀ ਜਾਂ ਵਰਤੋਂ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਪੁਲਿਸ ਅਤੇ ਸਮਾਜਿਕ ਸੰਸਥਾਵਾਂ ਦਾ ਮੰਨਣਾ ਹੈ ਕਿ ਜੇਕਰ ਲੋਕ ਸਹਿਯੋਗ ਕਰਨ ਅਤੇ ਚਾਈਨਾ ਡੋਰ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਤਿਆਗ ਦੇਣ, ਤਾਂ ਨਾ ਸਿਰਫ਼ ਅਨੇਕਾਂ ਬੇਜ਼ੁਬਾਨ ਪੰਛੀਆਂ ਦੀ ਜਾਨ ਬਚਾਈ ਜਾ ਸਕਦੀ ਹੈ, ਸਗੋਂ ਮਨੁੱਖੀ ਜਾਨਾਂ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਜੱਬਰ ਖਾਨ ਚਾਇਨਾਂ ਡੋਰ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸਦੇ ਗਲੇ ਵਿਚ 7 ਟਾਂਕੇ ਲੱਗੇ ਹਨ।
-ਬਾਕਸ-
-ਡੋਰ ਦੀ ਲਪੇਟ ’ਚ ਆਏ ਲੋਕਾਂ ਵਿਚ ਅਜੇ ਵੀ ਹੈ ਖ਼ੌਫ਼
ਸ਼ਹਿਰ ਦੇ ਵਾਸੀ ਹਰਮੰਦਰ ਸਿੰਘ ਨੇ ਦੱਸਿਆ ਕਿ ਚਾਇਨਾ ਡੋਰ ਦੀ ਲਪੇਟ 'ਚ ਆਉਣ ਨਾਲ ਉਸ ਦੀ ਉਂਗਲੀ ਕੱਟ ਗਈ ਸੀ, ਜਿਸ ਕਾਰਨ ਉਸਦੇ ਦਿਲ ਵਿਚ ਡਰ ਬੈਠ ਗਿਆ। ਬੜੀ ਮੁਸ਼ਕਲ ਨਾਲ ਉਸ ਨੇ ਆਪਣੀ ਜ਼ਿੰਦਗੀ ਨੂੰ ਲੀਹ 'ਤੇ ਲਿਆਂਦਾ। ਜਦੋਂ ਹਾਦਸਾ ਵਾਪਰਿਆ ਤਾਂ ਉਹ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਕਿਹਾ ਕਿ ਉਸ ਦੀ ਉਂਗਲੀ ਕੱਟਣੀ ਪਵੇਗੀ। ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਉਂਗਲੀ ਕੱਟਣ ਦਾ ਫੈਸਲਾ ਕੀਤਾ ਗਿਆ। ਹੁਣ ਉਹ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਹੈ, ਪਰ ਲੋਕਾਂ ਨੂੰ ਅਪੀਲ ਹੈ ਕਿ ਉਹ ਖੂਨੀ ਡੋਰ ਦੀ ਵਰਤੋਂ ਨਾਂ ਕੀਤੀ ਜਾਵੇ।
-ਬਾਕਸ-
ਬਸੰਤ ਵਿਹਾਰ ਵਿਚ ਵੀ ਇਕ ਬੱਚਾ ਯੁਵਰਾਜ ਚਾਇਨਾ ਦੀ ਡੋਰ ਦੀ ਚਪੇਟ ’ਚ ਆ ਗਿਆ ਸੀ। ਉਹ ਇਨ੍ਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਕਿ ਉਸ ਦੇ 18 ਟਾਂਕੇ ਲੱਗੇ ਸਨ। ਬੱਚੇ ਦੇ ਪਿਤਾ ਨਿਤਨ ਬਾਂਸਲ ਨੇ ਦੱਸਿਆ ਕਿ ਡਾਕਟਰਾਂ ਨੇ ਇਕ ਵਾਰ ਜਵਾਬ ਦੇ ਦਿੱਤਾ ਸੀ। ਉਸ ਸਮੇਂ ਲੱਗਾ ਸੀ ਜਿਵੇਂ ਸਾਰੀ ਦੁਨੀਆਂ ਖ਼ਤਮ ਹੋ ਗਈ ਹੋਵੇ। ਬੜੀ ਮੁਸ਼ਕਲ ਨਾਲ ਬੱਚੇ ਦਾ ਇਲਾਜ ਕੀਤਾ ਗਿਆ ਅਤੇ ਉਸ ਦੀ ਜਾਨ ਬਚ ਗਈ। ਹੁਣ ਜੇਕਰ ਕਿਤੇ ਵੀ ਡੋਰ ਮਿਲਦੀ ਹੈ ਤਾਂ ਉਹ ਉਸ ਨੂੰ ਇਕੱਠਾ ਕਰਕੇ ਸਾੜ ਦਿੰਦਾ ਹੈ। ਹੁਣ ਚਾਇਨਾ ਡਰੋ ਨੂੰ ਦੇਖ ਕੇ ਡਰ ਲੱਗਦਾ ਹੈ ਅਤੇ ਉਸਦੀਆਂ ਅੱਖਾਂ ਅੱਗੇ ਬੱਚੇ ਦੇ ਜਖਮੀ ਹੋਣ ਵਾਲਾ ਸੀਨ ਆ ਜਾਂਦਾ ਹੈ। ਉਸਨੇ ਕਿਹਾ ਕਿ ਇਸ ਡੋਰ ’ਤੇ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ।
-ਬਾਕਸ-
ਕਲਕੱਤਾ ਗਲੀ ਦਾ ਡਾ. ਹੇਮਰਾਜ ਸਕੂਟਰ 'ਤੇ ਜਾਂਦੇ ਸਮੇਂ ਚਾਇਨਾ ਦੀ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ ਸੀ, ਜਿਸ ’ਤੇ ਕਈ ਟਾਂਕੇ ਲੱਗੇ ਸਨ। ਉਸਦਾ ਕਹਿਣਾ ਹੈ ਕਿ ਹੁਣ ਜਦੋਂ ਵੀ ਡੋਰ ਦੇਖਦਾ ਹੈ ਤਾਂ ਉਸ ਸਮੇਂ ਦਾ ਸਾਰਾ ਸੀਨ ਉਸਦੀਆਂ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ। ਉਸਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੂੰ ਸਖਤੀ ਨਾਲ ਇਸ ਖੂਨੀ ਡੋਰ ‘ਤੇ ਪਾਬੰਦੀ ਲਗਾਉਦੀ ਚਾਹੀਦੀ ਹੈ। ਹੁਣ ਉਹ ਇਸ ਖੂਨੀ ਡੋਰ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ। ਜਿਵੇਂ-ਜਿਵੇਂ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆਉਂਦਾ ਹੈ, ਉਹ ਲੋਕਾਂ ਨੂੰ ਇਸ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਲਈ ਕਹਿੰਦਾ ਹੈ। ਉਸਨੇ ਕਿਹਾ ਲੋਕਾਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਅਜਿਹੀ ਡੋਰ ਤੋਂ ਦੂਰ ਰੱਖਣਾ ਚਾਹੀਦਾ ਹੈ।
ਗੋਪਾਲ ਕਪੂਰ ਦਾ ਚਾਈਨਾ ਡੋਰ ਦੀ ਚਪੇਟ ’ਚ ਆਉਣ ਨਾਲ ਗਲਾ ਵੱਢਿਆ ਗਿਆ ਸੀ, ਪਰ ਇਸ ਹਾਦਸੇ ਤੋਂ ਉਭਰਨ ਤੋਂ ਬਾਅਦ ਉਸਨੇ ਖੂਨੀ ਡੋਰ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਕਿਤੇ ਚਾਇਨਾ ਡੋਰ ਮਿਲਦੀ ਹੈ ਤਾਂ ਉਹ ਇਸ ਨੂੰ ਇਧਰ-ਉਧਰ ਲਟਕਦਾ ਛੱਡਣ ਦੀ ਬਜਾਏ ਉਸ ਨੂੰ ਇਕੱਠਾ ਕਰਕੇ ਸਾੜ ਦਿੰਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਡੋਰ ਇੰਨੀ ਖ਼ਤਰਨਾਕ ਹੈ ਕਿ ਇਹ ਕਿਸੇ ਵੀ ਸਮੇਂ ਕਿਸੇ ਦੀ ਵੀ ਜਾਨ ਲੈ ਸਕਦੀ ਹੈ। ਉਸਦਾ ਕਹਿਣਾ ਸੀ ਕਿ ਅੱਜ ਉਸ ਸਮੇਂ ਦਾ ਮੰਜ਼ਰ ਉਸਦੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ।