ਵੱਡੀ ਮਾਤਰਾ ’ਚ ਹੈਰੋਇਨ ਤੇ ਪਾਬੰਦੀਸ਼ੁਦਾ ਪਦਾਰਥਾਂ ਸਣੇ 12 ਜਣੇ ਕਾਬੂ
ਭਾਰੀ ਮਾਤਰਾ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਮੇਤ 12 ਗ੍ਰਿਫਤਾਰ
Publish Date: Tue, 06 Jan 2026 04:28 PM (IST)
Updated Date: Wed, 07 Jan 2026 04:00 AM (IST)

-171 ਗ੍ਰਾਮ ਹੈਰੋਇਨ ਤੇ 30 ਪਾਬੰਦੀਸ਼ੁਦਾ ਕੈਪਸੂਲ ਕੀਤੇ ਬਰਾਮਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਬਠਿੰਡਾ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ’ਚ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਣੇ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ ਕੁੱਲ 171 ਗ੍ਰਾਮ ਹੈਰੋਇਨ ਤੇ 30 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਹਨ। ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ, ਜੋ ਨਸ਼ਾ ਕਰਦਾ ਹੋਇਆ ਫੜਿਆ ਗਿਆ। ਉਸ ਕੋਲੋਂ ਪੁਲਿਸ ਨੇ ਇਕ ਲਾਈਟਰ, ਸਿਲਵਰ ਪੇਪਰ ਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਿਲ ਲਾਈਨ ਪੁਲਿਸ ਨੇ ਜਲੇਬੀ ਚੌਕ ਨੇੜੇ ਇਕ ਬੁਲਟ ਮੋਟਰਸਾਈਕਲ ਨੰਬਰ ਪੀਬੀ-35-ਏਈ-6276 ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨਾਂ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਪਿੰਡ ਸੀਗੀਆਂ ਤੇ ਹਰਕਮਲ ਸਿੰਘ ਵਾਸੀ ਪਰਸਰਾਮਨਾ ਅਗਰ, ਬਠਿੰਡਾ ਵਜੋਂ ਹੋਈ ਹੈ। ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਰੇਲਵੇ ਕੁਆਰਟਰਾਂ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਮੋਨੂ ਸਿੰਘ ਵਾਸੀ ਸੁਰਖ ਪੀਰ ਰੋਡ, ਬਠਿੰਡਾ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿੱਚ ਕੈਨਾਲ ਕਲੋਨੀ ਪੁਲਿਸ ਨੇ ਕਿਸਾਨ ਚੌਕ ’ਚ ਸ਼ੱਕ ਪੈਣ ’ਤੇ ਇਕ ਵਿਅਕਤੀ ਦੀ ਤਲਾਸ਼ੀ ਲਈ, ਜਿਸ ਕੋਲੋਂ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਪਿੰਡ ਮਿਆਣੀ, ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ। ਸੀਆਈਏ ਸਟਾਫ-2 ਦੀ ਪੁਲਿਸ ਨੇ ਰਿੰਗ ਰੋਡ ’ਤੇ ਇੱਕ ਸ਼ੱਕੀ ਫਿਗੋ ਕਾਰ ਨੰਬਰ ਐੱਚਆਰ-12-ਬੀ-1255 ਨੂੰ ਰੋਕ ਕੇ ਤਲਾਸ਼ੀ ਲਈ। ਕਾਰ ਵਿੱਚ ਸਵਾਰ ਦੋ ਵਿਅਕਤੀਆਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵੇਂ ਮੁਲਜ਼ਮਾਂ ਦੀ ਪਛਾਣ ਪ੍ਰਿੰਸ ਵਾਸੀ ਚੰਦਸਰਸ ਬਸਤੀ ਤੇ ਰਣਜੀਤ ਸਿੰਘ ਵਾਸੀ ਪਿੰਡ ਚੱਕ ਅਤਰ ਸਿੰਘ ਵਾਲਾ ਵਜੋਂ ਹੋਈ ਹੈ। ਥਾਣਾ ਥਰਮਲ ਬਠਿੰਡਾ ਦੀ ਪੁਲਿਸ ਨੇ ਝੀਲ ਨੰਬਰ-1 ਨੇੜੇ ਸੁਮਿਤ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 2.9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ’ਤੇ ਪਿੰਡ ਬੀੜ ਤਲਾਬ ਵਿੱਚ ਛਾਪੇਮਾਰੀ ਕਰਦਿਆਂ ਗੁਰਦੀਪ ਸਿੰਘ ਵਾਸੀ ਬੀੜ ਤਲਾਬ ਤੇ ਈਸ਼ਵਰ ਸਿੰਘ ਵਾਸੀ ਪਿੰਡ ਕੱਟਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਗੁਰੂਸਰ ਲਿੰਕ ਰੋਡ ਤੋਂ ਬਲਵਿੰਦਰ ਸਿੰਘ ਵਾਸੀ ਲੀਲੇਵਾਲਾ ਨੂੰ 30 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ। ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿੰਡ ਰਾਮਾ ਵਿੱਚ ਛਾਪੇਮਾਰੀ ਦੌਰਾਨ ਸੰਦੀਪ ਸਿੰਘ ਵਾਸੀ ਗਹਿਨਾ ਨੂੰ 12 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਨੰਦਗੜ੍ਹ ਦੀ ਪੁਲਿਸ ਨੇ ਰਾਜਪਾਲ ਸਿੰਘ ਵਾਸੀ ਪਿੰਡ ਬਾਜਕ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਲਾਈਟਰ, ਸਿਲਵਰ ਪੇਪਰ ਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਵੱਖ-ਵੱਖ ਕੇਸ ਦਰਜ ਕਰ ਲਏ ਹਨ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਨਸ਼ਾ ਤਸਕਰੀ ਦੇ ਨੈੱਟਵਰਕ ਬਾਰੇ ਹੋਰ ਖੁਲਾਸੇ ਹੋ ਸਕਣ।