ਭਾਰਤ-ਅਮਰੀਕਾ ਟ੍ਰੇਡ ਸਮਝੌਤੇ ਦੇ ਵਿਰੋਧ ’ਚ ਫੂਕੀਆਂ ਕਾਪੀਆਂ
ਭਾਰਤ–ਅਮਰੀਕਾ ਟ੍ਰੇਡ ਸਮਝੌਤੇ ਦੇ ਵਿਰੋਧ ‘ਚ ਕਾਪੀਆਂ ਸਾੜੀਆਂ
Publish Date: Mon, 16 Feb 2026 04:48 PM (IST)
Updated Date: Tue, 17 Feb 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਭਾਰਤ–ਅਮਰੀਕਾ ਟ੍ਰੇਡ ਸਮਝੌਤੇ ਦੇ ਵਿਰੋਧ ਵਿਚ ਬਠਿੰਡਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿਚ ਵਿਆਪਕ ਰੋਸ ਮੁਜ਼ਾਹਰੇ ਕੀਤੇ ਗਏ। ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਕਿਸਾਨਾਂ, ਕਿਸਾਨ ਮਹਿਲਾਵਾਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਮਝੌਤੇ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਇਸ ਸਮਝੌਤੇ ਤਹਿਤ ਵੱਖ-ਵੱਖ ਖੇਤੀਬਾੜੀ ਜਿੰਸਾਂ ਨੂੰ 0 ਫੀਸਦੀ ਟੈਕਸ ‘ਤੇ ਆਯਾਤ ਕਰਨ ਦੀ ਇਜਾਜ਼ਤ ਦੇਣ ਨਾਲ ਭਾਰਤੀ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਦਲੀਲ ਦਿੱਤੀ ਕਿ ਭਾਵੇਂ ਕੇਂਦਰ ਸਰਕਾਰ ਅਤੇ ਭਾਜਪਾ ਆਗੂ ਦਾਅਵਾ ਕਰ ਰਹੇ ਹਨ ਕਿ ਇਸ ਨਾਲ ਭਾਰਤੀ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਪਰ ਜਦੋਂ ਅਮਰੀਕਾ ਤੋਂ ਸਬਸਿਡੀ ਪ੍ਰਾਪਤ ਸਸਤੀਆਂ ਜਿੰਸਾਂ ਭਾਰਤੀ ਬਾਜ਼ਾਰ ਵਿਚ ਆਉਣਗੀਆਂ ਤਾਂ ਮਹਿੰਗੀ ਦੇਸੀ ਪੈਦਾਵਾਰ ਕੌਣ ਖਰੀਦੇਗਾ।। ਯੂਨੀਅਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਅਤੇ ਅਜਿਹੇ ਕਿਸੇ ਵੀ ਸਮਝੌਤੇ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ ਕਦੇ ਵੀ ਸਫਲ ਨਹੀਂ ਹੋਣਗੀਆਂ ਅਤੇ ਕਿਸਾਨ ਇਕਜੁੱਟ ਹੋ ਕੇ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਮਝੌਤਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅੰਗਰੇਜ਼ ਸਿੰਘ ਕਲਿਆਣ, ਦਰਸ਼ਨ ਸਿੰਘ ਬੱਜੂਆਣਾ ਬਲਵਿੰਦਰ ਸਿੰਘ ਜੋਧਪੁਰ, ਮਹਿਮਾ ਸਿੰਘ ਤਲਵੰਡੀ ਸਾਬੋ, ਸੁਖਦੇਵ ਸਿੰਘ ਫੂਲ, ਕੁਲਵੰਤ ਸਿੰਘ, ਨਿਜਾਵਾਲਾ ਸਿੰਘ ਭਗਤਾ ਗੁਰਜੰਟ ਸਿੰਘ ਭਗਤਾ, ਦੀਪੂ ਸਿੰਘ ਮੰਡੀ ਕਲਾਂ, ਗੁਰਦੀਪ ਸਿੰਘ ਮਹਿਮਾ ਸਰਜਾ, ਬੀਰਾ ਸਿੰਘ ਮਹਿਤਾ, ਜਸਬੀਰ ਸਿੰਘ ਨੰਦਗੜ੍ਹ ਆਦਿ ਬਲਾਕ ਆਗੂਆਂ ਨੇ ਆਪਣੇ ਪਿੰਡਾਂ ਵਿਚ ਕਾਪੀਆਂ ਸਾੜ ਕੇ ਡੱਟ ਕੇ ਵਿਰੋਧ ਕੀਤਾ।