- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਰੂਪ ਚੰਦ ਦੀ ਯਾਦ ਵਿੱਚ ਯਾਦਗਾਰ ਬਣਾਉਣ ਦੀ ਮੰਗ, ਭੱਲਾ ਨੇ ਸਰਕਾਰ ਕੋਲ ਮਾਮਲਾ ਉਠਾਉਣ ਦਾ ਦਿੱਤਾ ਭਰੋਸਾ

-ਚੇਅਰਮੈਨ ਭੱਲਾ ਨੇ ਉਕਤ ਮਾਮਲਾ ਸਰਕਾਰ ਕੋਲ ਪਹੁੰਚਾਉਣ ਦਾ ਦਿੱਤਾ ਲੋਕਾਂ ਨੂੰ ਭਰੋਸਾ
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ
ਭਾਈਰੂਪਾ ਵਿਖੇ ਕਰਵਾਏ ਗਏ ਇਕ ਖੇਡ ਟੂਰਨਾਮੈਂਟ ਦੌਰਾਨ ਪਿੰਡ ਦੀ ਇਤਿਹਾਸਕ ਵਿਰਾਸਤ ਅਤੇ ਮਹਾਨ ਸ਼ਖਸੀਅਤ ਭਾਈ ਰੂਪ ਚੰਦ ਦੀ ਯਾਦ ਵਿੱਚ ਯਾਦਗਾਰ ਬਣਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉੱਠੀ। ਇਸ ਮੌਕੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਕਿਹਾ ਕਿ ਭਾਈ ਰੂਪ ਚੰਦ ਨੇ ਪਿੰਡ ਅਤੇ ਇਲਾਕੇ ਦੀ ਪਛਾਣ ਨੂੰ ਵਿਸ਼ੇਸ਼ ਮਕਾਮ ਤਕ ਪਹੁੰਚਾਇਆ ਸੀ, ਪਰ ਅਫ਼ਸੋਸ ਹੈ ਕਿ ਅੱਜ ਤਕ ਉਨ੍ਹਾਂ ਦੀ ਯਾਦਗਾਰ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ਭਾਈਰੂਪਾ ਸਿਰਫ਼ ਇੱਕ ਆਮ ਪਿੰਡ ਨਹੀਂ, ਸਗੋਂ ਇਤਿਹਾਸਕ ਅਤੇ ਸਮਾਜਿਕ ਤੌਰ ’ਤੇ ਮਹੱਤਵਪੂਰਨ ਥਾਂ ਹੈ। ਇਥੋਂ ਦੀ ਧਰਤੀ ਨੇ ਕਈ ਮਹਾਨ ਹਸਤੀਆਂ ਨੂੰ ਜਨਮ ਦਿੱਤਾ ਹੈ। ਭਾਈ ਰੂਪ ਚੰਦ ਦੀ ਯਾਦ ਵਿੱਚ ਇਕ ਸ਼ਾਨਦਾਰ ਯਾਦਗਾਰ ਬਣਾਉਣ ਨਾਲ ਨਾ ਸਿਰਫ਼ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ, ਸਗੋਂ ਪਿੰਡ ਦੀ ਇਤਿਹਾਸਕ ਪਛਾਣ ਵੀ ਮਜ਼ਬੂਤ ਹੋਵੇਗੀ। ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੰਗ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਈ ਰੂਪ ਚੰਦ ਦੇ ਮਾਣ-ਸਨਮਾਨ ਵਿੱਚ ਯਾਦਗਾਰ ਬਣਾਉਣ ਲਈ ਮਾਮਲਾ ਪੰਜਾਬ ਸਰਕਾਰ ਕੋਲ ਜ਼ਰੂਰ ਉਠਾਇਆ ਜਾਵੇਗਾ ਅਤੇ ਜਲਦ ਹੀ ਇਸ ਸਬੰਧੀ ਢੁੱਕਵੇਂ ਕਦਮ ਚੁੱਕੇ ਜਾਣਗੇ। ਭੱਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਈਰੂਪਾ ਪਿੰਡ ਬਹੁਤ ਹੀ ਇਤਿਹਾਸਕ ਮਹੱਤਤਾ ਰੱਖਦਾ ਹੈ, ਪਰ ਪਿਛਲੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਕਦੇ ਵੀ ਇਸ ਪਿੰਡ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਲਾਂ ਤੱਕ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ, ਜਿਸ ਕਾਰਨ ਕਈ ਵਿਕਾਸੀ ਯੋਜਨਾਵਾਂ ਅਧੂਰੀਆਂ ਰਹਿ ਗਈਆਂ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਆਪ ਸਰਕਾਰ ਸਮਾਨ ਵਿਕਾਸ ਦੀ ਨੀਤੀ ’ਤੇ ਕੰਮ ਕਰ ਰਹੀ ਹੈ ਅਤੇ ਪਿੰਡਾਂ ਨੂੰ ਵੀ ਸ਼ਹਿਰਾਂ ਵਾਂਗ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਈਰੂਪਾ ਵਰਗੇ ਇਤਿਹਾਸਕ ਪਿੰਡਾਂ ਦੀ ਸੰਭਾਲ ਅਤੇ ਵਿਕਾਸ ਸਰਕਾਰ ਦੀ ਪ੍ਰਾਥਮਿਕਤਾ ਹੈ। ਯਾਦਗਾਰ ਬਣਾਉਣ ਦੇ ਨਾਲ-ਨਾਲ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੀ ਯਤਨ ਕੀਤੇ ਜਾਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਖੇਡ ਪ੍ਰੇਮੀ ਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਮੌਜੂਦ ਸਨ। ਲੋਕਾਂ ਨੇ ਇੱਕਸੁਰ ਵਿੱਚ ਭਾਈ ਰੂਪ ਚੰਦ ਦੀ ਯਾਦ ਵਿੱਚ ਯਾਦਗਾਰ ਬਣਾਉਣ ਦੀ ਮੰਗ ਦਾ ਸਮਰਥਨ ਕੀਤਾ ਅਤੇ ਆਸ ਜਤਾਈ ਕਿ ਸਰਕਾਰ ਜਲਦ ਹੀ ਇਸ ਸਬੰਧੀ ਸਕਾਰਾਤਮਕ ਫ਼ੈਸਲਾ ਲਵੇਗੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਯਾਦਗਾਰ ਬਣਦੀ ਹੈ ਤਾਂ ਇਹ ਸਿਰਫ਼ ਇੱਕ ਸਮਾਰਕ ਨਹੀਂ ਹੋਵੇਗੀ, ਸਗੋਂ ਪਿੰਡ ਦੀ ਸ਼ਾਨ ਅਤੇ ਇਤਿਹਾਸ ਦੀ ਨਿਸ਼ਾਨੀ ਬਣੇਗੀ। ਇਸ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਮੌਕਾ ਮਿਲੇਗਾ ਅਤੇ ਭਾਈ ਰੂਪ ਚੰਦ ਦੀ ਸੇਵਾਵਾਂ ਨੂੰ ਸਦਾ ਲਈ ਯਾਦ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਪ੍ਰਧਾਨ ਜਰਨੈਲ ਸਿੰਘ, ਮਾਸਟਰ ਬਹਾਲ ਸਿੰਘ,ਰਾਜ ਸਿੰਘ ਐਲਆਰਆਈ, ਸੀਰਾ ਸਿੰਘ, ਜਸਵੀਰ ਸਿੰਘ ਅਤੇ ਜਗਤਾਰ ਸਿੰਘ ਹਾਜ਼ਰ ਸਨ।