- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀੜ ਤਲਾਬ ਵਿੱਚ ਖੁੱਲ੍ਹੇਆਮ ਵਿਕ ਰਿਹਾ ‘ਚਿੱਟਾ’, ਵਾਇਰਲ ਵੀਡੀਓ ਨੇ ਬਠਿੰਡਾ ਪੁਲਿਸ ਦੇ ਦਾਵਿਆਂ ਦੀ ਖੋਲੀ ਪੋਲ

-ਨਸ਼ੇ ਵੇਚਣ ਤੇ ਨੌਜਵਾਨਾਂ ਵੱਲੋਂ ਟੀਕੇ ਲਾਉਣ ਦੀਆਂ ਵਾਇਰਲ ਵੀਡੀਓਜ਼ ਤੋਂ ਆਮ ਲੋਕ ਪਰੇਸ਼ਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਜ਼ਿਲ੍ਹੇ ਵਿਚ ਨਸ਼ੇ ਖ਼ਿਲਾਫ਼ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਵਿਆਂ ਦੀ ਹਕੀਕਤ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਥਾਣਾ ਸਦਰ ਖੇਤਰ ਦੇ ਬੀੜ ਤਲਾਬ ਇਲਾਕੇ ਵਿਚ ਖੁੱਲ੍ਹੇਆਮ ਚਿੱਟਾ ਵੇਚੇ ਜਾਣ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਰ ਰੋਜ਼ ਨਸ਼ਾ ਵੇਚਣ, ਖਰੀਦਣ ਅਤੇ ਵਰਤਣ ਨਾਲ ਸਬੰਧਤ ਵੀਡੀਓ ਸਾਹਮਣੇ ਆ ਰਹੀਆਂ ਹਨ, ਪਰ ਇਸ ਦੇ ਬਾਵਜੂਦ “ਨਸ਼ਾ ਮੁਕਤ ਜ਼ਿਲ੍ਹਾ” ਬਣਾਉਣ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਮੰਗਲਵਾਰ ਸਵੇਰੇ ਵਾਇਰਲ ਹੋਈ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਮੋਟਰਸਾਈਕਲ ਸਵਾਰ ਨੌਜਵਾਨ ਖੁੱਲ੍ਹੇਆਮ ਨਸ਼ੇ ਦੀ ਪੁੜੀ ਵੇਚ ਰਿਹਾ ਹੈ। ਵੀਡੀਓ ਵਿਚ ਇਕ ਹੋਰ ਨੌਜਵਾਨ ਨਸ਼ਾ ਲੈਂਦੇ ਹੋਏ ਕਹਿੰਦਾ ਸੁਣਾਈ ਦਿੰਦਾ ਹੈ, “ਥੋੜ੍ਹਾ ਹੋਰ ਦੇ ਦਿਓ, ਅਸੀਂ ਬਹੁਤ ਲੋਕ ਹਾਂ।” ਇਸ ’ਤੇ ਤਸਕਰ ਬੇਖ਼ੌਫ਼ ਅੰਦਾਜ਼ ਵਿੱਚ ਜਵਾਬ ਦਿੰਦਾ ਹੈ, “ਇੰਨਾ ਹੀ ਮਿਲੇਗਾ, ਚਾਹੇ ਪੰਜਾਹ ਬੰਦੇ ਹੋਣ।”
ਇਹ ਗੱਲਬਾਤ ਨਾ ਸਿਰਫ਼ ਤਸਕਰਾਂ ਦੀ ਬੇਖੌਫ ਮਨੋਵਿਰਤੀ ਦਰਸਾਉਂਦੀ ਹੈ, ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਉਨ੍ਹਾਂ ਨੂੰ ਕਾਨੂੰਨ ਜਾਂ ਪੁਲਿਸ ਦਾ ਕੋਈ ਡਰ ਨਹੀਂ। ਨਸ਼ੇ ਵਿਕਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਇੱਕ ਦਿਨ ਪਹਿਲਾਂ ਵੀ ਬੀੜ ਤਲਾਬ ਦੇ ਖੇਤਾਂ ਵਿੱਚ ਸਰੇਆਮ ਨਸ਼ਾ ਵੇਚਣ ਦੀ ਵੀਡੀਓ ਸਾਹਮਣੇ ਆਈ ਸੀ। ਸਥਾਨਕ ਲੋਕਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਵਧ ਰਹੀ ਹੈ। ਲੋਕਾਂ ਦੇ ਅਨੁਸਾਰ ਪੁਲਿਸ ਦੀ ਗਸ਼ਤ ਸਿਰਫ਼ ਕਾਗਜ਼ੀ ਕਾਰਵਾਈ ਅਤੇ ਸੋਸ਼ਲ ਮੀਡੀਆ ਪੋਸਟਾਂ ਤਕ ਸੀਮਤ ਰਹਿ ਗਈ ਹੈ। ਜਦੋਂ ਤਕ ਕੋਈ ਵੀਡੀਓ ਵਾਇਰਲ ਨਹੀਂ ਹੁੰਦੀ, ਤਦ ਤਕ ਥਾਣਾ ਸਦਰ ਪੁਲਿਸ ਗੰਭੀਰਤਾ ਨਹੀਂ ਦਿਖਾਉਂਦੀ। ਬੀੜ ਤਲਾਬ ਨਸ਼ਾ ਮੁਕਤੀ ਕਮੇਟੀ ਦੇ ਮੈਂਬਰ ਵਿਜੈ ਸਿੰਘ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੋ ਲੋਕ ਨਸ਼ਾ ਤਸਕਰਾਂ ਦੀ ਵੀਡੀਓ ਬਣਾ ਕੇ ਸੱਚ ਸਾਹਮਣੇ ਲਿਆਉਂਦੇ ਹਨ, ਉਹੀ ਲੋਕ ਤਸਕਰਾਂ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਅਜਿਹੇ ਲੋਕਾਂ ਨੂੰ ਖੁੱਲ੍ਹੇਆਮ ਧਮਕੀਆਂ ਦਿੰਦੇ ਹਨ। ਵਿਜੈ ਸਿੰਘ ਖੁਦ ਪਹਿਲਾਂ ਵੀ ਨਸ਼ਾ ਤਸਕਰਾਂ ਦੇ ਜਾਨ ਲੇਵਾ ਹਮਲੇ ਦਾ ਸ਼ਿਕਾਰ ਹੋ ਚੁੱਕੇ ਹਨ, ਪਰ ਨਾ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਈ ਤੇ ਨਾ ਹੀ ਸ਼ਿਕਾਇਤਕਰਤਾਵਾਂ ਨੂੰ ਯੋਗ ਸੁਰੱਖਿਆ ਦਿੱਤੀ। ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬੀੜ ਤਲਾਬ ਖੇਤਰ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਠੋਸ ਅਤੇ ਸਥਾਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਭਾਰੀ ਪੁਲਿਸ ਬਲ ਇਲਾਕੇ ਵਿੱਚ ਆਉਂਦਾ ਹੈ, ਤਾਂ ਕੁਝ ਸਮੇਂ ਲਈ ਤਸਕਰ ਇੱਧਰ ਉੱਧਰ ਹੋ ਜਾਂਦੇ ਹਨ, ਪਰ ਜਿਵੇਂ ਹੀ ਪੁਲਿਸ ਉਥੋਂ ਚਲੀ ਜਾਂਦੀ ਹੈ ਤਾਂ ਨਸ਼ੇ ਦਾ ਕਾਰੋਬਾਰ ਮੁੜ ਸ਼ੁਰੂ ਹੋ ਜਾਂਦਾ ਹੈ। ਇਸ ਸਬੰਧੀ ਜਦੋਂ ਥਾਣਾ ਸਦਰ ਦੇ ਐਸਐਚਓ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਪੁਲਿਸ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰ ਰਹੀ ਹੈ।
ਹਾਲਾਂਕਿ ਜਦੋਂ ਉਨ੍ਹਾਂ ਤੋਂ ਵਾਇਰਲ ਵੀਡੀਓ ਵਿੱਚ ਦਿਖ ਰਹੇ ਵਿਅਕਤੀਆਂ ਦੀ ਪਛਾਣ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਇਹ ਚੁੱਪੀ ਵੀ ਪੁਲਿਸ ਦੀ ਕਾਰਗੁਜ਼ਾਰੀ ’ਤੇ ਹੋਰ ਸਵਾਲ ਖੜ੍ਹੇ ਕਰਦੀ ਹੈ। ਸਵਾਲ ਇਹ ਹੈ ਕਿ ਜਦੋਂ ਹਰ ਰੋਜ਼ ਨਸ਼ੇ ਨਾਲ ਜੁੜੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਤਾਂ ਕੀ ਪੁਲਿਸ ਦੀ ਖੁਫੀਆ ਪ੍ਰਣਾਲੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ? ਕੀ ਪੁਲਿਸ ਸਿਰਫ਼ ਦਾਅਵਿਆਂ ਤੇ ਬਿਆਨਬਾਜ਼ੀ ਤਕ ਹੀ ਸੀਮਤ ਰਹਿ ਗਈ ਹੈ? ਬੀੜ ਤਲਾਬ ਦਾ ਇਹ ਮਾਮਲਾ ਸਾਫ਼ ਦਰਸਾਉਂਦਾ ਹੈ ਕਿ ਨਸ਼ਾ ਤਸਕਰ ਕਾਨੂੰਨ ਤੋਂ ਬੇਖ਼ੌਫ਼ ਹਨ ਤੇ ਪੁਲਿਸ ਦੀ ਮੌਜੂਦਗੀ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਜੇਕਰ ਸਮੇਂ ਸਿਰ ਸਖ਼ਤ ਅਤੇ ਨਿਰਪੱਖ ਕਾਰਵਾਈ ਨਾ ਕੀਤੀ ਗਈ ਤਾਂ ਬੀੜ ਤਲਾਬ ਵਰਗੇ ਇਲਾਕੇ ਨਸ਼ੇ ਦੇ ਗੜ੍ਹ ਬਣਦੇ ਜਾਣਗੇ ਤੇ “ਨਸ਼ਾ ਰੋਕੋ” ਦੇ ਸਾਰੇ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਣਗੇ।