- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਦੇ ਬੀੜ ਤਲਾਬ ਇਲਾਕੇ ‘ਚ ਸਰੇਆਮ ਵਿਕ ਰਿਹੈ ਚਿੱਟਾ, ਵੀਡੀਓ ਵਾਇਰਲ

-ਬੱਚੇ ਨਸ਼ਿਆਂ ਦੀ ਦਲਦਲ ’ਚ ਫਸੇ, ਵਾਰ-ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਠੋਸ ਕਾਰਵਾਈ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਸੋ ਆਪ੍ਰੇਸ਼ਨ ਤੇ ਸਖ਼ਤ ਦਾਅਵਿਆਂ ਦੇ ਬਾਵਜੂਦ ਬਠਿੰਡਾ ਵਿਚ ਨਸ਼ੇ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਦੀ ਇਕ ਤਾਜ਼ਾ ਘਟਨਾ ਬਠਿੰਡਾ ਦੇ ਬੀੜ ਤਲਾਬ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਚਿੱਟੇ (ਹੈਰੋਇਨ) ਦੀ ਖੁੱਲ੍ਹੇਆਮ ਵਿਕਰੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਤੇ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵਾਇਰਲ ਵੀਡੀਓ ’ਚ ਸਾਫ਼ ਦਿਸ ਰਿਹਾ ਹੈ ਕਿ ਇਕ ਵਿਅਕਤੀ ਬੀੜ ਤਲਾਬ ਖੇਤਰ ’ਚ ਸ਼ਰੇਆਮ ਚਿੱਟੇ ਦੀਆਂ ਪੁੜੀਆਂ ਵੰਡਦਾ ਤੇ ਵੇਚਦਾ ਨਜ਼ਰ ਆ ਰਿਹਾ ਹੈ।
ਇਸ ਸਬੰਧੀ ਲੋਕਾਂ ਨੇ ਕਿਹਾ ਕਿ ਇੱਥੇ ਚਿੱਟਾ ਇਸ ਤਰ੍ਹਾਂ ਵੇਚਿਆ ਜਾ ਰਿਹਾ ਹੈ ਜਿਵੇਂ ਕੋਈ ਆਮ ਸਾਮਾਨ ਜਾਂ ਪਤਾਸ਼ੇ ਵੇਚੇ ਜਾ ਰਹੇ ਹੋਣ। ਇਸ ਵੀਡੀਓ ਨਾਲ ਇਲਾਕੇ ’ਚ ਦਹਿਸ਼ਤ ਤੇ ਰੋਸ ਦਾ ਮਾਹੌਲ ਪੈਦਾ ਹੋ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ ਕਾਸੋ ਆਪ੍ਰੇਸ਼ਨ ਚਲਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਤੇ ਸਮੇਂ-ਸਮੇਂ ’ਤੇ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਤੇ ਪਾਬੰਦੀਸ਼ੁਦਾ ਚੀਜ਼ਾਂ ਦੀ ਬਰਾਮਦਗੀ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਪਰ ਫਿਰ ਵੀ ਬੀੜ ਤਲਾਬ ਵਰਗੇ ਸੰਵੇਦਨਸ਼ੀਲ ਇਲਾਕਿਆਂ ’ਚ ਨਸ਼ੇ ਦਾ ਕਾਰੋਬਾਰ ਬੇਰੋਕ-ਟੋਕ ਜਾਰੀ ਹੈ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਪੁਲਿਸ ਦੀ ਕਾਰਵਾਈ ਜ਼ਮੀਨੀ ਤੌਰ ‘ਤੇ ਕਿੰਨੀ ਪ੍ਰਭਾਵਸ਼ਾਲੀ ਹੈ। ਸਥਾਨਕ ਵਾਸੀਆਂ ਨੇ ਕਿਹਾ ਕਿ ਬੀੜ ਤਲਾਬ ਇਲਾਕੇ ’ਚ ਨਸ਼ਾ ਵੇਚਣ ਵਾਲੇ ਤਸਕਰ ਬੇਖੌਫ਼ ਹੋ ਕੇ ਆਪਣਾ ਧੰਦਾ ਚਲਾ ਰਹੇ ਹਨ ਅਤੇ ਨਸ਼ੇ ਦੀ ਵਜ੍ਹਾ ਨਾਲ ਇਲਾਕੇ ਦੇ ਨੌਜਵਾਨਾਂ ਦਾ ਭਵਿੱਖ ਬਰਬਾਦ ਹੋ ਰਿਹਾ ਹੈ। ਕਈ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨਸ਼ਿਆਂ ਦੀ ਗ੍ਰਿਫਤ ’ਚ ਆ ਚੁੱਕੇ ਹਨ, ਪਰ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਮਾਜਿਕ ਸੰਗਠਨਾਂ ਤੇ ਜਾਗਰੂਕ ਨਾਗਰਿਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿਰਫ਼ ਕਾਸੋ ਆਪ੍ਰੇਸ਼ਨ ਚਲਾਉਣ ਜਾਂ ਛੋਟੇ ਪੱਧਰ ਦੇ ਨਸ਼ਾ ਕਰਨ ਵਾਲਿਆਂ ਨੂੰ ਫੜਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਜਦ ਤੱਕ ਵੱਡੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਿਆ ਨਹੀਂ ਜਾਵੇਗਾ ਅਜਿਹੇ ਹਾਲਾਤ ਬਣੇ ਰਹਿਣਗੇ।
ਸੂਤਰਾਂ ਅਨੁਸਾਰ ਬੀੜ ਤਲਾਬ ਇਲਾਕੇ ਵਿਚ ਨਸ਼ਾ ਵੇਚਣ ਵਾਲਿਆਂ ਦੇ ਟਿਕਾਣੇ ਪਹਿਲਾਂ ਵੀ ਪੁਲਿਸ ਦੀ ਰਡਾਰ ‘ਤੇ ਰਹੇ ਹਨ ਪਰ ਇਹ ਕਾਰਵਾਈ ਜਾਂ ਤਾਂ ਅਸਥਾਈ ਸਾਬਤ ਹੁੰਦੀ ਹੈ ਜਾਂ ਕੁਝ ਸਮੇਂ ਬਾਅਦ ਸਥਿਤੀ ਆਮ ਵਾਂਗ ਹੋ ਜਾਂਦੀ ਹੈ। ਵੀਡੀਓ ਵਿਚ ਪਾਬੰਦੀਸ਼ੁਦਾ ਪਦਾਰਥਾਂ ਦੇ ਪੈਕੇਟ ਵੰਡਦੇ ਹੋਏ ਦਿਖਾਈ ਦੇਣ ਵਾਲੇ ਵਿਅਕਤੀ ਦੀ ਪਛਾਣ ਅਤੇ ਗ੍ਰਿਫ਼ਤਾਰੀ ਬਾਰੇ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਵਾਇਰਲ ਵੀਡੀਓ ਦੇ ਆਧਾਰ 'ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਪੂਰੇ ਡਰੱਗ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਬੀੜ ਤਾਲਾਬ ਖੇਤਰ ’ਚ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਰੋਕਣ ਲਈ ਇਕ ਸਥਾਈ ਪੁਲਿਸ ਚੌਕੀ ਜਾਂ ਲਗਾਤਾਰ ਨਿਗਰਾਨੀ ਦੀ ਵਿਵਸਥਾ ਕੀਤੀ ਜਾਵੇ। ਨਸ਼ਿਆਂ ਵਿਰੁੱਧ ਜੰਗ ਤਾਂ ਹੀ ਸਫਲ ਹੋ ਸਕਦੀ ਹੈ ਜਦੋਂ ਪ੍ਰਸ਼ਾਸਨ, ਪੁਲਿਸ ਅਤੇ ਸਮਾਜ ਮਿਲ ਕੇ ਇਮਾਨਦਾਰੀ ਨਾਲ ਕੰਮ ਕਰਨ। ਬੀੜ ਤਾਲਾਬ ਵਿਚ ਇਹ ਮਾਮਲਾ ਇਕ ਵਾਰ ਫਿਰ ਸਾਬਤ ਕਰਦਾ ਹੈ ਕਿ ਨਸ਼ਿਆਂ ਦੀ ਦੁਰਵਰਤੋਂ ਦੀ ਬੁਰਾਈ ਨੂੰ ਸਿਰਫ਼ ਦਾਅਵਿਆਂ ਨਾਲ ਨਹੀਂ, ਸਗੋਂ ਸਖ਼ਤ ਤੇ ਨਿਰੰਤਰ ਕਾਰਵਾਈ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।