- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰ ਹਾਊਸ ਰੋਡ ਬੀਡੀਏ ਮਾਰਕਿਟ ਵਿਖੇ ਕਬਜ਼ੇ ਹਟਾਉਣ ਲਈ ਪਹੁੰਚੀ ਟੀਮ, ਦੁਕਾਨਦਾਰਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

-ਗਲਿਆਰੇ ਤੋਂ ਕਬਜ਼ੇ ਹਟਾਉਣ ’ਤੇ ਭੜਕੇ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ, ਕਾਰਵਾਈ ਸਭ ’ਤੇ ਇਕਸਾਰ ਹੋਵੇ
15) ਬੀਡੀਏ ਮਾਰਕੀਟ ’ਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਜੇਸੀਬੀ ਨਾਲ ਹਟਾਉਣ ਸਮੇਂ ਬੀਡੀਏ ਟੀਮ।
16) ਬੀਡੀਏ ਮਾਰਕੀਟ ’ਚ ਬੀਡੀਏ ਟੀਮ ਵੱਲੋਂ ਕੀਤੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਦੁਕਾਨਦਾਰ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸਥਾਨਕ ਸ਼ਹਿਰ ਦੇ ਪਾਵਰ ਹਾਊਸ ਰੋਡ 'ਤੇ 100 ਫੁੱਟੀ ਰੋਡ ਦੇ ਚੌਰਾਹੇ 'ਤੇ ਸਥਿਤ ਬੀਡੀਏ ਮਾਰਕੀਟ ਦਾ ਮਾਹੌਲ ਸੋਮਵਾਰ ਨੂੰ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਬੀਡੀਏ ਟੀਮ ਨੇ ਮਾਰਕੀਟ ਦੇ ਪਿੱਛੇ ਗਲਿਆਰੇ ਵਿਚ ਕੀਤੇ ਨਜਾਇਜ਼ ਕਬਜ਼ੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੀਡੀਏ ਦੀ ਟੀਮ ਵੱਡੀ ਫੋਰਸ ਦੇ ਨਾਲ ਮੌਕੇ ‘ਤੇ ਪਹੁੰਚੀ ਅਤੇ ਜਿਵੇਂ ਹੀ ਨਾਜਾਇਜ਼ ਉਸਾਰੀਆਂ ਨੂੰ ਹਟਾਉਣਾ ਸ਼ੁਰੂ ਕੀਤਾ ਗਿਆ। ਦੁਕਾਨਦਾਰਾਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਨੋਟਿਸ ਜ਼ਰੂਰ ਦਿੱਤਾ ਗਿਆ ਸੀ ਪਰ ਕਾਰਵਾਈ ਅਚਾਨਕ ਕੀਤੀ ਗਈ। ਉਨ੍ਹਾਂ ਨੇ ਕੁਝ ਸਮਾਂ ਹੋਰ ਦੇਣ ਦੀ ਮੰਗ ਕੀਤੀ, ਪਰ ਬੀਡੀਏ ਅਧਿਕਾਰੀਆਂ ਨੇ ਦੁਕਾਨਦਾਰਾਂ ਦੀ ਗੱਲ ਨਾ ਸੁਣਦੇ ਹੋਏ ਕਾਰਵਾਈ ਜਾਰੀ ਰੱਖੀ।
ਬੀਡੀਏ ਟੀਮ ਵੱਲੋਂ ਕੁਝ ਦੁਕਾਨਾਂ ਦੇ ਪਿੱਛੇ ਗਲਿਆਰੇ ਵਿਚ ਕੀਤੇ ਕਬਜ਼ੇ ਹਟਾ ਦਿੱਤੇ ਗਏ। ਇਸ ਉਪਰੰਤ ਗੁੱਸੇ ਵਿਚ ਆਏ ਦੁਕਾਨਦਾਰਾਂ ਨੇ ਬੀਡੀਏ ਵਿਰੁੱਧ ਰੋਸ ਜ਼ਾਹਿਰ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਾਰਵਾਈ ਸਾਰਿਆਂ ਵਿਰੁੱਧ ਇਕਸਾਰ ਹੋਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਬੀਡੀਏ ਦੀ ਕਾਰਵਾਈ ਇਕਤਰਫ਼ਾ ਹੈ ਅਤੇ ਸਿਰਫ਼ ਕੁਝ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਪੂਰੇ ਗਲਿਆਰੇ ਵਿਚ ਕਬਜ਼ੇ ਮੌਜੂਦ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਾਰਵਾਈ ਕਰਨੀ ਹੈ ਤਾਂ ਸਾਰਿਆਂ ‘ਤੇ ਬਰਾਬਰ ਤਰੀਕੇ ਨਾਲ ਹੋਵੇ, ਇਕ ਜਾਂ ਦੋ ਖ਼ਿਲਾਫ਼ ਚੋਣਵੀਂ ਕਾਰਵਾਈ ਗਲਤ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਭਵਿੱਖ ਵਿਚ ਵੀ ਅਜਿਹੀ ਪੱਖਪਾਤੀ ਕਾਰਵਾਈ ਕੀਤੀ ਗਈ ਤਾਂ ਉਹ ਵੱਡਾ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟਣਗੇ
ਦੁਕਾਨਦਾਰਾਂ ਨੇ ਬੀਡੀਏ ‘ਤੇ ਇਹ ਵੀ ਦੋਸ਼ ਲਗਾਇਆ ਕਿ ਮਾਰਕੀਟ ਦੇ ਪਿੱਛੇ ਬਣੇ ਗਲਿਆਰੇ ਵਿਚ ਨਾ ਤਾਂ ਸੁਰੱਖਿਆ ਦੀ ਉੱਚਿਤ ਵਿਵਸਥਾ ਹੈ ਅਤੇ ਨਾ ਹੀ ਨਿਯਮਿਤ ਸਫਾਈ ਹੁੰਦੀ ਹੈ। ਦੁਕਾਨਦਾਰ ਹਰਮਨ ਬਾਘਲਾ ਨੇ ਕਿਹਾ ਕਿ ਇਲਾਕੇ ਵਿਚ ਅਕਸਰ ਚੋਰੀਆਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬੀਡੀਏ ਸੁਰੱਖਿਆ ਤੇ ਸਫਾਈ ਮੁਹੱਈਆ ਨਹੀਂ ਕਰ ਸਕਦਾ ਤਾਂ ਲੋਕ ਮਜਬੂਰੀਵਸ਼ ਕਦਮ ਚੁੱਕਦੇ ਹਨ ਤੇ ਸਿਰਫ਼ ਤੋੜ-ਫੋੜ ਹੀ ਹੱਲ ਨਹੀਂ ਹੈ। ਦੂਜੇ ਪਾਸੇ ਬੀਡੀਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲਿਆਰਾ ਸਰਕਾਰੀ ਜ਼ਮੀਨ ਹੈ ਤੇ ਉੱਥੇ ਕੀਤੀਆਂ ਸਾਰੀਆਂ ਉਸਾਰੀਆਂ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਕਿਸੇ ਇਕ ਵਿਅਕਤੀ ਜਾਂ ਦੁਕਾਨ ਵਿਰੁੱਧ ਨਹੀਂ ਹੈ, ਸਗੋਂ ਹਰ ਜਗ੍ਹਾ ਇਕਸਾਰ ਤਰੀਕੇ ਨਾਲ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਇਹ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਮਾਰਕੀਟ ਦੇ ਪਿੱਛੇ ਪੂਰੇ ਗਲਿਆਰੇ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧ ਦੇ ਬਾਵਜੂਦ ਕਾਨੂੰਨ ਅਨੁਸਾਰ ਕਾਰਵਾਈ ਜਾਰੀ ਰਹੇਗੀ।
-ਬਾਕਸ
-ਪਾਰਕਿੰਗ ਥਾਵਾਂ ’ਤੇ ਵੀ ਕੀਤਾ ਗਿਆ ਨਾਜਾਇਜ਼ ਕਬਜ਼ਾ
ਗਲਿਆਰੇ ਵਿਚ ਕਬਜ਼ੇ ਇਸ ਹੱਦ ਤੱਕ ਵੱਧ ਚੁੱਕੇ ਹਨ ਕਿ ਕਈ ਦੁਕਾਨਦਾਰਾਂ ਨੇ ਇੱਟਾਂ ਦੀਆਂ ਪੱਕੀਆਂ ਕੰਧਾਂ ਤਿਆਰ ਕੀਤੀਆਂ ਹੋਈਆਂ ਹਨ, ਜਦਕਿ ਕੁਝ ਦੁਕਾਨਦਾਰਾਂ ਨੇ ਲੋਹੇ ਦੇ ਗੇਟ ਵੀ ਲਗਾਏ ਹੋਏ ਹਨ। ਇਸ ਤੋਂ ਇਲਾਵਾ ਪਾਰਕਿੰਗ ਲਈ ਨਿਰਧਾਰਤ ਥਾਵਾਂ ‘ਤੇ ਜਨਰੇਟਰ ਰੱਖੇ ਗਏ ਹਨ, ਜਿਸ ਨਾਲ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਗੱਲਬਾਤ ਰਾਹੀਂ ਮਸਲੇ ਦਾ ਹੱਲ ਲੱਭਦਾ ਤਾਂ ਸਥਿਤੀ ਇੰਨੀ ਨਾ ਵਿਗੜਦੀ। ਮਾਮਲਾ ਹੁਣ ਸਿਰਫ਼ ਕਬਜ਼ਿਆਂ ਤਕ ਸੀਮਿਤ ਨਹੀਂ ਰਿਹਾ, ਸਗੋਂ ਪ੍ਰਸ਼ਾਸਕੀ ਲਾਪਰਵਾਹੀ, ਸੁਰੱਖਿਆ ਪ੍ਰਬੰਧਾਂ ਅਤੇ ਇਕਸਾਰ ਕਾਨੂੰਨੀ ਕਾਰਵਾਈ ਵਰਗੇ ਮਹੱਤਵਪੂਰਨ ਸਵਾਲ ਵੀ ਖੜ੍ਹੇ ਕਰ ਰਿਹਾ ਹੈ।