- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਲੱਗਣਗੇ 150 ਤੋਂ ਵੱਧ ਹਾਈਟੈੱਕ ਕੈਮਰੇ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ’ਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਤੇ ਹਰ ਸਰਗਰਮੀ ‘ਤੇ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਧੁਨਿਕ ਸਰਵਿਲਾਂਸ ਸਿਸਟਮ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਸ਼ਹਿਰ ਦੇ 30 ਪ੍ਰਮੁੱਖ ਚੌਰਾਹਿਆਂ, ਭੀੜ-ਭਾੜ ਵਾਲੇ ਬਾਜ਼ਾਰਾਂ, ਸੰਵੇਦਨਸ਼ੀਲ ਇਲਾਕਿਆਂ ਤੇ ਸੜਕਾਂ ‘ਤੇ ਹਾਈ-ਰੈਜ਼ੋਲੂਸ਼ਨ ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ (ਏਐਨਪੀਆਰ) ਅਤੇ ਹਾਈ-ਡੈਫਿਨੀਸ਼ਨ (ਐੱਚਡੀ) ਸੀਸੀਟੀਵੀ ਲਗਾਏ ਜਾਣਗੇ। ਇਸ ਪ੍ਰੋਜੈਕਟ ‘ਤੇ ਕੁੱਲ 83 ਲੱਖ ਰੁਪਏ ਦੀ ਲਾਗਤ ਆਏਗੀ, ਜਿਸਨੂੰ ਡਿਸਟ੍ਰਿਕਟ ਮਿਨਰਲ ਫੰਡ ਅਧੀਨ ਮਨਜ਼ੂਰੀ ਦਿੱਤੀ ਹੈ। ਯੋਜਨਾ ਅਨੁਸਾਰ ਕੁੱਲ 153 ਸਰਵਿਲਾਂਸ ਕੈਮਰੇ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਵਿੱਚ 45 ਏਐੱਨਪੀਆਰ ਕੈਮਰੇ ਤੇ 108 ਐੱਚਡੀ ਸੀਸੀਟੀਵੀ ਕੈਮਰੇ ਸ਼ਾਮਲ ਹਨ। ਇਹ ਕੈਮਰੇ ਆਧੁਨਿਕ ਸਾਫਟਵੇਅਰ ਨਾਲ ਲੈਸ ਹੋਣਗੇ ਅਤੇ ਰਾਤ ਦੇ ਸਮੇਂ ਵੀ ਉੱਚ ਗੁਣਵੱਤਾ ਵਾਲੀ ਰਿਕਾਰਡਿੰਗ ਕਰਨ ਸਮਰੱਥ ਹੋਣਗੇ। ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਕਿ ਫਿਲਹਾਲ ਇਨ੍ਹਾਂ ਕੈਮਰਿਆਂ ਦਾ ਇਸਤੇਮਾਲ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਾਲਾਨ ਕੱਟਣ ਲਈ ਨਹੀਂ ਕੀਤਾ ਜਾਵੇਗਾ। ਇਨ੍ਹਾਂ ਦਾ ਮੁੱਖ ਉਦੇਸ਼ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣਾ ਤੇ ਅਪਰਾਧਕ ਸਰਗਰਮੀਆਂ ’ਤੇ ਨਿਗਰਾਨੀ ਕਰਨਾ ਹੈ। ਆਮ ਸੀਸੀਟੀਵੀ ਕੈਮਰਿਆਂ ਦੇ ਮੁਕਾਬਲੇ ਏਐੱਨਪੀਆਰ ਕੈਮਰੇ ਵਧੇਰੇ ਉੱਨਤ ਹਨ, ਕਿਉਂਕਿ ਇਹ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਨੂੰ ਆਪਣੇ ਆਪ ਪਛਾਣ ਕੇ ਰਿਕਾਰਡ ਕਰ ਸਕਦੇ ਹਨ, ਜਿਸ ਨਾਲ ਸ਼ੱਕੀ ਵਾਹਨਾਂ ਦੀ ਪਛਾਣ ਆਸਾਨ ਹੋਵੇਗੀ। ਸ਼ਹਿਰ ਭਰ ’ਚ ਲੱਗੇ ਕੈਮਰਿਆਂ ਤੋਂ ਮਿਲਣ ਵਾਲੀ ਲਾਈਵ ਫੀਡ ਇਕ ਖ਼ਾਸ ਕੰਟਰੋਲ ਰੂਮ ਵਿੱਚ ਮਾਨੀਟਰ ਕੀਤੀ ਜਾਵੇਗੀ। ਇਸ ਲਈ ਇਕ ਸਮਰਪਿਤ ਟੀਮ ਤੈਨਾਤ ਕੀਤੀ ਜਾਵੇਗੀ ਜੋ ਆਧੁਨਿਕ ਸਾਫਟਵੇਅਰ ਦੀ ਮਦਦ ਨਾਲ ਫੁਟੇਜ ਦਾ ਵਿਸ਼ਲੇਸ਼ਣ ਕਰੇਗੀ। ਇਸ ਪ੍ਰਣਾਲੀ ਰਾਹੀਂ ਵਾਹਨ ਮਾਲਕ ਦਾ ਨਾਮ, ਪਤਾ ਤੇ ਸੰਪਰਕ ਵੇਰਵਾ ਵੀ ਪ੍ਰਾਪਤ ਕੀਤਾ ਜਾ ਸਕੇਗਾ, ਜਿਸ ਨਾਲ ਜਾਂਚ ਪ੍ਰਕਿਰਿਆ ਤੇਜ਼ ਤੇ ਪ੍ਰਭਾਵਸ਼ਾਲੀ ਬਣੇਗੀ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਇਹ ਕੈਮਰੇ ਅਪਰਾਧ ਰੋਕਥਾਮ, ਸ਼ੱਕੀ ਸਰਗਰਮੀਆਂ ‘ਤੇ ਨਿਗਰਾਨੀ ਅਤੇ ਜਾਂਚ ਕਾਰਵਾਈ ਵਿੱਚ ਬਹੁਤ ਮਦਦਗਾਰ ਸਾਬਤ ਹੋਣਗੇ। ਕਿਸੇ ਵੀ ਘਟਨਾ ਦੀ ਸਥਿਤੀ ’ਚ ਫੁਟੇਜ ਰਾਹੀਂ ਦੋਸ਼ੀਆਂ ਤੇ ਵਾਹਨਾਂ ਦੀ ਪਛਾਣ ਤੇਜ਼ੀ ਨਾਲ ਕੀਤੀ ਜਾ ਸਕੇਗੀ। ਡੀਸੀ ਧੀਮਾਨ ਨੇ ਦੱਸਿਆ ਕਿ ਐਸਐਸਪੀ ਦਫ਼ਤਰ ਦੀ ਮੰਗ ‘ਤੇ 83 ਲੱਖ ਰੁਪਏ ਦੀ ਰਕਮ ਮਨਜ਼ੂਰ ਕੀਤੀ ਹੈ। ਇਹ ਪ੍ਰੋਜੈਕਟ ਬਠਿੰਡਾ ਨੂੰ ਸਮਾਰਟ ਤੇ ਸੁਰੱਖਿਅਤ ਸ਼ਹਿਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਡਿਜ਼ੀਟਲ ਸੁਰੱਖਿਆ ਪ੍ਰਣਾਲੀ ਤਲਵੰਡੀ ਸਾਬੋ ਵਿੱਚ ਵੀ ਲਾਗੂ ਕਰਨ ਦੀ ਯੋਜਨਾ ਹੈ, ਜਿਸਨੂੰ ਹਾਲ ਹੀ ਵਿਚ ਰਾਜ ਸਰਕਾਰ ਵੱਲੋਂ ਹੋਲੀ ਸਿਟੀ ਦਾ ਦਰਜਾ ਦਿੱਤਾ ਗਿਆ ਹੈ। ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਹਾਈ-ਟੈਕ ਸਰਵੇਲਾਂਸ ਸਿਸਟਮ ਨਾਲ ਨਾ ਸਿਰਫ਼ ਅਪਰਾਧਾਂ ‘ਤੇ ਅੰਕੁਸ਼ ਲੱਗੇਗਾ, ਸਗੋਂ ਆਮ ਲੋਕਾਂ ’ਚ ਵੀ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇਗੀ।