- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਪੀਐਲਟੀ 20 ਦਾ ਚੌਥਾ ਪੜਾਅ: 16 ਵਾਰਡਾਂ ਦੀਆਂ ਟੀਮਾਂ ਹੋਈਆਂ ਆਹਮੋ-ਸਾਹਮਣੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪਹਿਲ ‘ਤੇ ਸ਼ੁਰੂ ਕੀਤੀ ਗਈ ਇਤਿਹਾਸਕ ਬਠਿੰਡਾ ਪ੍ਰੀਮੀਅਰ ਲੀਗ (ਬੀਪੀਐਲ ਟੀ-20) ਦਾ ਚੌਥਾ ਪੜਾਅ ਸ਼ਹਿਰ ਦੇ ਵੱਖ-ਵੱਖ ਕ੍ਰਿਕਟ ਮੈਦਾਨਾਂ ਵਿੱਚ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਇਸ ਪੜਾਅ ਵਿੱਚ 16 ਵਾਰਡਾਂ ਦੀਆਂ ਟੀਮਾਂ ਮੈਦਾਨ ਵਿੱਚ ਉਤਰੀਆਂ ਅਤੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਅੱਠ ਵਾਰਡਾਂ ਦੀਆਂ ਟੀਮਾਂ ਜੇਤੂ ਰਹੀਆਂ।
ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਸਾਰੀਆਂ ਟੀਮਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। 7 ਮਾਰਚ ਨੂੰ ਖੇਡੇ ਗਏ ਮੈਚਾਂ ਵਿੱਚ ਵਾਰਡ ਨੰਬਰ 11 ਦੀ ਬਡਿਆਲ ਹਸਪਤਾਲ ਟੀਮ ਨੇ 20 ਓਵਰਾਂ ਵਿੱਚ 239 ਦੌੜਾਂ ਬਣਾਈਆਂ, ਜਦਕਿ ਵਾਰਡ ਨੰਬਰ 13 ਦੀ ਜਿੰਦਲ ਹਾਰਟ ਹਸਪਤਾਲ ਟੀਮ 209 ਦੌੜਾਂ ‘ਤੇ ਆਊਟ ਹੋ ਗਈ। ਇਸ ਤਰ੍ਹਾਂ ਬਡਿਆਲ ਹਸਪਤਾਲ ਦੀ ਟੀਮ ਨੇ 30 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 14 ਦੀ ਦੇਵਰਾਨ ਡਿਵੈਲਪਰਜ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 300 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਵਾਰਡ ਨੰਬਰ 34 ਦੀ ਨਾਗਪਾਲ ਰੋਬੋਟਿਕਸ ਟੀਮ 266 ਦੌੜਾਂ ਹੀ ਬਣਾ ਸਕੀ ਤੇ ਦੇਵਰਾਨ ਡਿਵੈਲਪਰਜ਼ ਨੇ 34 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 33 ਦੀ ਪੇਟਲ ਕ੍ਰਿਏਸ਼ਨਜ਼ ਟੀਮ ਨੇ ਵਾਰਡ-12 ਦੀ ਰਵਿੰਦਰਾ ਡੀਜੇ ਟੀਮ ਲਈ 168 ਦੌੜਾਂ ਦਾ ਟੀਚਾ ਰੱਖਿਆ, ਜਿਸ ਨੂੰ ਰਵਿੰਦਰਾ ਡੀਜੇ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 169 ਦੌੜਾਂ ਬਣਾ ਕੇ 8 ਵਿਕਟਾਂ ਨਾਲ ਹਾਸਲ ਕਰ ਲਿਆ। ਵਾਰਡ-36 ਦੀ ਪਾਰਕ ਪਨੋਰਮਾ ਟੀਮ ਵੱਲੋਂ ਦਿੱਤੇ ਗਏ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵਾਰਡ ਨੰਬਰ 7 ਦੀ ਬੀਸੀਐਲ ਇੰਡਸਟਰੀਜ਼ ਟੀਮ ਨੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਵਾਰਡ ਨੰਬਰ 44 ਦੀ ਵਿਜੇ ਕੰਸਟ੍ਰੱਕਸ਼ਨ ਟੀਮ ਵੱਲੋਂ ਦਿੱਤੇ ਗਏ 203 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵਾਰਡ-5 ਦੀ ਡ੍ਰੀਮ ਹਾਈਟਸ ਟੀਮ ਨੇ 8 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ। ਇੱਕ ਹੋਰ ਮੈਚ ਵਿੱਚ ਵਾਰਡ ਨੰਬਰ 6 ਦੀ ਬਾਬਾ ਜੇਸੀਬੀ ਟੀਮ ਨੇ ਵਾਰਡ ਨੰਬਰ 35 ਦੀ ਓਮਕਾਰ ਸਾੜੀ ਸੈਂਟਰ ਟੀਮ ਵੱਲੋਂ ਨਿਰਧਾਰਤ 242 ਦੌੜਾਂ ਦਾ ਪਿੱਛਾ ਕਰਦੇ ਹੋਏ 7 ਵਿਕਟਾਂ ਨਾਲ ਮੈਚ ਜਿੱਤ ਲਿਆ। ਵਾਰਡ ਨੰਬਰ 4 ਦੀ ਅਮੋਹਾ ਗਰੁੱਪ ਟੀਮ ਨੇ 178 ਦੌੜਾਂ ਬਣਾਈਆਂ, ਜਦਕਿ ਵਾਰਡ ਨੰਬਰ 39 ਦੀ ਵਿਕਾਸ ਐਂਡ ਕੰਪਨੀ ਟੀਮ 164 ਦੌੜਾਂ ਹੀ ਬਣਾ ਸਕੀ ਅਤੇ ਅਮੋਹਾ ਗਰੁੱਪ ਨੇ 14 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਰਡ ਨੰਬਰ 3 ਦੀ ਐਮਜੀ ਹਸਪਤਾਲ ਟੀਮ ਨੇ ਵਾਰਡ ਨੰਬਰ 32 ਦੀ ਹੋਟਲ ਮੈਪਲ ਲੀਫ ਟੀਮ ਵੱਲੋਂ ਦਿੱਤੇ ਗਏ 112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 9 ਵਿਕਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬੀਪੀਐਲ ਟੀ-20 ਦੇ ਮੈਚ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਖੇਡੇ ਜਾ ਰਹੇ ਹਨ, ਜਿਨ੍ਹਾਂ ਵਿਚ ਬਠਿੰਡਾ ਸ਼ਹਿਰ ਦੇ ਸਾਰੇ 50 ਵਾਰਡ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਵਿਚ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿਚ ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ।